ਲੁਧਿਆਣਾ – ਵੱਖ ਵੱਖ ਦੇਸ਼ਾਂ ਆਸਟਰੇਲੀਆ, ਨਿਊਜ਼ੀਲੈਂਡ, ਆਇਰਲੈਂਡ, ਯੂ.ਕੇ. ਅਤੇ ਬ੍ਰਾਜੀਲ ਤੋਂ ਆਏ 10 ਮੈਂਬਰੀ ਵਫ਼ਦ ਨੇ ਅੱਜ ਪੀਏਯੂ ਦੌਰਾ ਕੀਤਾ। ਅਪਰ ਨਿਰਦੇਸ਼ਕ ਖੋਜ (ਫ਼ਸਲ ਸੁਧਾਰ) ਡਾ. ਸਰਬਜੀਤ ਸਿੰਘ ਪੀਏਯੂ ਨੇ ਵਫ਼ਦ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਉਂਦਿਆਂ ਹੋਇਆਂ ਯੂਨੀਵਰਸਿਟੀ ਦੁਆਰਾ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਪਰਸਾਰ ਸੇਵਾਵਾਂ, ਬੀਜ ਉਤਪਾਦਨ, ਖੇਤ ਮਸ਼ੀਨਰੀ, ਕਿਸਾਨ ਮੇਲਿਆਂ, ਸਹਾਇਕ ਧੰਦਿਆਂ, ਫ਼ਸਲਾਂ ਦੀਆਂ ਕਿਸਮਾਂ, ਤੁਪਕਾ ਸਿੰਚਾਈ ਪ੍ਰਣਾਲੀ, ਖਾਦਾਂ ਅਤੇ ਅਧਿਆਪਨ ਸੇਵਾਵਾਂ ਬਾਰੇ ਪੇਸ਼ਕਾਰੀ ਦਿ¤ਤੀ । ਵਫ਼ਦ ਨਾਲ ਵਿਚਾਰ ਵਟਾਂਦਰਾ ਕਰਦਿਆਂ ਹੋਇਆਂ ਉਘੇ ਵਿਗਿਆਨੀ ਡਾ. ਐਸ. ਐਸ. ਬਾਂਗਾ ਨੇ ਵਫ਼ਦ ਦੇ ਸਵਾਲਾਂ ਦੇ ਜਵਾਬ ਬਾਖੂਬੀ ਢੰਗ ਨਾਲ ਦਿੱਤੇ ਜਿਸ ਸਦਕਾ ਵਫ਼ਦ ਦੇ ਮੈਂਬਰਾਂ ਨੇ ਯੂਨੀਵਰਸਿਟੀ ਦੀਆਂ ਖੋਜਾਂ, ਪਸਾਰ ਸੇਵਾਵਾਂ ਅਤੇ ਚੁਣੌਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ । ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਖੇਤੀ ਦੀਆਂ ਸਮੱਸਿਆਵਾਂ ਜਿਵੇਂ ਮੌਸਮੀ ਬਦਲਾਅ ਦੇ ਕਾਰਨ ਵੱਧ ਰਹੇ ਤਾਪਮਾਨ ਅਤੇ ਡਿੱਗ ਰਹੇ ਪਾਣੀ ਦੇ ਪੱਧਰ ਵਰਗੇ ਗੰਭੀਰ ਮੁੱਦਿਆਂ ਬਾਰੇ ਚਿੰਤਾ ਪ੍ਰਗਟਾਈ । ਵਿਗਿਆਨੀ ਡਾ. ਸੁਰਿੰਦਰ ਸੰਧੂ ਨੇ ਆਏ ਹੋਏ ਵਫ਼ਦ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਵਾਗਤ ਕੀਤਾ । ਵਫ਼ਦ ਨੂੰ ਫ਼ਸਲ ਮਿਊਜ਼ੀਅਮ, ਮਿੱਟੀ ਪਰਖ ਲੈਬ ਅਤੇ ਪੰਜਾਬ ਦੀ ਪੁਰਾਤਨ ਪੇਂਡੂ ਸਭਿਅਤਾ ਨਾਲ ਸੰਬੰਧਤ ਮਿਊਜੀਅਮ ਦਾ ਦੌਰਾ ਵੀ ਕਰਵਾਇਆ ਗਿਆ। ਵਫ਼ਦ ਦੀ ਪ੍ਰਤੀਨਿਧੀ ਰਿਬੈਕਾ ਹਾਇਡ ਨੇ ਯੂਨੀਵਰਸਿਟੀ ਅਧਿਕਾਰੀਆਂ ਦਾ ਦੌਰੇ ਦਾ ਸਫ਼ਲ ਸੰਚਾਲਨ ਕਰਨ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ।
ਇਸ ਮੌਕੇ ਮੁੱਖੀ ਸਬਜ਼ੀ ਵਿਗਿਆਨ ਵਿਭਾਗ ਡਾ. ਅਜਮੇਰ ਸਿੰਘ ਢੱਟ, ਮੁਖੀ ਫ਼ਸਲ ਵਿਗਿਆਨ ਵਿਭਾਗ ਡਾ. ਮਾਨਵਇੰਦਰ ਸਿੰਘ ਗਿੱਲ ਅਤੇ ਬਰੀਡਿੰਗ ਵਿਭਾਗ ਦੀਆਂ ਵੱਖ-ਵੱਖ ਇਕਾਈਆਂ ਦੇ ਇੰਚਾਰਜ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।