ਨਵੀਂ ਦਿੱਲੀ : ਹਰਿਦੁਆਰ ਵਿਖੇ ਪਾਠ ਕਰਨ ਉਪਰੰਤ ਕਥਿਤ ਭੜਕਾਊ ਨਾਰੇਬਾਜ਼ੀ ਕਰਨ ਦੇ ਦੋਸ਼ ਕਰਕੇ ਦੇਸ਼ਦ੍ਰੋਹ ਦੇ ਕੇਸ ’ਚ ਨਾਮਜਦ ਹੋਏ ਭਾਈ ਜੋਗਾ ਸਿੰਘ ਨੂੰ ਜਮਾਨਤ ਮਿਲ ਗਈ ਹੈ। ਦਰਅਸਲ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਤਹਿਤ 14 ਮਈ ਨੂੰ ਸੰਸਾਰ ਭਰ ਦੀਆਂ ਸੰਗਤਾਂ ਵੱਲੋਂ ਜਪੁਜੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ ਸੀ। ਇਸੇ ਕੜੀ ਦੌਰਾਨ ਹਰਿ ਕੀ ਪੌੜੀ, ਹਰਿਦੁਆਰ ਵਿਖੇ ਪਾਠ ਕਰਨ ਉਪਰੰਤ ਕਥਿਤ ਭੜਕਾਊ ਨਾਰੇਬਾਜ਼ੀ ਕਰਨ ਵਾਲੇ ਭਾਈ ਜੋਗਾ ਸਿੰਘ ਨੂੰ ਹਰਿਦੁਆਰ ਪੁਲਿਸ ਨੇ ਧਾਰਾ 153 ਬੀ ਤਹਿਤ ਦੋਸ਼ੀ ਮੰਨਦੇ ਹੋਏ ਐਫ.ਆਈ.ਆਰ. ਨੰਬਰ 84/17 ਤਹਿਤ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਸੀ।
ਜਮਾਨਤ ਮਿਲਣ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਧੰਨਵਾਦ ਕਰਨ ਲਈ ਭਾਈ ਜੋਗਾ ਸਿੰਘ ਕਮੇਟੀ ਦਫ਼ਤਰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪੁੱਜੇ। ਜਿਥੇ ਜੀ.ਕੇ. ਨੇ ਭਾਈ ਜੋਗਾ ਸਿੰਘ ਨੂੰ ਸ਼ਾਲ ਅਤੇ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ। ਦਰਅਸਲ 16 ਮਈ ਨੂੰ ਜੀ.ਕੇ. ਨੇ ਸ੍ਰੋਮਣੀ ਕਮੇਟੀ ਪ੍ਰਧਾਨ ਪੋ੍ਰ. ਕ੍ਰਿਪਾਲ ਸਿੰਘ ਬੰਡੂਗਰ ਦੇ ਨਾਲ ਮਿਲ ਕੇ ਸਾਂਝੀ ਪ੍ਰੈਸ ਕਾਨਫਰੰਸ ਕਰਦੇ ਹੋਏ ਭਾਈ ਜੋਗਾ ਸਿੰਘ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕਰਦੇ ਹੋਏ ਰਿਹਾਈ ਲਈ ਕਮੇਟੀ ਵੱਲੋਂ ਕਾਨੂੰਨੀ ਟੀਮ ਹਰਿਦੁਆਰ ਭੇਜਣ ਦੀ ਜਾਣਕਾਰੀ ਦਿੱਤੀ ਸੀ। ਜਿਸ ਕਰਕੇ ਦਿੱਲੀ ਕਮੇਟੀ ਵੱਲੋਂ ਭਾਈ ਜੋਗਾ ਸਿੰਘ ਦੇ ਹੱਕ ’ਚ ਚੁੱਕੀ ਗਈ ਆਵਾਜ਼ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਆਸਾਨ ਹੋ ਗਈ।
ਭਾਈ ਜੋਗਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਲਈ ਉਹ ਲੰਬੇ ਸਮੇਂ ਤੋਂ ਸਥਾਨਕ ਸਿੱਖਾਂ ਨੂੰ ਨਾਲ ਲੈ ਕੇ ਸੰਘਰਸ਼ ਕਰ ਰਹੇ ਹਨ ਤੇ ਆਪਣੇ ਸੰਘਰਸ਼ ਕਾਲ ਦੌਰਾਨ ਉਨ੍ਹਾਂ ਨੇ ਆਪਣੇ ਸਾਥੀਆਂ ਸਣੇ ਦਿੱਲੀ ਅਤੇ ਸੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨਾਂ ਨੂੰ ਵੀ ਮੁਹਿੰਮ ਨੂੰ ਸਮਰਥਨ ਦੇਣ ਲਈ ਕਈ ਵਾਰ ਬੇਨਤੀਆਂ ਕੀਤੀਆਂ ਸੀ। ਪਰ ਦੋਨੋਂ ਪ੍ਰਧਾਨਾਂ ਨੇ ਹਾਸੋਹੀਣੇ ਤਰਕਾਂ ਰਾਹੀਂ ਸਾਨੂੰ ਮੁਹਿੰਮ ਦੇ ਚੱਕਰ ’ਚ ਨਾ ਪੈਣ ਦੀ ਸਲਾਹ ਦਿੱਤੀ ਸੀ। ਮਗਰ ਦਿੱਲੀ ਕਮੇਟੀ ਵੱਲੋਂ ਮੁਹਿੰਮ ਦਾ ਬੀੜਾ ਚੁੱਕਣ ਉਪਰੰਤ ਹੁਣ ਮੁਹਿੰਮ ਵਿਸ਼ਵ ਪੱਧਰ ’ਤੇ ਸੰਗਤਾਂ ਦੀ ਆਸਥਾ ਤੇ ਵਿਸ਼ਵਾਸ ਦਾ ਪ੍ਰਤੀਕ ਬਣ ਗਈ ਹੈ। ਉਨ੍ਹਾਂ ਦੀ ਰਿਹਾਈ ਲਈ ਦਿੱਲੀ ਕਮੇਟੀ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਵੀ ਭਾਈ ਜੋਗਾ ਸਿੰਘ ਨੇ ਸਲਾਘਾ ਕੀਤੀ।
ਜੀ.ਕੇ. ਨੇ ਕਿਹਾ ਕਿ ਬੀਤੇ ਦਿਨੀਂ ਪ੍ਰੈਸ ਕਾਨਫਰੰਸ ਰਾਹੀਂ ਅਸੀਂ ਸਪਸ਼ਟ ਕੀਤਾ ਸੀ ਕਿ ਦੇਸ਼ ਦਾ ਸੰਵਿਧਾਨ ਦੇਸ਼ ਦੇ ਹਰ ਨਾਗਰਿਕ ਨੂੰ ਆਪਣੇ ਧਾਰਮਿਕ ਕਿੱਤੇ ਨੂੰ ਆਜ਼ਾਦੀ ਨਾਲ ਸੰਪੂਰਨ ਕਰਨ ਦੀ ਪੈਰਵੀ ਕਰਦਾ ਹੈ। ਇਸ ਕਰਕੇ ਭਾਈ ਜੋਗਾ ਸਿੰਘ ’ਤੇ ਲਗਾਏ ਗਏ ਦੋਸ਼ ਤਥਾਂ ਦੀ ਪ੍ਰੋੜਤਾ ਕਰਦੇ ਨਜ਼ਰ ਨਹੀਂ ਆਉਂਦੇ ਸਨ। ਉੱਤਰਾਖੰਡ ਦੇ ਮੁਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਇਸ ਮਸਲੇ ’ਤੇ ਮਿਲਣ ਦੇ ਕੀਤੇ ਗਏ ਐਲਾਨ ਦਾ ਵੀ ਉਨ੍ਹਾਂ ਚੇਤਾ ਕਰਾਇਆ। ਜੀ.ਕੇ. ਨੇ ਦਾਅਵਾ ਕੀਤਾ ਕਿ ਹਰਿਦੁਆਰ ਜਿਲੇ੍ਹ ਦੀ ਸ਼ਹਿਰੀ ਸੰਗਤ ਤੋਂ ਬਾਅਦ ਹੁਣ ਪਿੰਡਾਂ ਦੀ ਸੰਗਤ ਵੱਲੋਂ ਕਮੇਟੀ ਨੂੰ ਦਿੱਤੇ ਗਏ ਸਮਰਥਨ ਤੋਂ ਬਾਅਦ ਪ੍ਰਸ਼ਾਸਨ ’ਤੇ ਮਸਲੇ ਦੇ ਹਲ ਲਈ ਨੈਤਿਕ ਦਬਾਵ ਵੱਧੇਗਾ।
ਇਸ ਮੌਕੇ ਭਾਈ ਜੋਗਾ ਸਿੰਘ ਦੇ ਨਾਲ ਹਰਿਦੁਆਰ ਦੇ ਗੁਰਦੁਆਰਾ ਨਾਨਕ ਦਰਬਾਰ ਦੇ ਪ੍ਰਧਾਨ ਸੁਖਦੇਵ ਸਿੰਘ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਟਾਰਿਆਂ ਦੇ ਪ੍ਰਧਾਨ ਸਤਪਾਲ ਸਿੰਘ ਚੌਹਾਨ, ਜਵਾਲਾਪੁਰ ਗੁਰਦੁਆਰੇ ਦੇ ਪ੍ਰਧਾਨ ਅਨੂਪ ਸਿੰਘ ਸਣੇ ਕਈ ਸਾਥੀ ਮੌਜੂਦ ਸਨ। ਜਿਨ੍ਹਾਂ ਨੇ ਆਪਣੇ ਵੱਲੋਂ ਲਿਖਤੀ ਤੌਰ ’ਤੇ ਦਿੱਲੀ ਕਮੇਟੀ ਦੇ ਧੰਨਵਾਦ ਅਤੇ ਸਮਰਥਨ ’ਚ ਪੱਤਰ ਵੀ ਸੌਂਪੇ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਅਤੇ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ ਇਸ ਮੌਕੇ ਮੌਜੂਦ ਸਨ।