ਮੁੰਬਈ – ਬੀਜੇਪੀ ਦੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਮੰਗ ਕਰਨ ਵਾਲੇ ਭਾਜਪਾ ਨੇਤਾ ਸੁਸ਼ੀਲ ਮੋਦੀ ਤੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਪਾਰਟੀ ਤੋਂ ਬਾਹਰ ਕਰਨ ਦੀ ਧਮਕੀ ਦੇਣ ਦੀ ਬਜਾਏ, ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੱਢਣ ਲਈ ਕਦਮ ਉਠਾਇਆ ਜਾਣਾ ਚਾਹੀਦਾ ਹੈ।
ਪਟਨਾ ਸਾਹਿਬ ਤੋਂ ਬੀਜੇਪੀ ਐਮਪੀ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਪਿੱਛਲੇ ਕਈ ਸਾਲਾਂ ਤੋਂ ਮੈਂ ਪਾਰਟੀ ਤੋਂ ਬਾਹਰ ਕੱਢੇ ਜਾਣ ਦੀਆਂ ਧਮਕੀਆਂ ਸੁਣਦਾ ਆ ਰਿਹਾ ਹਾਂ। ਉਨ੍ਹਾਂ ਨੇ ਕਿਹਾ, ‘ਮਿਹਰਬਾਨੀ ਕਰਕੇ ਧਮਕੀਆਂ ਦੇਣੀਆਂ ਬੰਦ ਕਰੋ। ਤੁਸੀਂ ਮੈਨੂੰ ਪਾਰਟੀ ਤੋਂ ਕੱਢ ਕਿਉਂ ਨਹੀਂ ਦਿੰਦੇ?’ ਉਨ੍ਹਾਂ ਅਨੁਸਾਰ ਪਾਰਟੀ ਦੇ ਵਫ਼ਾਦਾਰ ਮੈਂਬਰਾਂ ਨੂੰ ਮਹੱਤਵ ਨਹੀਂ ਦਿੱਤਾ ਜਾ ਰਿਹਾ, ਜਿੰਨ੍ਹਾਂ ਨੇ ਪਾਰਟੀ ਦੀ ਬੁਨਿਆਦ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸ਼ਤਰੂਘਨ ਨੇ ਇਹ ਵੀ ਕਿਹਾ ਕਿ ਬੇਸ਼ਕ ਮੈਨੂੰ ਮਹੱਤਵ ਨਹੀਂ ਦਿੱਤਾ ਜਾ ਰਿਹਾ ਪਰ ਮੈਨੂੰ ਹਲਕੇ ਵਿੱਚ ਨਾ ਲੈਣ, ਮੈਨੂੰ ਪਾਰਟੀ ਤੋਂ ਬਾਹਰ ਕਰਨ ਦੀਆਂ ਧਮਕੀਆਂ ਦੇ ਕੇ ਅਪਮਾਨਿਤ ਨਾ ਕਰਨ, ਮੈਂ ਇਸ ਸੱਭ ਤੋਂ ਡਰਨ ਵਾਲਾ ਨਹੀਂ ਹਾਂ।
ਸ਼ਤਰੂਘਨ ਨੇ ਹਾਲ ਹੀ ਵਿੱਚ ਲਾਲੂ ਯਾਦਵ ਅਤੇ ਕੇਜਰੀਵਾਲ ਦਾ ਪੱਖ ਲੈਂਦੇ ਹੋਏ ਟਵੀਟ ਕੀਤਾ ਸੀ ਕਿ ਆਰੋਪਾਂ ਦੀ ਨਾਕਾਰਤਮਕ ਰਾਜਨੀਤੀ ਅਤੇ ਚਿੱਕੜ ਸੁੱਟਣਾ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੇ ਇਸ ਟਵੀਟ ਤੇ ਸੁਸ਼ੀਲ ਮੋਦੀ ਨੇ ਕਿਹਾ, ‘ ਪਾਰਟੀ ਦੇ ਦੁਸ਼ਮਣਾਂ ਨੂੰ ਜਲਦੀ ਤੋਂ ਜਲਦੀ ਬਾਹਰ ਕਰ ਦੇਣਾ ਚਾਹੀਦਾ ਹੈ।’