ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਦੇ ਖਾਲਸਾ ਕਾਲਜਾਂ ’ਚ ਦਾਖ਼ਲੇ ਦੀ ਉਡੀਕ ਕਰ ਰਹੇ ਸਿੱਖ ਵਿਦਿਆਰਥੀਆਂ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਾਮਯਾਬੀ ਦੇ ਗੁਰ ਸਾਂਝੇ ਕੀਤੇ। ਅੱਜ ਗੁਰੂ ਤੇਗ ਬਹਾਦਰ ਖਾਲਸਾ ਕਾਲਜ ’ਚ ਕਮੇਟੀ ਵੱਲੋਂ ਲਗਾਏ ਗਏ ਜਾਣਕਾਰੀ ਮੇਲੇ ਦੌਰਾਨ ਬੋਲਦੇ ਹੋਏ ਜੀ. ਕੇ. ਨੇ ਵਿਦਿਆਰਥੀਆਂ ਨੂੰ ਸਿਰਫ਼ ਕਾਲਜ ਆਉਣ ਲਈ ਦਾਖ਼ਲਾ ਲੈਣ ਦੀ ਮਾਨਸਿਕਤਾ ਤੋਂ ਬਾਹਰ ਆ ਕੇ ਮਾਹਿਰਤਾ ਨੂੰ ਆਪਣਾ ਟੀਚਾ ਬਣਾਉਣ ਦੀ ਸਲਾਹ ਦਿੱਤੀ। ਦਰਅਸਲ ਕਮੇਟੀ ਅਧੀਨ ਚਲਦੇ ਚਾਰ ਖਾਲਸਾ ਕਾਲਜਾਂ ਨੂੰ ਬੀਤੇ ਵਰੇ੍ਹ ਘੱਟਗਿਣਤੀ ਅਦਾਰਿਆਂ ਵੱਜੋਂ ਮਾਨਤਾ ਪ੍ਰਾਪਤ ਹੋਈ ਸੀ ਜਿਸਤੋਂ ਬਾਅਦ ਸਾਬਤ-ਸੂਰਤ ਸਿੱਖ ਵਿਦਿਆਰਥੀਆਂ ਲਈ 50 ਫੀਸਦੀ ਸੀਟਾਂ ਰਾਖਵੀਆਂ ਹੋ ਗਈਆਂ ਸਨ। ਇਸ ਲਈ ਵਿਦਿਆਰਥੀਆਂ ਨੂੰ ਦਾਖ਼ਲਾ ਪ੍ਰਕਿਰਆ ਦਾ ਵੱਧ ਤੋਂ ਵੱਧ ਫਾਇਦਾ ਚੁੱਕਣ ਦੀ ਪ੍ਰੇਰਣਾ ਦੇਣ ਲਈ ਜਾਣਕਾਰੀ ਮੇਲਾ ਲਗਾਇਆ ਗਿਆ ਸੀ।
ਜੀ. ਕੇ. ਨੇ ਕਾਲਜਾਂ ਦਾ ਵਿਦਿਅਕ, ਸਭਿਆਚਾਰਕ, ਖੇਡ ਸਣੇ ਸਾਰੇ ਖੇਤਰਾਂ ’ਚ ਮਿਆਰ ਉੱਚਾ ਰੱਖਣ ਵਾਸਤੇ ਸਟਾਫ ਦਾ ਧੰਨਵਾਦ ਕਰਦੇ ਹੋਏ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨੂੰ ਬਿਹਤਰ ਢਾਂਚੇ ਕਰਕੇ ਮਿਲੇ ਦਿੱਲੀ ਦੇ 1 ਨੰਬਰ ਕਾਲਜ ਦੇ ਖਿਤਾਬ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਜੀ. ਕੇ. ਨੇ ਵਿਦਿਆਰਥੀਆਂ ਨੂੰ ਦਾਖ਼ਲਾ ਫਾਰਮ ਭਰਨ ਵੇਲੇ ਗਲਤੀ ਨਾ ਕਰਨ ਦੀ ਹਿਦਾਇਤ ਦਿੰਦੇ ਹੋਏ ਸਾਰੇ ਵਿਸ਼ਿਆਂ ’ਤੇ ਨਿਸ਼ਾਨ ਲਗਾਉਣ ਦੀ ਪ੍ਰੇਰਨਾ ਕੀਤੀ। ਜੀ. ਕੇ. ਨੇ ਕਿਹਾ ਕਿ ਪਿੱਛਲੇ ਵਰ੍ਹੇ ਕਈ ਵਿਦਿਆਰਥੀਆਂ ਨੇ ਕਾਮਰਸ ਵਿਸ਼ੇ ਨੂੰ ਹੀ ਨਿਸ਼ਾਨ ਲਗਾ ਕੇ ਬੜੀ ਵੱਡੀ ਗਲਤੀ ਕੀਤੀ ਸੀ। ਕਿਉਂਕਿ ਸੀਟਾਂ ਦੀ ਘਾਟ ਕਾਰਨ ਉੱਚੀ ਕਟਆੱਫ ਤੇ ਹੀ ਕਾਮਰਸ ਦੀਆਂ ਸੀਟਾਂ ਖਤਮ ਹੋ ਗਈਆ ਸਨ। ਜਿਸ ਕਰਕੇ ਰਹਿ ਗਏ ਵਿਦਿਆਰਥੀਆਂ ਨੂੰ ਬਾਕੀ ਵਿਸ਼ਿਆ ’ਤੇ ਨਿਸ਼ਾਨ ਨਾ ਲਗਾਉਣ ਕਰਕੇ ਦਾਖ਼ਲਾ ਨਹੀਂ ਮਿਲ ਸਕਿਆ ਸੀ।
ਘੱਟਗਿਣਤੀ ਅਦਾਰੇ ਵਾਸਤੇ ਕਮੇਟੀ ਵੱਲੋਂ ਲੜੀ ਗਈ ਕਾਨੂੰਨੀ ਅਤੇ ਸਿਆਸੀ ਲੜਾਈ ਦਾ ਜਿਕਰ ਕਰਦੇ ਹੋਏ ਜੀ. ਕੇ. ਨੇ ਸਿੱਖ ਬੱਚਿਆਂ ਨੂੰ ਮਿਲੇ ਦਾਖ਼ਲੇ ਦੇ ਰਾਖਵੇਂ ਹੱਕ ਨੂੰ ਕਮੇਟੀ ਦੀ ਵੱਡੀ ਪ੍ਰਾਪਤੀ ਦੱਸਿਆ। ਜੀ।ਕੇ। ਨੇ ਕਿਹਾ ਕਿ ਬੇਸ਼ਕ 1953 ’ਚ ਦਿੱਲੀ ਵਿਖੇ ਖਾਲਸਾ ਕਾਲਜਾਂ ਦੀ ਲੜੀ ਦੀ ਸ਼ੁਰੂਆਤ ਹੋਈ ਸੀ ਪਰ ਅਸਲੀਅਤ ’ਚ 2016 ’ਚ ਖਾਲਸਾ ਕਾਲਜ ਸਿਧਾਂਤਕ ਤੌਰ ਤੇ ਸੁਰਜੀਤ ਹੋਏ ਹਨ। ਭਾਰਤ ਦਾ ਇਹ ਅਜਿਹਾ ਇਕ ਮਾਤਰ ਕਾਲਜ ਹੈ ਜਿਸ ਵਿਚ ਫੋਰੇਂਸਿਕ ਸਾਇੰਸ ਵੀ ਪੜਾਈ ਕਰਵਾਈ ਜਾਂਦੀ ਹੈ। ਘੱਟਗਿਣਤੀ ਸੀਟ ਤੇ ਦਾਖ਼ਲੇ ਲਈ ਕਮੇਟੀ ਵੱਲੋਂ ਜਾਰੀ ਕੀਤੇ ਜਾ ਰਹੇ ਸਿੱਖੀ ਦੇ ਪ੍ਰਮਾਣ-ਪੱਤਰ ਦੀ ਪ੍ਰਾਪਤੀ ਲਈ ਕਮੇਟੀ ਵੱਲੋਂ ਲਾਈਆਂ ਗਈਆਂ ਸ਼ਰਤਾਂ ਦਾ ਵੀ ਜੀ।ਕੇ। ਨੇ ਹਵਾਲਾ ਦਿੱਤਾ। ਸਿਰਫ ਸਾਬਤ-ਸੂਰਤ ਸਿੱਖ ਪਰਿਵਾਰਾਂ ਦੇ ਸੰਪੂਰਨ ਗੁਰਸਿੱਖ ਬੱਚਿਆਂ ਨੂੰ ਕਮੇਟੀ ਵੱਲੋਂ ਜਾਰੀ ਕੀਤੇ ਜਾ ਰਹੇ ਪ੍ਰਮਾਣ ਪੱਤਰ ਨੂੰ ਹਲਕੇ ਵਿਚ ਨਾ ਲੈਣ ਦੀ ਜੀ।ਕੇ। ਨੇ ਚੇਤਾਵਨੀ ਦਿੱਤੀ।
ਜੀ. ਕੇ. ਨੇ ਕਿਹਾ ਕਿ ਜੇਕਰ 3 ਸਾਲ ਦੀ ਪੜਾਈ ਦੌਰਾਨ ਕਿਸੇ ਵੀ ਸਾਬਤ ਸੂਰਤ ਬੱਚੇ ਨੇ ਸਿੱਖੀ ਨੂੰ ਠੋਕਰ ਮਾਰੀ ਤਾਂ ਉਸਦਾ ਦਾਖ਼ਲਾ ਉਸੇ ਵੇਲੇ ਖਾਰਿਜ ਕਰਨ ਦਾ ਅਖਤਿਆਰ ਕਾਲਜ ਕੋਲ ਮੌਜੂਦ ਹੈ। ਜੇਕਰ ਤੁਸੀਂ ਕਾਲਜ ਸਿਰਫ਼ ਵਿਖਾਵੇ ਲਈ ਨਾ ਆ ਕੇ ਆਪਣੀ ਕਾਬਲੀਅਤ ਨੂੰ ਵਧਾਉਣ ਵਾਸਤੇ ਆਉਗੇ ਤਾਂ ਕੌਮ ਦਾ ਭਵਿੱਖ ਰੌਸ਼ਨ ਕਰਨ ਦਾ ਮਾਧਿਅਮ ਬਣੋਗੇ। ਅਸੀਂ ਸਿਰਫ ਸਹੂਲੀਅਤ ਦੇ ਸਕਦੇ ਹਾਂ ਪਰ ਮਿਹਨਤ ਤੁਸੀਂ ਕਰਨੀ ਹੈ। ਤੁਹਾਡੀ ਮਿਹਨਤ ਤੁਹਾਡਾ ਭਵਿੱਖ ਉਸਾਰਨ ਦੇ ਨਾਲ ਹੀ ਪਰਿਵਾਰ ਅਤੇ ਕੋਮ ਦਾ ਨਾ ਰੋਸ਼ਨ ਕਰੇਗੀ। ਜੀ. ਕੇ. ਨੇ ਚਾਰੋਂ ਕਾਲਜਾਂ ਵਾਸਤੇ ਸਿਰਫ ਇਕ ਹੀ ਪੋਰਟਲ ਦੇ ਆਪਣਾ ਨਾਂ ਰਜਿਸ਼ਟਰ ਕਰਾਉਣ ਦੀ ਵਿਦਿਆਰਥੀਆਂ ਨੂੰ ਅਪੀਲ ਕੀਤੀ।
ਖਾਲਸਾ ਕਾਲਜ ਦੇ ਚੇਅਰਮੈਨ ਅਤੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਜੀ. ਕੇ. ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਕਮੇਟੀ ਨੇ ਕਾਲਜਾਂ ਨੂੰ ਘੱਟਗਿਣਤੀ ਅਦਾਰੇ ਦਾ ਦਰਜਾ ਦਿਵਾ ਕੇ ਹੁਣ ਅਸਲੀਅਤ ’ਚ ਖਾਲਸਾ ਕਾਲਜਾਂ ਦੇ ਸਿਧਾਂਤ ਦੀ ਰਾਖੀ ਕੀਤੀ ਹੈ। ਪਿੱਛਲੇ ਵਰ੍ਹੇ ਦੇ ਦਾਖਿਲੇ ਤੋਂ ਬਾਅਦ ਕਾਲਜਾਂ ਵਿਚ ਦਸਤਾਰਾਂ ਅਤੇ ਚੁੰਨੀਆਂ ਹੁਣ ਵੱਡੇ ਪੱਧਰ ਤੇ ਨਜ਼ਰ ਆਉਣ ਲਗ ਪਈਆਂ ਹਨ। ਉਨ੍ਹਾਂ ਆਸ ਜਤਾਈ ਕਿ ਖਾਲਸਾ ਕਾਲਜ ਸਿਰਫ ਨਾਂ ਕਰਕੇ ਹੀ ਖਾਲਸਾ ਕਾਲਜ ਨਹੀਂ ਰਹਿਣਗੇ ਸਗੋਂ ਅਗਲੇ 3 ਸਾਲਾਂ ਬਾਅਦ ਬਹੁਗਿਣਤੀ ਖਾਲਸੇ ਇੱਥੇ ਨਜ਼ਰ ਵੀ ਆਉਣਗੇ।