ਲੁਧਿਆਣਾ – ਪੀਏਯੂ ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਅਤੇ ਖੇਤੀਬਾੜੀ ਇੰਜੀਨੀਅਰ ਦੀ ਭਾਰਤੀ ਸੁਸਾਇਟੀ (ਪੰਜਾਬ ਚੈਪਟਰ) ਦੇ ਸਾਂਝੇ ਸਹਿਯੋਗ ਸਦਕਾ 26 ਮਈ ਨੂੰ ਲਗਾਤਾਰ ਬਦਲ ਰਹੇ ਵਿਸ਼ਵ ਵਿੱਚ ਭੋਜਨ, ਊਰਜਾ ਅਤੇ ਪਾਣੀ ਦੀਆਂ ਚਿਰਜੀਵੀ ਹਾਲਤਾਂ ਸੰਬੰਧੀ ਵਿਸ਼ੇਸ਼ ਭਾਸ਼ਨ ਦਾ ਆਯੋਜਨ ਕੀਤਾ ਗਿਆ । ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਅਤੇ ਕੈਨੇਡਾ ਰਿਸਰਚ ਚੇਅਰ, ਇੰਸਟੀਚਿਊਟ ਫਾਰ ਰੀਸੋਰਸਿਜ਼, ਇਨਵਾਇਰਮੈਂਟ ਐਂਡ ਸਸਟੇਨੇਬੀਲਿਟੀ, ਵੈਨਕੂਵਰ ਦੇ ਡਾ. ਮਾਰਕ ਜੌਨਸਨ ਵਿਸ਼ੇਸ਼ ਬੁਲਾਰੇ ਦੇ ਤੌਰ ਤੇ ਆਏ । ਇਸ ਭਾਸ਼ਨ ਨੂੰ ਆਯੋਜਿਤ ਕਰਨ ਵਿੱਚ ਕੈਨੇਡਾ ਦੇ ਕਨਸੂਲੇਟ ਜਨਰਲ ਕ੍ਰਿਸਟੋਫਰ ਗਿਬਿਨਸ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਇਸ ਮੌਕੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ, ਫ਼ਸਲ ਵਿਗਿਆਨ, ਭੂਮੀ ਵਿਗਿਆਨ ਅਤੇ ਸਿਵਲ ਇੰਜਨੀਅਰਿੰਗ ਵਿਭਾਗ ਦੇ ਵਿਗਿਆਨੀ ਹਾਜ਼ਰ ਸਨ। ਡੀਨ ਖੇਤੀਬਾੜੀ ਇੰਜਨੀਅਰਿੰਗ ਅਤੇ ਤਕਨਾਲੋਜੀ ਵਿਭਾਗ ਦੇ ਡਾ. ਜਸਕਰਨ ਮਾਹਲ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ । ਵਿਭਾਗ ਦੇ ਮੁਖੀ ਡਾ. ਰਾਜਨ ਅਗਰਵਾਲ ਨੇ ਮੁੱਖ ਮਹਿਮਾਨ ਅਤੇ ਪ੍ਰਤੀਭਾਗੀਆਂ ਦਾ ਸਵਾਗਤ ਕਰਦੇ ਹੋਏ ਸੂਬੇ ਦੀਆਂ ਪਾਣੀ ਅਤੇ ਭੋਜਨ ਸੰਬੰਧੀ ਹਾਲਤਾਂ ਬਾਰੇ ਵਿਸ਼ੇਸ਼ ਤੌਰ ਤੇ ਵਿਚਾਰ ਵਟਾਂਦਰਾ ਕੀਤਾ ।
ਡਾ. ਜੌਨਸਨ ਨੇ ਆਪਣੇ ਭਾਸ਼ਨ ਦੌਰਾਨ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿਖੇ ਅਪਣਾਏ ਜਾਂਦੇ ਮੌਸਮੀ ਬਦਲਾਅ, ਪਾਣੀ ਦੇ ਸੁਚੱਜੇ ਪ੍ਰਬੰਧਾਂ ਅਤੇ ਅਰਬਨ ਹਾਈਡ੍ਰੋਲੋਜੀ ਦੇ ਵਿਸ਼ੇਸ਼ ਪੱਖਾਂ ਉਤੇ ਚਾਨਣਾ ਪਾਇਆ । ਇਸ ਤੋਂ ਇਲਾਵਾ ਉਨ੍ਹਾਂ ਨੇ ਮੌਸਮੀ ਬਦਲਾਅ ਅਧੀਨ ਅਪਣਾਈਆਂ ਗਈਆਂ ਵਿਸ਼ੇਸ਼ ਨੀਤੀਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ । ਇਸ ਵਿਸ਼ੇਸ਼ ਭਾਸ਼ਨ ਦੌਰਾਨ ਹੋਏ ਵਿਚਾਰ-ਵਟਾਂਦਰੇ ਵਿੱਚ ਦੋਹਾਂ ਦੇਸ਼ਾਂ ਦੇ ਆਪਸੀ ਸਹਿਯੋਗ ਬਾਰੇ ਵੀ ਸੰਭਾਵਨਾਵਾਂ ਨਿਖੇੜੀਆਂ ਗਈਆਂ ।
ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਸਮਾਜਿਕ ਸੈਕਟਰੀ ਡਾ. ਸਮਨਪ੍ਰੀਤ ਕੌਰ ਨੇ ਧੰਨਵਾਦ ਦੇ ਸ਼ਬਦ ਕਹੇ ।