ਭਾਰਤੀ ਫੌਜ ਵੱਲੋਂ ਕੀਤੇ ਅਪਰੇਸ਼ਨ ਬਲੂ ਸਟਾਰ ਦੇ 33 ਵੇਂ ਸਾਲ ਦੀ ਯਾਦ ਵਿੱਚ ਜਿਸ ਵਿੱਚ ਹਜਾਰਾਂ ਸਿੱਖ ਸ਼ਰਧਾਲੂ ਸ਼ਹੀਦ ਹੋਏ ਸਨ, ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਜੂਨ 6 ਨੂੰ ਸਿੱਖ ਪ੍ਰਭੂਸੱਤਾ ਸ਼ਹੀਦੀ ਮਾਰਚ ਕੱਢਣ ਦਾ ਐਲਾਨ ਕੀਤਾ ਹੈ।
ਇਹ ਸ਼ਹੀਦੀ ਮਾਰਚ ਗੁਰਦੁਆਰਾ ਸ਼ਹੀਦਾ ਬਾਬਾ ਦੀਪ ਸਿੰਘ ਜੀ ਤੋਂ ਸ਼ੁਰੂ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਖੇ ਸਮਾਪਤ ਹੋਵੇਗਾ ਜਿੱਥੇ ਉਹਨਾਂ ਪ੍ਰੀਵਾਰਾ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ 6 ਜੂਨ 1984 ਅਤੇ ਮੌਜੂਦਾ ਸੰਘਰਸ਼ ਵਿੱਚ ਭਾਰਤੀ ਫ਼ੌਜਾਂ ਅਤੇ ਪੁਲੀਸ ਦੇ ਹੱਥੋਂ ਸ਼ਹੀਦੀ ਪ੍ਰਾਪਤ ਕੀਤੀ ਸੀ। ਉਹਨਾਂ ਸਮੂਹ ਸਿੱਖ ਜਥੇਬੰਦੀਆਂ ਅਤੇ ਪੰਥਪ੍ਰਸਤ ਮਨੁੱਖੀ ਅਧਿਕਾਰ ਸੰਸਥਾਵਾ ਨਾਲ ਸਬੰਧ ਰੱਖਣ ਵਾਲੇ ਲੋਕਾਂ ਨੂੰ ਇਸ ਮਾਰਚ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਇੱਥੇ ਇਹ ਵੀ ਵਰਣਨਯੋਗ ਹੈ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 25ਬੀ ਮੁਤਾਬਿਕ ਸਿੱਖਾਂ ਨੂੰ ਹਿੰਦੂ ਧਰਮ ਨਾਲ ਸ਼੍ਰੇਣੀਬੰਧ ਕੀਤਾ ਗਿਆ ਹੈ ਅਤੇ ਸਿੱਖਾਂ ਨੂੰ ਭਾਰਤ ਦੇ ਸੰਵਿਧਾਨ ਵਿੱਚ ਆਪਣੀ ਖੁਦ ਦੀ ਪਹਿਚਾਨ ਦਿਵਾਉਣ ਲਈ ਪਿੱਛਲੇ ਲੰਬੇ ਸਮੇਂ ਤੋਂ ਆਲ ਇੰਡੀਆ ਸਿੱਖ ਸਟੂਡੈਂਟਸ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ।
ਫ਼ੈਡਰੇਸ਼ਨ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਸਾਰੇ ਸਿੱਖਾਂ ਅਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਦਿਨ ਅਤੇ ਉਹਨਾਂ ਸਾਰੇ ਸਿੱਖਾਂ ਦੀ ਯਾਦ ਵਿੱਚ ਗੁਰਬਾਣੀ ਦਾ ਜਾਪ ਕਰਨ, ਜੋ ਇਸ ਘਿਨਾਉਣੇ ਜੁਰਮ ਵਿੱਚ ਸ਼ਹੀਦ ਕੀਤੇ ਗਏ ਸਨ। ਉਹਨਾਂ ਸਿੱਖ ਸੰਘਠਨਾਂ ਨੂੰ ਬੇਨਤੀ ਕੀਤੀ ਕਿ ਉਹ ਸਰਬ ਸ਼ਾਂਤੀ ਕਾਇਮ ਰੱਖਣ ਅਤੇ ਇਸ ਤਰਾਂ ਦਾ ਕੋਈ ਵੀ ਕਦਮ ਨਾ ਚੁੱਕਣ ਜਿਸ ਕਰਕੇ ਸਿੱਖਾਂ ਨੂੰ ਸ਼ਰਮਿੰਦਾ ਹੋਣਾ ਪਵੇ।