ਨਵੀਂ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਕਿਤਾਬ ਵਿੱਚ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਕੋਲ ਪੇਸ਼ ਕਰਾਏ 21 ਸਿੱਖ ਨੌਜਵਾਨਾਂ ਬਾਰੇ ਸੱਚ ਬੋਲਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵੱਲੋਂ ਹੋਈ ਗੱਲਤੀ ਨੂੰ ਮੰਨ ਕੇ ਵੱਡੇਪਣ ਦਾ ਸਬੂਤ ਦਿੱਤਾ ਹੈ ਪਰ ਬਾਦਲਕੇ ਆਪਣੀ ਵੀ ਕਾਰਜ ਸ਼ੈਤਾਨੀ ਦੱਸਣ ਕਿ ਜਿਹੜੇ ਦਿਨੇ ਤਾਂ ਮੁੰਡਿਆ ਦੇ ਭੋਗਾਂ ਤੇ ਜਾ ਕੇ ਅਖੌਤੀ ਹਮਦਰਦੀ ਪ੍ਰਗਟ ਕਰਕੇ ਮੱਗਰਮੱਛ ਦੇ ਹੰਝੂ ਵਹਾਉਦੇ ਸਨ ਤੇ ਰਾਤ ਦੇ ਹਨੇਰਿਆਂ ਵਿੱਚ ਸਿੱਖੀ ਵਿਰੋਧੀ ਪੁਲੀਸ ਅਫਸਰਾਂ ਨਾਲ ਮੀਟਿੰਗਾਂ ਕਰਕੇ ਸਿੱਖ ਮੁੰਡਿਆਂ ਨੂੰ ਮਾਰਨ ਦੀਆਂ ਸਕੀਮਾਂ ਬਣਾਉਂਦੇ ਸਨ।
ਸ੍ਰ. ਸਰਨਾ ਨੇ ਆਪਣੇ ਬਿਆਨ ਵਿੱਚ ਇਹ ਕਿਹਾ ਕਿ ਦੁਨੀਆਂ ਭਰ ਵਿੱਚ ਜਿਹੜੇ ਲੋਕ ਸੱਚ ਬੋਲ ਕੇ ਆਪਣੀ ਗੱਲਤੀ ਦਾ ਅਹਿਸਾਸ ਕਰਦੇ ਹਨ ਉਹਨਾਂ ਦੀ ਗਿੱਣਤੀ ਵੱਡੇ ਲੋਕਾਂ ਵਿੱਚ ਸ਼ੁਮਾਰ ਹੁੰਦੀ ਹੈ। ਉਹਨਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਆਪਣੀ ਕਿਤਾਬ ਵਿੱਚ ਆਪਣੀ ਜਿੰਦਗੀ ਦੀਆਂ ਦੋ ਵੱਡੀਆਂ ਘਟਨਾਵਾਂ ਦਾ ਜਿਕਰ ਕੀਤਾ ਹੈ। ਪਹਿਲਾਂ ਉਹਨਾਂ ਨੋ ਆਪਣੀ ਨਿੱਜੀ ਸਹਾਇਕ ਨਾਲ ਸਬੰਧਾਂ ਬਾਰੇ ਸਪੱਸ਼ਟ ਕੀਤਾ ਤੇ ਦੂਜਾ ਉਹਨਾਂ ਕਿਹਾ ਕਿ ਉਹਨਾਂ ਦੀ ਹਿੰਦੋਸਤਾਨ ਫੇਰੀ ਨੂੰ ਲੈ ਕੇ ਕਸ਼ਮੀਰ ਖੇਤਰ ਦੇ ਪਿੰਡ ਚਿੱਠੀਸਿੰਘਪੁਰਾ ਵਿੱਚ 39 ਸਿੱਖਾਂ ਨੂੰ ਹਿੰਦੂ ਕੱਟੜਵਾਦੀਆ ਨੇ ਗੋਲੀ ਦਾ ਨਿਸ਼ਾਨਾ ਬਣਾਇਆ ਜਿਸ ਦਾ ਉਹਨਾਂ ਨੂੰ ਬੇਹੱਦ ਅਫਸੋਸ ਹੈ ਕਿ ਜੇਕਰ ਉਹ ਹਿੰਦੋਸਤਾਨ ਨਾ ਜਾਂਦੇ ਤਾਂ 39 ਸਿੱਖਾਂ ਦਾ ਕਤਲੇਆਮ ਨਾ ਹੁੰਦਾ। ਇਸੇ ਤਰ੍ਹਾ ਫਰਾਂਸ ਦੇ ਦਾਰਸ਼ਨਿਕ ਰੂਸੋ ਨੇ ਵੀ ਆਪਣੀ ਕਿਤਾਬ ਵਿੱਚ ਅਹਿਮ ਖੁਲਾਸੇ ਕਰਕੇ ਸੱਚਾਈ ਬਿਆਨ ਕਰਕੇ ਵੱਡੇਪਣ ਦਾ ਸਬੂਤ ਦਿੱਤਾ ਹੈ। ਉਹਨਾਂ ਕਿਹਾ ਕਿ ਕੈਪਟਨ ਦੇ ਵੀ ਸੱਚ ਬੋਲਣ ਨਾਲ ਉਹਨਾਂ ਦਾ ਨਾਮ ਵੱਡੇ ਲੋਕਾਂ ਵਿੱਚ ਸ਼ੁਮਾਰ ਹੋ ਗਿਆ ਹੈ।
ਉਹਨਾਂ ਕਿਹਾ ਕਿ ਬਾਦਲ ਦੋ ਮੂੰਹਾਂ ਸੱਪ ਹੈ ਜਿਹੜਾ ਕਦੇ ਵੀ ਸੱਚ ਨਹੀ ਬੋਲ ਸਕਦਾ ਅਤੇ ਹਮੇਸ਼ਾਂ ਕੌਮ ਦਾ ਨੁਕਸਾਨ ਕਰਨ ਵਾਲਿਆਂ ਵਿੱਚ ਭਵੀਸ਼ਨ ਵਰਗਾ ਇੱਕ ਕਾਮਯਾਬ ਪਾਤਰ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕਿਤਾਬ ਵਿੱਚ ਪੂਰੀ ਤਰ੍ਵਾ ਸੱਚ ਬੋਲਦਿਆਂ ਕਿਹਾ ਕਿ ਕੁਝ ਮੁੰਡਿਆਂ ਨੂੰ ਪ੍ਰੇਰ ਕੇ ਉਸ ਨੇ ਤੱਤਕਾਲੀ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਕੋਲ ਪੇਸ਼ ਕਰਵਾਇਆ ਸੀ ਤਾਂ ਕਿ ਉਹਨਾਂ ਦੀ ਜਾਨ ਬਚ ਸਕੇ ਪਰ ਬਾਦਲ ਵਰਗੇ ਲੋਕਾਂ ਨੇ ਉਹਨਾਂ ਨੂੰ ਵੀ ਮਰਵਾ ਦਿੱਤਾ। ਉਹਨਾਂ ਕਿਹਾ ਕਿ ਕੈਪਟਨ ਨੇ ਤਾਂ ਸੱਚ ਬੋਲ ਕੇ ਦੱਸ ਦਿੰਦਾ ਹੈ ਕਿ ਉਹਨਾਂ ਦੁਆਰਾ 21 ਸਿੱਖ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਬਾਦਲ ਨੇ ਜਿਹੜੇ ਸਿੱਖ ਨੌਜਵਾਨਾਂ ਮਰਵਾਏ ਹਨ ਉਹਨਾਂ ਦੀ ਸੂਚੀ ਵੀ ਬਾਦਲ ਜਾਰੀ ਕਰੇ।
ਉਹਨਾਂ ਕਿਹਾ ਕਿ ਇੱਕ ਨਾਅਰਾ ਆਇਆ ਸੀ ,‘‘ ਸਿੱਖ ਪੰਥ ਦੇ ਚਾਰ ਪਾਖੰਡੀ ਬਾਦਲ, ਬਰਨਾਲਾ, ਬਲਵੰਤ ਤੇ ਤਲਵੰਡੀ’’ ਜਿਹੜਾ ਅੱਜ ਵੀ ਕਦੇ ਕਦੇ ਸੁਣਨ ਨੂੰ ਮਿਲ ਜਾਂਦਾ ਹੈ। ਉਹਨਾਂ ਕਿਹਾ ਕਿ ਸਿੱਖ ਮੁੰਡਿਆਂ ਨੂੰ ਮਰਵਵਾਉਣ ਵਿੱਚ ਬਾਦਲ ਨੇ ਵਿਸ਼ੇਸ਼ ਭੂਮਿਕਾ ਨਿਭਾਈ ਸੀ ਤੇ ਇਹਨਾਂ ਵਿੱਚੋਂ ਸਿਰਫ ਇੱਕ ਸ੍ਰ ਪ੍ਰਕਾਸ਼ ਸਿੰਘ ਬਾਦਲ ਆਪਣੀ ਉਮਰ ਦੀ ਆਖਰੀ ਸਟੇਜ ਤੇ ਹਨ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਦਿਮਾਗ ਤੇ ਬੋਝ ਲੈ ਕੇ ਨਾ ਜਾਣ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਖੜੇ ਹੋ ਕੇ ਹੁਣ ਤੱਕ ਸਿੱਖ ਨੌਜਵਾਨੀ ਦੇ ਕੀਤੇ ਘਾਣ ਤੇ ਸਿੱਖ ਪੰਥ ਨਾਲ ਕੀਤੀ ਗਦਾਰੀ ਦੀ ਕਹਾਣੀ ਜਨਤਕ ਕਰਕੇ ਸੰਗਤਾਂ ਤੋਂ ਮੁਆਫੀ ਮੰਗ ਕੇ ਆਪਣਾ ਅੱਗਾ ਸਵਾਰ ਲੈਣ। ਉਹਨਾਂ ਕਿਹਾ ਕਿ ਇੱਕ ਪਾਸੇ 80 ਸਾਲਾ ਬਾਬਾ ਬੂਝਾ ਸਿੰਘ ਤੇ 12 ਸਾਲਾ ਸੰਦੀਪ ਸਿੰਘ ਨੂੰ ਬਾਦਲ ਨੇ ਆਪਣੇ ਰਾਜ ਭਾਗ ਸਮੇਂ ਅੱਤਵਾਦੀ ਕਹਿ ਕੇ ਮਰਵਾਇਆ ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹਨ ਜਿਹਨਾਂ ਨੇ ਸਿੱਖ ਨੌਜਵਾਨਾਂ ਨੂੰ ਬਚਾਉਣ ਦਾ ਉਪਰਾਲਾ ਕੀਤਾ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਕਾ ਨੀਲਾ ਤਾਰਾ ਸਮੇ ਕਾਂਗਰਸ ਪਾਰਟੀ ਤੋ ਮੈਂਬਰ ਪਾਰਲੀਮੈਂਟ ਤੋ ਅਸਤੀਫਾ ਦੇ ਦਿੱਤਾ ਪਰ ਬਾਦਲ ਨੇ ਇਸ ਸਮੇਂ ਵੀ ਸਿੱਖ ਫੌਜੀਆ ਨੂੰ ਬੈਰਕਾਂ ਛੱਡਣ ਦਾ ਸੁਨੇਹਾ ਦੇ ਕੇ ਇੱਕ ਸਾਜਿਸ਼ ਤਹਿਤ ਸਿੱਖ ਫੌਜੀਆਂ ਨੂੰ ਮਰਵਾਇਆ ਜਦੋਂ ਕਿ ਸਪੱਸ਼ਟ ਸੀ ਕਿ ਉਹ ਸ੍ਰੀ ਦਰਬਾਰ ਸਾਹਿਬ ਤੱਕ ਨਹੀ ਪੁੱਜ ਸਕਦੇ ਸਨ ਜਿਹਨਾਂ ਦੇ ਪਰਿਵਾਰ ਅੱਜ ਰੁੱਲ ਰਹੇ ਹਨ ਪਰ ਤਿੰਨ ਵਾਰੀ ਮੁੱਖ ਮੰਤਰੀ ਬਨਣ ਦੇ ਬਾਵਜੂਦ ਵੀ ਇਹਨਾਂ ਧਰਮੀ ਫੌਜੀਆਂ ਦਾ ਕੁਝ ਨਹੀ ਸਵਾਰਿਆ। ਉਹਨਾਂ ਕਿਹਾ ਕਿ ਬਾਦਲ ਦੀ ਉਹਨਾਂ ਲੋਕਾਂ ਨਾਲ ਜਾਰੀ ਹੈ ਜਿਹੜੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦੱਸ ਕੇ ਸਿੱਖੀ ਨੂੰ ਖਤਮ ਕਰਨ ਲਈ ਤੁਰੇ ਹੋਏ ਹਨ ਤੇ ਰੀਸ ਕੈਪਟਨ ਅਮਰਿੰਦਰ ਸਿੰਘ ਦੀ ਕਰਨ ਦੀ ਕੋਸ਼ਿਸ਼ ਕਰ ਰਹੇ ਜਿਹਨਾਂ ਨੇ ਬਰਨਾਲਾ ਸਰਕਾਰ ਵੇਲੇ ਵੀ ਸ੍ਰੀ ਦਰਬਾਰ ਸਾਹਿਬ ਵਿੱਚ ਪੁਲੀਸ ਭੇਜਣ ਨੂੰ ਲੈ ਕੇ ਮੰਤਰੀਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਬਾਦਲ ਦੇ ਰਾਜ ਵਿੱਚ ਥਾਂ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਆਪਣੇ ਗੁਰੂ ਦੇ ਨਿਰਾਦਰ ਨੂੰ ਲੈ ਕੇ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਸਿੱਖ ਰਾਗੀਆਂ ਢਾਡੀਆਂ, ਪ੍ਰਚਾਰਕਾਂ ਤੇ ਕਥਾਵਾਚਕਾਂ ਤੇ ਗੋਲੀ ਚਲਾ ਕੇ ਦੋ ਸਿੱਖਾਂ ਨੂੰ ਮਾਰ ਮੁਕਾਇਆ ਪਰ ਗੋਲੀ ਚਲਾਉਣ ਵਾਲਿਆਂ ਦੇ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀ ਕੀਤੀ ਤੇ ਨਾ ਹੀ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਗ੍ਰਿਫਤਾਰ ਕੀਤਾ। ਉਹਨਾਂ ਕਿਹਾ ਕਿ ਬਾਦਲ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਸ ਦੇ ਰਾਜ ਵਿੱਚ ਹੀ ਕਿੰਨੇ ਸਿੱਖ ਮਾਰੇ ਗਏ ਪਰ ਦੋਸ਼ੀ ਗ੍ਰਿਫਤਾਰ ਨਹੀ ਹੋਏ। ਮਾਰਚ 2012 ਵਿੱਚ ਇੱਕ ਸਿੱਖ ਨੌਜਵਾਨ ਜਸਪਾਲ ਸਿੰਘ ਚੌੜ ਸਿਧਵਾਂ ਦਾ ਕਤਲ ਕੀਤਾ ਗਿਆ ਕੀ ਬਾਦਲ ਸਰਕਾਰ ਨੇ ਦੋਸ਼ੀਆਂ ਨੂੰ ਪੰਜ ਸਾਲਾਂ ਵਿੱਚ ਗ੍ਰਿਫਤਾਰ ਕੀਤਾ? ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ ਦੀ ਕਹਾਵਤ ਅਨੁਸਾਰ ਬਾਦਲ ਨੂੰ ਦੂਸਰਿਆਂ ਦੇ ਖਿਲਾਫ ਚਿੱਕੜ ਉਛਾਲਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ।