ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੂੰ ਮਿਲਣ ਪਹੁੰਚੇ ਇਕ ਸਿੱਖ ਨੂੰ ਸੁਰੱਖਿਆ ਮੁਲਾਜ਼ਮਾਂ ਵੱਲੋਂ ਕਿਰਪਾਨ ਉਤਾਰਨ ਲਈ ਮਜ਼ਬੂਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਆਖਿਆ ਕਿ ਉੱਤਰ ਪ੍ਰਦੇਸ਼ ਸੂਬੇ ਦੇ ਅੰਮ੍ਰਿਤਧਾਰੀ ਸਿੱਖ ਨਾਗਰਿਕ ਸ. ਤੇਜਪਾਲ ਸਿੰਘ ਨੂੰ ਮੁੱਖ ਮੰਤਰੀ ਨਾਲ ਮਿਲਣ ਤੋਂ ਪਹਿਲਾਂ ਕਿਰਪਾਨ ਉਤਾਰਨ ਲਈ ਮਜ਼ਬੂਰ ਕਰਨ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਸਿੱਖਾਂ ਨੂੰ ਆਪਣੇ ਦੇਸ਼ ਅੰਦਰ ਸੰਵਿਧਾਨਕ ਤੌਰ ‘ਤੇ ਕਿਰਪਾਨ ਪਹਿਨਣ ਦੀ ਇਜਾਜ਼ਤ ਮਿਲੀ ਹੋਈ ਹੈ ਅਤੇ ਜੇਕਰ ਸੰਵਿਧਾਨਕ ਤੌਰ ‘ਤੇ ਹੀ ਚੁਣੇ ਹੋਏ ਮੁੱਖ ਮੰਤਰੀ ਦੇ ਅਮਲੇ ਵੱਲੋਂ ਅੰਮ੍ਰਿਤਧਾਰੀ ਸਿੱਖ ਨੂੰ ਕਿਰਪਾਨ ਉਤਾਰਨ ਲਈ ਮਜ਼ਬੂਰ ਕਰਨਾ ਗ਼ੈਰ-ਸੰਵਿਧਾਨਕ ਕਾਰਵਾਈ ਹੈ। ਪ੍ਰੋ. ਬਡੂੰਗਰ ਨੇ ਘਟਨਾ ਨੂੰ ਦੁਖਦਾਈ ਦੱਸਦਿਆਂ ਕਿਹਾ ਕਿ ਆਪਣੇ ਹੀ ਦੇਸ਼ ਵਿਚ ਸਿੱਖਾਂ ਨਾਲ ਅਜਿਹਾ ਵਰਤਾਰਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।
ਉਨ੍ਹਾਂ ਕਿਹਾ ਕਿ ਭਾਰਤ ਧਰਮ ਨਿਰਪੱਖ ਦੇਸ਼ ਹੈ ਅਤੇ ਇਥੇ ਵੱਖ-ਵੱਖ ਧਰਮਾਂ ਦੇ ਲੋਕ ਵੱਸਦੇ ਹਨ। ਇਸ ਲਈ ਹਰੇਕ ਧਰਮ ਦੇ ਲੋਕਾਂ ਦੀ ਧਾਰਮਿਕ ਅਜ਼ਾਦੀ ਬਰਕਰਾਰ ਰਹਿਣੀ ਚਾਹੀਦੀ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਮੁਲਾਜ਼ਮਾਂ ਨੂੰ ਸਖ਼ਤ ਤਾੜਨਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਯੂ.ਪੀ. ਦੇ ਮੁੱਖ ਮੰਤਰੀ ਕਿਸੇ ਇਕ ਫ਼ਿਰਕੇ ਦੇ ਨਹੀਂ, ਸਗੋਂ ਧਰਮ ਨਿਰਪੱਖ ਦੇਸ਼ ਦੇ ਇਕ ਸੂਬੇ ਅੰਦਰ ਵੱਸਦੇ ਸਾਰੇ ਧਰਮਾਂ ਦੇ ਲੋਕਾਂ ਵੱਲੋਂ ਚੁਣੇ ਹੋਏ ਮੁੱਖ ਮੰਤਰੀ ਹਨ।
ਪ੍ਰੋ. ਬਡੂੰਗਰ ਨੇ ਕਿਹਾ ਕਿ ਬੇਸ਼ੱਕ ਮੁੱਖ ਮੰਤਰੀ ਵੱਲੋਂ ਇਸ ਮਾਮਲੇ ਵਿਚ ਦੋਸ਼ੀ ਮੁਲਾਜ਼ਮਾਂ ਨੂੰ ਝਾੜ ਵੀ ਪਾਈ ਗਈ ਹੈ, ਪਰ ਇਸ ਹਰਕਤ ਨਾਲ ਸੂਬੇ ਅੰਦਰ ਵੱਸਦੇ ਸਿੱਖਾਂ ਅੰਦਰ ਰੋਸ ਜ਼ਰੂਰ ਪੈਦਾ ਹੋਇਆ ਹੈ। ਉਨ੍ਹਾਂ ਯੋਗੀ ਅਦਿਤਿਆਨਾਥ ਨੂੰ ਅਪੀਲ ਕੀਤੀ ਕਿ ਅੱਗੇ ਤੋਂ ਸਿੱਖਾਂ ਨੂੰ ਧਾਰਮਿਕ ਚਿੰਨ੍ਹ ਪਹਿਨਣ ਦੀ ਆਜ਼ਾਦੀ ਸਬੰਧੀ ਆਪਣੇ ਅਮਲੇ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਸਮੁੱਚੇ ਸੂਬੇ ਅੰਦਰ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੇ ਅਧਿਕਾਰ ਨੂੰ ਯਕੀਨੀ ਬਣਾਇਆ ਜਾਵੇ।