ਤੇਰੇ ਇੰਦਰੇ ਜੋ ਜਾਣਨ ਬੱਸ ਓਨੀ ਸਮਝ ਤੇਰੀ
ਪਰ ਜੋ ਅਪਰ ਅਪਾਰ ਇਹਨਾਂ ਦੇ ਵੱਸ ਦਾ ਨਹੀਂ
ਜੁੱਗੋ ਜੁਗਾਦਿ ਅਨਾਦਿ ਜਿਹਨੂੰ ਮਿਣ ਤੋਲਣ ਲੋਚੇਂ
ਤੇ ਬੱਸ ਹੋਇਓਂ ਮੁਨਕਰ ਦਿੱਸਦਾ ਸੁਣਦਾ ਨਹੀਂ
ਬੇਅੰਤ ਅਜੇ ਜੋ ਪਹੁੰਚ ਤੇਰੀ ਵਿੱਚ ਨਹੀਂ ਆਇਆ
ਪਰ ਇਹ ਨਹੀਂ ਕਿ ਵਜੂਦ ਕੋਈ ਵੀ ਉਸਦਾ ਨਹੀਂ
ਕੋਟਿ ਅਖੰਡ ਬ੍ਰਹਿਮੰਡ ਹੈ ਹਸਤੀ ਤਿਰੀ ਕਿਣਕਾ
ਮੰਨੇ ਤੁਧ ਨ ਵੱਧਦਾ ਨਾ ਜਾਣੇ ਤੂੰ ਤੇ ਘੱਟਦਾ ਨਹੀਂ
ਤੇਰੇ ਦਿਸਹੱਦੇ ਨਹੀਂ ਨੇ ਗਿਆਨ ਦੀਆਂ ਸਰਹੱਦਾਂ
ਨਾ ਇਹ ਤੋਲੀਂ ਕੁਫ਼ਰ ਅਗਾਂਹ ਕੁੱਝ ਵੱਸਦਾ ਨਹੀਂ
ਪਾ ਸੇਰ ਦੇ ਦਮ ਸਰਬੋਤਮ ਦਾ ਜਿ ਭਰਮ ਪਾਲੇਂ
ਗੁੰਝਲਾਂ ਦਰ ਗੁੰਝਲਾਨ ਕੁੱਝ ਜਾ ਸੁਲਝਦਾ ਨਹੀਂ
ਆਪਣੀ ਹਉਂ ਵਿੱਚ ਕੰਵਲ ਨਾ ਹੋ ਗਲ਼ਤਾਨ ਰਹੀਂ
ਖਿਣਭੰਗੁਰ ਤੇਰੀ ਹੋਂਦ ਕੁੱਲ ਕਿਤੇ ਕੱਖ ਦਾ ਨਹੀਂ