ਤੱਤੀ ਤਵੀ ਉੱਤੇ ਬੈਠਾ, ਅਰਸ਼ਾਂ ਦਾ ਨੂਰ ਏ।
ਹੱਥ ਵਿੱਚ ਮਾਲਾ ਚਿਹਰੇ, ਵੱਖਰਾ ਸਰੂਰ ਏ।
ਸ਼ਾਂਤੀ ਦਾ ਪੁੰਜ ਇਹ, ਫਕੀਰ ਕੋਈ ਜਾਪਦਾ।
ਸੁਖਮਨੀ ਪਾਠ ਏਹਦੇ, ਹੋਠਾਂ ਤੇ ਅਲਾਪਦਾ।
ਏਹਦੇ ਕੋਲੋਂ ਹੋਇਆ ਦੱਸੋ, ਕਿਹੜਾ ਜੁ ਕਸੂਰ ਏ?
ਤੱਤੀ ……
“ਦਿੱਲੀ ਤੇ ਲਹੌਰ ਦੀ ਮੈਂ, ਇੱਟ ਖੜਕਾ ਦਿਆਂ”
“ਕਹੋ ਤਾਂ, ਮੈਂ ਜ਼ਾਲਿਮ ਨੂੰ, ਸਬਕ ਸਿਖਾ ਦਿਆਂ”
ਮੀਆਂ ਮੀਰ ਗੁੱਸੇ ਵਿੱਚ, ਹੋਇਆ ਮਜਬੂਰ ਏ।
ਤੱਤੀ……..
ਸਬਰ ਨੇ ਜਬਰ ਤੋਂ, ਮੰਨਣੀ ਨਾ ਹਾਰ ਏ।
ਦੇਗ ਵੀ ਉਬਾਲਣੇ ਲਈ, ਹੋ ਰਹੀ ਤਿਆਰ ਏ।
ਰਜ਼ਾ ਵਿੱਚ ਰਹਿਣਾ, ਇਹਦਾ ਇਹੋ ਦਸਤੂਰ ਹੈ।
ਤੱਤੀ…..
ਨਾਮ ਦਾ ਜਹਾਜ਼ ਇਸ, ਰਚਿਆ ਕਮਾਲ ਏ।
ਦੁਨੀਆਂ ਦੇ ਵਿੱਚ ਐਸੀ, ਕੋਈ ਨਾ ਮਿਸਾਲ ਏ।
ਚੰਦੂ ਕਿਹੜੇ ਨਸ਼ੇ ਵਿੱਚ, ਹੋਇਆ ਫਿਰੇ ਚੂਰ ਏ?
ਤੱਤੀ ……
ਛਾਲੇ ਛਾਲੇ ਹੋਇਆ ਭਾਵੇਂ, ਸਾਰਾ ਈ ਸਰੀਰ ਏ।
ਚਿਹਰੇ ਉੱਤੇ ਰੰਜ ਦੀ ਨਾ, ਰਤਾ ਵੀ ਲਕੀਰ ਏ।
ਨਾਮ ਦੀ ਖੁਮਾਰੀ ਨਾਲ, ਮਨ ਭਰਪੂਰ ਏ।
ਤੱਤੀ…….
ਜ਼ੁਲਮ ਮਿਟਾਉਣ ਵਾਲਾ, ਰਾਜ ਹੁਣ ਆਏਗਾ।
ਧਰਮ ਦੇ ਨਾਲ, ਰਾਜਨੀਤੀ ਵੀ ਚਲਾਏਗਾ।
ਜ਼ਾਲਿਮ ਨੂੰ ‘ਦੀਸ਼’ ਸਜ਼ਾ, ਮਿਲਣੀ ਜਰੂਰ ਏ।
ਤੱਤੀ…….