ਨਵੀਂ ਦਿੱਲੀ : ਪੰਚਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਦਿੱਲੀ ਦੀਆਂ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਦਿੱਲੀ ਦੇ ਸਮੂਹ ਗੁਰਦੁਆਰਿਆਂ ’ਚ ਕੀਰਤਨ ਸਮਾਗਮ ਅਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਆਯੋਜਿਤ ਕੀਤੀਆਂ ਗਈਆਂ। ਮੁੱਖ ਸਮਾਗਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਜੀ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਸ਼ਾਮ ਤਕ ਸਜਾਇਆ ਗਿਆ। ਜਿਸ ’ਚ ਪੰਥ ਪ੍ਰਸਿੱਧ ਰਾਗੀ, ਢਾਡੀ ਜਥਿਆਂ ਤੇ ਕਥਾਵਾਚਕਾ ਨੇ ਗੁਰਬਾਣੀ ਦੇ ਮਨੋਹਰ ਕੀਰਤਨ, ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ’ਤੇ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੰਗਤਾਂ ਨੂੰ ਸੰਬੋਧਨ ਕਰਦਿਆ ਗੁਰੂ ਅਰਜਨ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਮੁਖ ਘਟਨਾਵਾਂ ਦਾ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਗੁਰੂ ਸਾਹਿਬਾਨ ਵੱਲੋਂ ਸਿੱਖ ਪੰਥ ਨੂੰ ਕੁਝ ਨਾ ਕੁਝ ਦੇਣ ਜਰੂਰ ਦਿੱਤੀ ਗਈ। ਪੰਜਵੇਂ ਪਾਤਿਸ਼ਾਹ ਨੇ ਬਾਣੀ ਇਕੱਠੀ ਕਰਕੇ ਆਦਿ ਗ੍ਰੰਥ ਦੀ ਸੰਪਾਦਨਾ ਕਰਕੇ ਸਮੂਚੀ ਮਨੁਖਤਾ ਨੂੰ ਸਾਂਝੀਵਾਲਤਾ, ਪ੍ਰੇਮ, ਭਰਾਤਰੀ ਭਰਾ ਦਾ ਸੁਨੇਹਾ ਦੇ ਕੇ ਬਾਣੀ ਨਾਲ ਜੋੜਿਆ।ਜਿਸਨੂੰ ਬਾਅਦ ਵਿਚ ਖਾਲਸਾ ਪੰਥ ਦੀ ਸਥਾਪਨਾ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ਨੂੰ ਮੁੜ੍ਹ ਸੰਪਾਦਨਾ ਰਾਹੀਂ ਗੁਰੂ ਗ੍ਰੰਥ ਸਾਹਿਬ ਦਾ ਰੂਪ ਦੇ ਕੇ ਬਾਣੀ ਅਤੇ ਬਾਣੇ ਦੇ ਸੰਕਲਪ ਨਾਲ ਜੁੜਨ ਦਾ ਪੰਥ ਨੂੰ ਸੱਦਾ ਦਿੱਤਾ। ਇਸ ਲਈ ਬਾਣੀ ਅਤੇ ਬਾਣੇ ਨਾਲ ਜੁੜਕੇ ਅਸੀਂ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਸਕਦੇ ਹਾਂ। ਉਨ੍ਹਾਂ ਨੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਦਾ ਜਿਕਰ ਕਰਦਿਆਂ ਕਿਹਾ ਕਿ 2019 ਵਿਚ ਗੁਰੂ ਨਾਨਕ ਦੇਵ ਜੀ ਦਾ 550ਵੇਂ ਪ੍ਰਕਾਸ਼ ਪੁਰਬ ਦਿਹਾੜੇ ਤੋਂ ਪਹਿਲਾ ਉਥੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਹੋ ਜਾਵੇਗਾ। ਇਸਦੇ ਨਾਲ ਹੀ ਜਗਨਨਾਥ ਪੁਰੀ ਉੜੀਸਾ ’ਚ ਗੁਰੂ ਨਾਨਕ ਦੇਵ ਜੀ ਦਾ ਆਰਤੀ ਉਚਾਰਨ ਨਾਲ ਸਥਾਨ ਵੀ ਛੇਤੀ ਹੀ ਸਿੱਖ ਕੌਮ ਦੇ ਹਵਾਲੇ ਹੋਵੇਗਾ।
ਰਾਜਸਥਾਨ ’ਚ ਸਿੱਖਾਂ ਨਾਲ ਕੁਟਮਾਰ ਕਰਨ ਦੇ ਦੋਸ਼ੀਆਂ ਖਿਲਾਫ ਦਿੱਲੀ ਕਮੇਟੀ ਵੱਲੋਂ ਕੀਤੀ ਗਈ ਪੈਰਵੀ ਸੱਦਕਾ ਮੁਕਦਮੇ ਦਰਜ ਹੋਣ ਦੀ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਮੱਧਪ੍ਰਦੇਸ਼ ਦੇ ਸਿਕਲੀਘਰ ਸਿੱਖਾਂ ਖਿਲਾਫ ਸਰਕਾਰੀ ਤਸ਼ੱਦਦ ਰਾਹੀਂ ਦਰਜ ਹੋਏ ਮੁਕਦਮੇ ਵਾਪਿਸ ਕਰਾਉਣ ਲਈ ਕਮੇਟੀ ਵੱਲੋਂ ਕਾਨੂੰਨੀ ਪੱਧਰ ’ਤੇ ਪੀੜਤਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਖੁਲਾਸਾ ਕੀਤਾ। ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਬਣ ਰਹੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ ਦੀ ਉਸਾਰੀ ਛੇਤੀ ਪੂਰਣ ਹੋਣ ਦਾ ਭਰੋਸਾ ਜਤਾਉਂਦੇ ਹੋਏ ਉਨ੍ਹਾਂ ਨੇ ਸਿੱਖ ਚੇਤਨਾ ਮਿਸਨ ਵੱਲੋਂ ਕਰਵਾਏ ਗਏ ਮੁਕਾਬਲਿਆਂ ਦੌਰਾਨ ਜੇਤੂ ਰਹੇ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੀਤੀ। ਸਟੇਜ ਸਕੱਤਰ ਦੀ ਸੇਵਾ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਉਂਕਾਰ ਸਿੰਘ ਰਾਜਾ, ਜਤਿੰਦਰ ਪਾਲ ਸਿੰਘ ਗੋਲਡੀ ਤੇ ਗੁਰਮੀਰ ਸਿੰਘ ਮੀਤਾ ਨੇ ਨਿਭਾਈ।