ਅੰਮ੍ਰਿਤਸਰ – ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਸਥਾਨਕ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸਮੇਤ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਹਾਜ਼ਰੀ ਭਰ ਕੇ ਜਿਥੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਉਥੇ ਰਾਗੀ, ਢਾਡੀ ਤੇ ਕਥਾਵਾਚਕਾਂ ਪਾਸੋਂ ਪਾਵਨ ਗੁਰਬਾਣੀ ਦਾ ਕੀਰਤਨ ਅਤੇ ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਤੇ ਉਪਦੇਸ਼ਾਂ ਨਾਲ ਸਬੰਧਤ ਗੁਰਮਤਿ ਵਿਚਾਰਾਂ ਸ੍ਰਵਣ ਕੀਤੀਆਂ।
ਸ਼ਹੀਦੀ ਗੁਰਪੁਰਬ ਦੇ ਸਬੰਧ ਵਿਚ ਅੱਜ ਸਵੇਰੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਮੁਖਵਾਕ ਦੀ ਕਥਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵਧੀਕ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕੀਤੀ। ਉਨ੍ਹਾਂ ਗੁਰਮਤਿ ਵਿਚਾਰਾਂ ਸਾਝੀਆਂ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮੁਬਾਰਕ ਜੀਵਨ ਮਨੁੱਖਤਾ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਆਖਿਆ ਕਿ ਪਾਤਸ਼ਾਹ ਜੀ ਨੇ ਸਿੱਖੀ ਦੇ ਵਿਕਾਸ ਅਤੇ ਮਾਨਵ ਭਲਾਈ ਲਈ ਅਨੇਕਾਂ ਕਾਰਜ ਕੀਤੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਉਨ੍ਹਾਂ ਦੇ ਮਹਾਨ ਕਾਰਜ ਹਨ। ਉਨ੍ਹਾਂ ਕਿਹਾ ਕਿ ਜਬਰ ਜੁਲਮ ਦੇ ਵਿਰੁੱਧ, ਹੱਕ-ਸੱਚ ਦੀ ਪ੍ਰਫੁੱਲਤਾ ਅਤੇ ਮਨੁੱਖਤਾ ਦੇ ਭਲੇ ਲਈ ਸਤਿਗੁਰੂ ਜੀ ਦੀ ਸ਼ਹਾਦਤ ਨਾਲ ਹੀ ਸ਼ਹਾਦਤਾਂ ਦਾ ਮੁੱਢ ਬੱਝਾ। ਉਨ੍ਹਾਂ ਗੁਰੂ ਜੀ ਦੇ ਜੀਵਨ ਤੋਂ ਸੇਧ ਪ੍ਰਾਪਤ ਕਰ ਕੇ ਉਨ੍ਹਾਂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿਚ ਕਮਾਉਣ ਦੀ ਸੰਗਤ ਨੂੰ ਪ੍ਰੇਰਨਾ ਕੀਤੀ।
ਇਸ ਮੌਕੇ ਸਿੱਖ ਕੌਮ ਦੇ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਤੇ ਪ੍ਰਚਾਰਕਾਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰ-ਇਤਿਹਾਸ ਨਾਲ ਜੋੜਿਆ। ਇਸ ਸਮੇਂ ਹੋਏ ਕਵੀ ਸਮਾਗਮ ਵਿਚ ਪੰਥਕ ਕਵੀਆਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਅਤੇ ਸ਼ਹਾਦਤ ਨਾਲ ਸਬੰਧਤ ਇਤਿਹਾਸ ਨੂੰ ਕਵਿਤਾਵਾਂ ਰਾਹੀਂ ਬਿਆਨ ਕੀਤਾ। ਇਸ ਮੌਕੇ ਠੰਡੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ।