ਲੁਧਿਆਣਾ – ਪੀਏਯੂ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਪੀਏਯੂ ਦੇ ਪੁਰਾਣੇ ਵਿਦਿਆਰਥੀਆਂ ਅਤੇ ਜੀ ਬੀ ਫੂਡਜ਼ ਦੇ ਨਵਦੀਪ ਬਾਲੀ ਅਤੇ ਗੁਰਸ਼ਰਨ ਸਿੰਘ ਨੂੰ 2.5 ਟਨ ਹਲਦੀ ਦੇ ਅਚਾਰ ਦੀ ਪ੍ਰੋਸੈਸਿੰਗ ਲਈ ਆਪਣੇ ਫੂਡ ਇੰਡਸਟਰੀ ਸੈਂਟਰ ਦੀਆਂ ਆਧੁਨਿਕ ਸਹੂਲਤਾਂ ਦਿੱਤੀਆਂ । ਬਠਿੰਡਾ ਦੇ ਪਿੰਡ ਰਾਮਪੁਰਾ ਫੂਲ ਨਾਲ ਸੰਬੰਧ ਰੱਖਣ ਵਾਲੇ ਪੀਏਯੂ ਦੇ ਇਹ ਪੁਰਾਣੇ ਵਿਦਿਆਰਥੀ ਅੱਜਕੱਲ ਹਲਦੀ ਦੇ ਸਫ਼ਲ ਕਾਸ਼ਤਕਾਰ ਹਨ ।
ਵਿਭਾਗ ਦੇ ਮੁੱਖੀ ਡਾ. ਪੂਨਮ ਏ ਸਚਦੇਵਾ ਨੇ ਦੱਸਿਆ ਕਿ ਹਲਦੀ ਨੂੰ ਫੂਡ ਇੰਡਸਟਰੀ ਸੈਂਟਰ ਵਿਖੇ ਪ੍ਰਾਪਤ ਸਵੈਚਾਲਿਤ ਪ੍ਰਣਾਲੀ ਰਾਹੀਂ ਚੰਗੀ ਤਰ੍ਹਾਂ ਧੋਣ, ਕੱਟਣ ਅਤੇ ਮਿਲਾਉਣ ਉਪਰੰਤ ਅਚਾਰ ਬਣਾ ਕੇ ਡੱਬਾਬੰਦ ਕਰਕੇ ਲੇਬਲ ਕੀਤਾ ਗਿਆ । ਦੂਜੇ, ਪਿਆਜ਼ ਦੀ ਖੇਤੀ ਕਰਨ ਵਾਲੇ ਲੁਧਿਆਣਾ ਦੇ ਸ੍ਰੀਮਤੀ ਸਿਮਰਜੀਤ ਕੌਰ ਨੇ ਫੂਡ ਇੰਡਸਟਰੀ ਸੈਂਟਰ ਵਿਖੇ ਹੀ ਪਿਆਜ਼ਾਂ ਦੀ ਪੇਸਟ ਇਸ ਸੈਂਟਰ ਦੀ ਆਧੁਨਿਕ ਮਸ਼ੀਨਰੀ ਅਤੇ ਵਿਧੀ ਰਾਹੀਂ ਬਣਾਈ । ਉਹਨਾਂ ਦੱਸਿਆ ਕਿ ਸਵੈਚਾਲਿਤ ਪ੍ਰਣਾਲੀ ਰਾਹੀਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਧੋਣ, ਕੱਟਣ ਅਤੇ ਪੀਸਣ ਮਗਰੋਂ ਪੇਸਟ ਬਣਾ ਕੇ ਡ¤ਬਾਬੰਦੀ ਕੀਤੀ ਜਾਂਦੀ ਹੈ । ਡਾ. ਸਚਦੇਵਾ ਨੇ ਦੱਸਿਆ ਕਿ ਯੂਨੀਵਰਸਿਟੀ ਦੁਆਰਾ ਕਿਸਾਨਾਂ ਅਤੇ ਉੱਦਮੀਆਂ ਨੂੰ ਚੰਗਾ ਪੱਧਰ ਬਣਾਉਣ ਲਈ ਕਈ ਪ੍ਰਕਾਰ ਦੀਆਂ ਵਿਕਸਿਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਹ ਇਸ ਨੂੰ ਅਪਣਾ ਰੋਜ਼ਗਾਰ ਬਣਾਉਣ ਦੇ ਰਾਹ ਪੈ ਸਕਣ ਅਤੇ ਨਵੇਂ ਢੰਗ ਤਰੀਕੇ ਸਿੱਖ ਸਕਣ। ਇਹਨਾਂ ਦੋਹਾਂ ਉਤਪਾਦਾਂ ਨੂੰ ਭੋਜਨ ਸੁਰੱਖਿਆ ਅਤੇ ਸਫ਼ਾਈ ਦੇ ਨੁਕਤੇ ਤੋਂ ਵਿਭਾਗ ਦੇ ਸਹਾਇਕ ਰਾਹੁਲ ਗੁਪਤਾ ਅਤੇ ਕਰਨਬੀਰ ਦੀ ਨਿਗਰਾਨੀ ਹੇਠ ਤਿਆਰ ਕੀਤਾ ਗਿਆ ।