ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2 ਉੱਚ ਵਿੱਦਿਅਕ ਅਦਾਰਿਆਂ ਨੂੰ ਬੰਦ ਕਰਵਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਤੇ ਲਗਾਇਆ ਹੈ। ਅੱਜ ਕਮੇਟੀ ਦਫ਼ਤਰ ਗੁਰਦੁਆਰਾ ਰਕਾਬਗੰਜ ਸਾਹਿਬ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਕਾਲਜ ਦੇ ਚੇਅਰਮੈਨ ਜਥੇਦਾਰ ਅਵਤਾਰ ਸਿੰਘ ਹਿਤ, ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਤੇ ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਨੇ ਇਸ ਸੰਬੰਧੀ ਵਡਾਲਾ ਦੇ ਸਹਿਯੋਗੀ ਵੱਲੋਂ ਅਦਾਰਿਆਂ ਨੂੰ ਬੰਦ ਕਰਵਾਉਣ ਸੰਬੰਧੀ ਪਾਏ ਗਏ ਮੁਕੱਦਮਿਆਂ ਦੀ ਜਾਣਕਾਰੀ ਦਿੱਤੀ।
ਉਕਤ ਆਗੂਆਂ ਨੇ ਖੁਲਾਸਾ ਕੀਤਾ ਕਿ ਕਮੇਟੀ ਦੇ ਵਸੰਤ ਵਿਹਾਰ ਪਾੱਲੀਟੈਕਨੀਕ ਦੇ ਕਰਮਚਾਰੀ ਹਰਿੰਦਰ ਪਾਲ ਸਿੰਘ ਵੱਲੋਂ ਕਮੇਟੀ ਦੇ ਅਦਾਰਿਆਂ ਨੂੰ ਬੰਦ ਕਰਵਾਉਣ ਲਈ ਅਜੇ ਤਕ 6 ਕੇਸ ਵੱਖ-ਵੱਖ ਅਦਾਲਤਾਂ ’ਚ ਪਾਏ ਗਏ ਹਨ ਤੇ ਹਰਿੰਦਰ ਦੀ ਪਤਨੀ ਚਰਣਜੀਤ ਕੌਰ ਨੇ 2017 ਦੀਆਂ ਕਮੇਟੀ ਚੋਣਾਂ ’ਚ ਵਡਾਲਾ ਦੀ ਪਾਰਟੀ ਸਿੱਖ ਸਦਭਾਵਨਾ ਦਲ ਦੇ ਉਮੀਦਵਾਰ ਦੇ ਤੌਰ ਤੇ ਟੈਗੋਰ ਗਾਰਡਨ ਵਾਰਡ ਤੋਂ ਚੋਣ ਲੜੀ ਸੀ। ਬੀਤੇ ਦਿਨੀਂ ਗੁਰੂ ਤੇਗ ਬਹਾਦਰ ਆਈ.ਟੀ. ਇੰਸਟੀਟਿਯੂਟ ਹਰੀ ਨਗਰ ਨੂੰ ਏ.ਆਈ.ਸੀ.ਟੀ.ਆਈ. ਵੱਲੋਂ ਇਸ ਸਾਲ ਦੇ ਦਾਖਲੇ ਲਈ 600 ਸੀਟਾਂ ਅਲਾਟ ਕੀਤੀਆਂ ਗਈਆਂ ਹਨ। ਪਰ ਇਹ ਗੱਲ ਵਡਾਲਾ ਦੇ ਸਹਿਯੋਗੀਆਂ ਨੂੰ ਰਾਸ ਨਹੀਂ ਆਈ। ਜਿਸਦੇ ਬਾਅਦ ਹਰਿੰਦਰ ਨੂੰ ਬਲੀ ਦਾ ਬੱਕਰਾ ਬਣਾਉਂਦੇ ਹੋਏ ਦਿੱਲੀ ਹਾਈਕੋਰਟ ਵਿਚ ਇੰਜੀਨੀਅਰਿੰਗ ਕਾਲਜ ਨੂੰ ਮਿਲੀਆਂ ਸੀਟਾਂ ਨੂੰ ਰੱਦ ਕਰਨ ਦੀ ਅਰਜੀ ਦਾਖਲ ਕੀਤੀ ਗਈ ਹੈ। ਹਾਲਾਂਕਿ ਅੱਜ ਇਸ ਅਰਜ਼ੀ ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਅਰਜੀਕਰਤਾ ਨੂੰ ਕਿਸੇ ਪ੍ਰਕਾਰ ਦੀ ਰਾਹਤ ਦੇਣ ਤੋਂ ਫਿਲਹਾਲ ਇਨਕਾਰ ਕਰ ਦਿੱਤਾ ਹੈ। ਜਿਸਦੇ ਬਾਅਦ ਇਸ ਸਾਲ ਕਾਲਜ ’ਚ ਦਾਖਲੇ ਖੁਲੇ ਰਹਿਣ ਦੀ ਆਸ਼ ਕਾਇਮ ਹੈ।
ਹਿਤ ਨੇ ਕਿਹਾ ਕਿ ਕਮੇਟੀ ਚੋਣਾਂ ਦੌਰਾਨ 10 ਰੁਪਏ ਮਹੀਨਾ ਫੀਸ ਲੈ ਕੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਸਿੱਖ ਬੱਚਿਆਂ ਦੀ ਪੜਾਈ ਕਰਵਾਉਣ ਦਾ ਚੁਨਾਵੀ ਚੋਗਾ ਸੁੱਟਣ ਵਾਲੇ ਵਡਾਲਾ ਦਾ ਅਸਲੀ ਚਿਹਰਾ ਕੌਮ ਦੇ ਸਾਹਮਣੇ ਹੁਣ ਬੇਨਕਾਬ ਹੋ ਗਿਆ ਹੈ। ਹਿਤ ਨੇ ਸਵਾਲ ਕੀਤਾ ਕਿ ਇਕ ਸਾਲ ਦੀ ਲੰਬੀ ਕਾਨੂੰਨੀ ਲੜਾਈ ਦੇ ਬਾਅਦ ਜੇਕਰ ਇੰਜੀਨੀਅਰਿੰਗ ਕਾਲਜ ਨੂੰ ਸੀਟਾਂ ਮਿਲਿਆ ਹਨ ਤਾਂ ਵਡਾਲਾ ਨੂੰ ਕਿਸ ਗੱਲ ਦੀ ਪੀੜ ਹੈ ? ਹਿਤ ਨੇ ਅਫਸੋਸ ਜਤਾਇਆ ਕਿ ਪਹਿਲੇ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕੀਤੇ ਗਏ ਫਰਜ਼ੀ ਕਾਰਜਾਂ ਕਰਕੇ ਪਿਛਲੇ ਸਾਲ ਇੰਜੀਨੀਅਰਿੰਗ ਤੇ ਪਾੱਲੀਟੈਕਨਿਕ ਕਾਲਜਾਂ ਨੂੰ ਸੀਟਾਂ ਨਹੀਂ ਮਿਲੀਆਂ ਸੀ ਪਰ ਇਸ ਵਿੱਦਿਅਕ ਵਰ੍ਹੇ ਇੰਜੀਨੀਅਰਿੰਗ ਕਾਲਜ ਨੂੰ ਸੀਟਾਂ ਮਿਲਣ ਤੋਂ ਬਾਅਦ ਵਡਾਲਾ ਵੱਲੋਂ ਆਪਣੇ ਕਾਰਕੁਨ ਰਾਹੀਂ ਸੀਟਾਂ ਰੱਦ ਕਰਵਾਉਣ ਦੀ ਅਰਜ਼ੀ ਦਾਇਰ ਕਰਵਾਉਣਾ ਸ਼ਰਮਨਾਕ ਕਾਰਾ ਹੈ।
ਹਿਤ ਨੇ ਦੱਸਿਆ ਕਿ ਉਕਤ ਕਾਲਜ ਦੀ ਮਾਨਤਾ ਬਚਾਉਣ ਲਈ ਫਰਜ਼ੀ ਐਨ.ਓ.ਸੀ. ਬਣਾੳਂੁਣ ਕਰਕੇ ਸਰਨਾ ਦੇ ਖ਼ਿਲਾਫ਼ ਪਹਿਲਾਂ ਹੀ ਠੱਗੀ ਦੇ ਮੁਕਦਮੇ ਵਿਚ ਚਾਰਜਸ਼ੀਟ ਕੋਰਟ ’ਚ ਦਾਖਲ ਹੋ ਚੁੱਕੀ ਹੈ ਜਿਸ ਵਿਚ ਸਰਨਾ ਦਾ ਜੇਲ੍ਹ ਜਾਣਾ ਤੈਅ ਹੈ। ਹਿਤ ਨੇ ਵਡਾਲਾ ਨੂੰ ਸਿਆਸਤ ਛੱਡ ਕੇ ਕੀਰਤਨ ਕਰਨ ਦੀ ਸਲਾਹ ਦਿੰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਸਿੱਖ ਬੱਚਿਆਂ ਦੇ ਭਵਿੱਖ ਨੂੰ ਸਵਾਰਨ ਦੇ ਪ੍ਰਤੀਕ ਵੱਜੋਂ ਸਥਾਪਿਤ ਕਾਲਜਾਂ ਨੂੰ ਆਪਣੀ ਸਿਆਸੀ ਮਜਬੂਰੀ ਦਾ ਔਜਾਰ ਨਾ ਬਣਾਉਣ ਦੀ ਨਸੀਹਤ ਦਿੱਤੀ।
ਦਿੱਲੀ ਦੀ ਸੰਗਤ ਨੂੰ ਇਸ ਸੰਬੰਧ ’ਚ ਜਾਗਰੁੱਕ ਹੋਣ ਦਾ ਸੱਦਾ ਦਿੰਦੇ ਹੋਏ ਪਰਮਿੰਦਰ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇੰਜੀਨੀਅਰਿੰਗ ਕਾਲਜ ਦੀ ਜਮੀਨ ਨੂੰ ਲੈ ਕੇ ਚਲੇ ਮਸਲੇ ਨੂੰ ਕਾਨੂੰਨੀ ਤਰੀਕੇ ਨਾਲ ਕਮੇਟੀ ਨੇ ਹੱਲ ਕਰਵਾ ਲਿਆ ਹੈ। ਪਰ ਕੁਝ ਮਤਲਬੀ ਲੋਕਾਂ ਨੂੰ ਬੱਚਿਆਂ ਦੇ ਭਵਿੱਖ ਤੋਂ ਜਿਆਦਾ ਸਿਆਸੀ ਰੋਟੀਆਂ ਸੇਕਣ ’ਚ ਸੁਆਦ ਆਉਂਦਾ ਹੈ। ਹਰਿੰਦਰ ਵੱਲੋਂ ਰੋਜ਼ਾਨਾ ਅਦਾਲਤਾਂ ਵਿਚ ਸੀਨੀਅਰ ਵਕੀਲਾਂ ਦੇ ਜਰੀਏ ਪਾਏ ਜਾ ਰਹੇ ਮੁਕਦਮਿਆਂ ਦੇ ਮਾਲੀ ਭਾਰ ਨੂੰ ਬਰਦਾਸ਼ਤ ਕਰਨ ਵਾਲਿਆਂ ਦੇ ਨਾਂ ਛੇਤੀ ਹੀ ਉਜਾਗਰ ਕਰਨ ਦਾ ਵੀ ਪਰਮਿੰਦਰ ਨੇ ਦਾਅਵਾ ਕੀਤਾ। ਪਰਮਿੰਦਰ ਨੇ ਵਿਰੋਧੀ ਧਿਰਾਂ ਦੀ ਕਾਰਗੁਜਾਰੀ ਨੂੰ ਕੌਮ ਦੇ ਭਵਿੱਖ ਨੂੰ ਕਤਲ ਕਰਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ।
ਜੌਲੀ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਗਹਿਰੀ ਸਾਜ਼ਿਸ਼ ਤਹਿਤ ਹਰਿੰਦਰ ਸਿਆਸੀ ਵਿਰੋਧੀਆਂ ਦਾ ਮੋਹਰਾ ਬਣ ਕੇ ਕੌਮ ਦੇ 2 ਕਾਲਜਾਂ ਨੂੰ ਬੰਦ ਕਰਵਾਉਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਜਿਸਦੇ ਲਈ ਅਦਾਲਤਾਂ ਵਿਚ ਲੱਖਾਂ ਰੁਪਏ ਇੱਕ ਸੁਣਵਾਈ ਬਦਲੇ ਵਸ਼ੂਲਣ ਵਾਲੇ ਵਕੀਲਾਂ ਦੀ ਫ਼ੌਜ ਵੀ ਹਰਿੰਦਰ ਨੂੰ ਪਰਦੇ ਦੇ ਪਿੱਛੋਂ ਉਪਲਬਧ ਕਰਵਾਈ ਜਾ ਰਹੀ ਹੈ। ਜੌਲੀ ਨੇ ਕਿਹਾ ਕਿ ਪੰਥ ਹਿਤ ਦੀ ਗੱਲਾਂ ਕਰਨ ਵਾਲੇ ਅਖੌਤੀ ਆਗੂਆਂ ਦੇ ਕਾਰਨਾਮਿਆਂ ਨੇ ਆਪਣੇ ਕਾਲਜਾਂ ਨੂੰ ਬੰਦ ਕਰਵਾਉਣ ਦਾ ਬੀੜਾ ਚੁੱਕ ਕੇ ਨੀਵੀਂ ਸੋਚ ਨੂੰ ਜਨਤਕ ਕੀਤਾ ਹੈ। ਇਸ ਮੌਕੇ ਕਮੇਟੀ ਦੇ ਮੁਖ ਸਲਾਹਕਾਰ ਮਹਿੰਦਰ ਪਾਲ ਸਿੰਘ ਚੱਢਾ ਤੇ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ ਮੌਜੂਦ ਸਨ।