ਫ਼ਤਹਿਗੜ੍ਹ ਸਾਹਿਬ – “ਜਦੋਂ ਸਿੱਖ ਕੌਮ ਹਰ ਵਰ੍ਹੇ 06 ਜੂਨ ਨੂੰ ਬਲਿਊ ਸਟਾਰ ਦੇ ਫ਼ੌਜੀ ਹਮਲੇ ਅਤੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕਰਦੀ ਹੋਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ਹੀਦੀ ਸਮਾਗਮ ਕਰਦੇ ਹੋਏ ਅਰਦਾਸ ਕਰਦੀ ਹੈ, ਤਾਂ ਇਸ ਵਿਚ ਕਿਸੇ ਵੀ ਹਕੂਮਤ ਵੱਲੋਂ ਸਿੱਖ ਕੌਮ ਨਾਲ ਸੰਬੰਧਤ ਵੱਖ-ਵੱਖ ਸਿਆਸੀ ਪਾਰਟੀਆਂ ਜਾਂ ਸੰਗਠਨਾਂ ਦੇ ਮੈਬਰਾਂ ਨੂੰ ਬਿਨ੍ਹਾਂ ਵਜਹ ਗ੍ਰਿਫ਼ਤਾਰ ਕਰਕੇ ਜਾਂ ਸਿੱਖ ਕੌਮ ਦੇ ਇਸ ਅਤਿ ਸੰਜ਼ੀਦਾ ਮਾਮਲੇ ਵਿਚ ਦਖ਼ਲ ਅੰਦਾਜੀ ਕਰਕੇ ਮਾਹੌਲ ਨੂੰ ਜਾਣਬੁੱਝ ਕੇ ਗੰਧਲਾ ਕੀਤਾ ਜਾਂਦਾ ਰਿਹਾ ਹੈ। ਪਰ ਇਹ ਪਹਿਲੀ ਵਾਰ ਇਕ ਨੇਕ ਅਤੇ ਕੌਮ ਪੱਖੀ ਉਦਮ ਹੋਇਆ ਹੈ ਕਿ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਹੋਰ ਸਿਆਸੀ ਪਾਰਟੀਆਂ ਅਤੇ ਸੰਗਠਨਾਂ ਨਾਲ ਮੁਲਾਕਾਤਾਂ ਕਰਕੇ ਇਸ 06 ਜੂਨ ਦੇ ਕੌਮੀ ਸ਼ਹੀਦੀ ਸਮਾਗਮ ਨੂੰ ਸ਼ਾਤਮਈ ਰੱਖਣ ਅਤੇ ਅਰਦਾਸ ਵਿਚ ਸਭ ਸਿੱਖਾਂ ਵੱਲੋਂ ਬਿਨ੍ਹਾਂ ਕਿਸੇ ਡਰ-ਭੈ ਤੋਂ ਸ਼ਮੂਲੀਅਤ ਕਰਨ ਦਾ ਉਦਮ ਕੀਤਾ ਹੈ। ਜਿਸਦਾ ਅਸੀਂ ਸਵਾਗਤ ਕਰਦੇ ਹਾਂ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਪਹਿਲੇ ਤਾਂ ਬਾਦਲ-ਬੀਜੇਪੀ ਦੀ ਪੰਜਾਬ ਵਿਚ ਹਕੂਮਤ ਹੁੰਦੀ ਸੀ । ਜਿਸ ਕਾਰਨ ਉਹ ਆਪਣੀ ਸਿਆਸੀ ਗੱਲ ਨੂੰ ਉਪਰ ਰੱਖਣ ਲਈ ਅਜਿਹੇ ਗੈਰ-ਵਿਧਾਨਿਕ ਅਮਲ ਕਰਦੇ ਸਨ। ਪਰ ਹੁਣ ਜਦੋਂ ਸਿੱਖ ਕੌਮ ਦੀ ਸਰਬਉੱਚ ਸੰਸਥਾਂ ਐਸ.ਜੀ.ਪੀ.ਸੀ. ਅਤੇ ਸਿਆਸੀ ਸੰਗਠਨਾਂ ਵਿਚ ਇਹ ਤਹਿ ਹੋ ਚੁੱਕਾ ਹੈ ਕਿ 06 ਜੂਨ ਦੇ ਸ਼ਹੀਦੀ ਸਮਾਗਮ ਨੂੰ ਪੂਰਨ ਸਤਿਕਾਰ ਤੇ ਸਰਧਾ ਸਹਿਤ ਸਾਂਝੇ ਤੌਰ ਤੇ ਅਮਨ ਪੂਰਵਕ ਕੀਤਾ ਜਾਵੇਗਾ, ਫਿਰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਹਕੂਮਤ ਅਤੇ ਉਸਦੀ ਪੁਲਿਸ ਵੱਲੋਂ ਸਿੱਖ ਕੌਮ ਦੀਆਂ ਗ੍ਰਿਫ਼ਤਾਰੀਆਂ ਜਾਂ ਸਿੱਖਾਂ ਦੇ ਘਰਾਂ ਤੇ ਪੁਲਿਸ ਛਾਪੇ ਕਿਸ ਦਲੀਲ ਨਾਲ ਮਾਰੇ ਜਾ ਰਹੇ ਹਨ ਅਤੇ ਸਿੱਖ ਕੌਮ ਦੇ ਇਸ ਸ਼ਹੀਦੀ ਸਮਾਗਮ ਦੇ ਮਾਹੌਲ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਅੰਮ੍ਰਿਤਸਰ, ਕਪੂਰਥਲਾ, ਹੁਸਿਆਰਪੁਰ, ਤਰਨਤਾਰਨ, ਜਲੰਧਰ, ਗੁਰਦਾਸਪੁਰ ਅਤੇ ਹੋਰ ਕਈ ਜਿ਼ਲ੍ਹਿਆਂ ਵਿਚ ਪੰਜਾਬ ਪੁਲਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ, ਮੈਬਰਾਂ ਅਤੇ ਸਮਰਥਕਾਂ ਦੇ ਘਰਾਂ ਵਿਚ ਛਾਪੇ ਮਾਰਨ ਅਤੇ ਗ੍ਰਿਫ਼ਤਾਰੀਆਂ ਕਰਨ ਦੀ ਗੈਰ-ਕਾਨੂੰਨੀ ਅਮਲਾਂ ਦੀ ਜੋਰਦਾਰ ਨਿਖੇਧੀ ਕਰਦੇ ਹੋਏ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੂੰ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ। ਸ. ਮਾਨ ਨੇ ਇਸ ਮੁੱਦੇ ਤੇ ਅੱਗੇ ਚੱਲਕੇ ਕਿਹਾ ਕਿ ਹਿੰਦ ਹਕੂਮਤ ਨੇ ਰੂਸ ਅਤੇ ਬਰਤਾਨੀਆ ਨਾਲ ਮਿਲਕੇ 1984 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਸੀ। ਜਿਸ ਵਿਚ ਕੋਈ 25 ਹਜ਼ਾਰ ਦੇ ਕਰੀਬ ਸਿੱਖ ਸਰਧਾਲੂ ਜੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਦਿਹਾੜੇ ਉਤੇ ਨਤਮਸਤਕ ਹੋਣ ਆਏ ਸਨ ਅਤੇ ਜੋ ਨਿਰਦੋਸ਼ ਅਤੇ ਨਿਹੱਥੇ ਸਨ, ਉਨ੍ਹਾਂ ਨੂੰ ਹਿੰਦ ਦੀਆਂ ਫ਼ੌਜਾਂ ਅਤੇ ਹੁਕਮਰਾਨਾਂ ਨੇ ਅਣਮਨੁੱਖੀ ਜੁਲਮ ਕਰਕੇ ਕਤਲੇਆਮ ਕਰ ਦਿੱਤਾ। ਇਸ ਘੱਲੂਘਾਰੇ ਦੇ ਹੋਏ ਕਤਲੇਆਮ ਅਤੇ ਸਿੱਖੀ ਸੰਸਥਾਵਾਂ ਦੇ ਹੋਏ ਅਪਮਾਨ ਨੂੰ ਸਿੱਖ ਕੌਮ ਕਦੀ ਨਹੀਂ ਭੁੱਲ ਸਕਦੀ ਅਤੇ ਨਾ ਹੀ ਸਾਨੂੰ ਆਪਣੇ ਉਪਰੋਕਤ ਸ਼ਹੀਦਾਂ ਨੂੰ ਯਾਦ ਕਰਨ ਲਈ ਰੱਖੇ ਜਾਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਮਾਗਮ ਤੋਂ ਦੁਨੀਆਂ ਦੀ ਕੋਈ ਤਾਕਤ ਰੋਕ ਸਕਦੀ ਹੈ। ਅਸੀਂ ਇਹ ਅਰਦਾਸ ਸਮਾਗਮ ਪੁਰ-ਅਮਨ ਅਤੇ ਜਮਹੂਰੀਅਤ ਢੰਗਾਂ ਰਾਹੀ ਕਰਨ ਜਾ ਰਹੇ ਹਾਂ ਅਤੇ ਇਸ ਸਮਾਗਮ ਨੂੰ ਸਹੀ ਸੋਚ ਨਾਲ ਪੂਰਨ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਭ ਸਿਆਸੀ ਸਿੱਖ ਸੰਗਠਨ ਇਕਮਤ ਹਨ। ਜੋ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਵੱਲੋਂ ਜਾਂ ਸੈਟਰ ਦੀ ਮੋਦੀ ਹਕੂਮਤ ਵੱਲੋਂ ਸਿੱਖਾਂ ਦੀਆਂ ਬਿਨ੍ਹਾਂ ਵਜਹ ਗ੍ਰਿਫ਼ਤਾਰੀਆਂ ਕਰਕੇ ਜਾਂ ਛਾਪੇ ਮਾਰਕੇ ਦਹਿਸਤ ਪਾਈ ਜਾ ਰਹੀ ਹੈ, ਸਿੱਖ ਕੌਮ ਇਸ ਚੁਣੋਤੀ ਨੂੰ ਪ੍ਰਵਾਨ ਕਰਦੀ ਹੈ ਅਤੇ ਹਰ ਕੀਮਤ ਤੇ ਸਿੱਖ ਕੌਮ 06 ਜੂਨ 2017 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਕੇ ਆਪਣੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੇਗੀ। ਜੇਕਰ ਕੈਪਟਨ ਜਾਂ ਮੋਦੀ ਹਕੂਮਤ ਇਹ ਸਮਝਦੇ ਹਨ ਕਿ ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਕਰਕੇ ਜਾਂ ਛਾਪੇ ਮਾਰਕੇ ਇਸ ਮਹਾਨ ਸ਼ਹੀਦੀ ਦਿਨ ਨੂੰ ਦੁਨੀਆਂ ਦੇ ਨਕਸ਼ੇ ਤੋਂ ਦੂਰ ਕਰ ਦੇਣਗੇ, ਤਾਂ ਇਹ ਦੋਵੇ ਹਕੂਮਤਾਂ ਬਹੁਤ ਵੱਡੇ ਭੁਲੇਖੇ ਵਿਚ ਹਨ। ਕਿਉਂਕਿ ਸਿੱਖ ਕੌਮ ਨਾ ਤਾਂ ਆਪਣੇ ਉਤੇ ਹੋਏ ਕਿਸੇ ਜ਼ਬਰ-ਜੁਲਮ ਨੂੰ ਭੁੱਲਦੀ ਹੈ ਅਤੇ ਨਾ ਹੀ ਜ਼ਾਬਰਾਂ ਨੂੰ ਕਦੀ ਮੁਆਫ਼ ਕਰਦੀ ਹੈ। ਇਹ ਗੱਲ ਹੁਕਮਰਾਨਾਂ ਨੂੰ ਚੇਤੇ ਰੱਖਣੀ ਪਵੇਗੀ।
ਸ. ਮਾਨ ਨੇ ਕਿਹਾ ਕਿ 05 ਜੂਨ 2017 ਨੂੰ ਗੁਰਦੁਆਰਾ ਸ੍ਰੀ ਲੋਹਗੜ੍ਹ ਸਾਹਿਬ ਅੰਮ੍ਰਿਤਸਰ ਤੋਂ ਮਾਰਚ ਚੱਲਕੇ ਦੁਰਗਿਆਨਾ ਮੰਦਰ ਦੇ ਸ਼ਮਸਾਨਘਾਟ ਤੱਕ ਜਾਵੇਗਾ। ਇਹ ਮਾਰਚ ਉਨ੍ਹਾਂ ਮੁਸਲਮਾਨਾਂ, ਹਿੰਦੂਆਂ, ਸਿੱਖਾਂ ਅਤੇ ਰੰਘਰੇਟਿਆਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਅਮਨ ਪੂਰਵਕ ਤਰੀਕੇ ਹੋਵੇਗਾ। ਜਿਨ੍ਹਾਂ ਨੂੰ ਸਮੇਂ ਦੀਆਂ ਹਕੂਮਤਾਂ ਨੇ ਦਰਿਆਵਾਂ, ਨਹਿਰਾਂ ਵਿਚ ਅਣਪਛਾਤੀਆਂ ਲਾਸ਼ਾਂ ਕਹਿਕੇ ਪਾਣੀ ਵਿਚ ਵਹਾ ਦਿੱਤਾ ਜਾਂ 25 ਹਜ਼ਾਰ ਉਨ੍ਹਾਂ ਸਰੀਰਾਂ ਜਿਨ੍ਹਾਂ ਨੂੰ ਹੁਕਮਰਾਨਾਂ ਨੇ ਜ਼ਬਰੀ ਗੈਰ-ਧਾਰਮਿਕ ਤਰੀਕੇ ਸੰਸਕਾਰ ਕਰ ਦਿੱਤੇ ਹਨ। ਇਹ ਮਾਰਚ ਕਿਸੇ ਵੀ ਕੌਮ, ਧਰਮ ਜਾਂ ਫਿਰਕੇ ਦੇ ਵਿਰੁੱਧ ਨਹੀਂ ਅਤੇ ਨਾ ਹੀ ਜਮਹੂਰੀਅਤ ਅਤੇ ਸਮਾਜਿਕ ਕਦਰਾ-ਕੀਮਤਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਵਾਲਾ ਹੈ। ਇਹ ਤਾਂ ਉਨ੍ਹਾਂ ਅਣਪਛਾਤੀਆਂ ਲਾਸ਼ਾਂ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕਰਨ ਦਾ ਇਕ ਉਦਮ ਹੋਵੇਗਾ। ਜੇਕਰ ਸਰਕਾਰ ਨੇ ਜਾਂ ਮੁਤੱਸਵੀ ਸਾਜਿਸ਼ੀਆਂ ਨੇ ਸਾਡੇ ਦੋਵੇ ਉਪਰੋਕਤ 05 ਜੂਨ ਵਾਲੇ ਮਾਰਚ ਅਤੇ 06 ਜੂਨ ਵਾਲੇ ਸ਼ਹੀਦੀ ਸਮਾਗਮ ਵਿਚ ਕੋਈ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਸਿੱਖ ਕੌਮ ਇਸ ਨੂੰ ਬਿਲਕੁਲ ਸਹਿਣ ਨਹੀਂ ਕਰੇਗੀ। ਇਸ ਲਈ ਹਰ ਗੁਰਸਿੱਖ 05 ਜੂਨ ਅਤੇ 06 ਜੂਨ ਦੇ ਕੌਮੀ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰੇ ਤਾਂ ਕਿ ਹਕੂਮਤਾਂ ਵੱਲੋਂ ਸਿੱਖ ਕੌਮ ਵਿਚ ਪਾਈ ਜਾਣ ਵਾਲੀ ਦਹਿਸ਼ਤ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਇਸ ਸਾਜਿ਼ਸ਼ ਨੂੰ ਅਸੀਂ ਇੱਕ ਹੋ ਕੇ ਅਸਫ਼ਲ ਬਣਾ ਸਕੀਏ ।