ਅੰਮ੍ਰਿਤਸਰ – ਸਿੱਖ ਜਗਤ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ।ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਦੀ ਅਰਦਾਸ ਗਿਆਨੀ ਮਲਕੀਤ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੀਤੀ ਤੇ ਹੁਕਮਨਾਮਾ ਭਾਈ ਸੁਖਵਿੰਦਰ ਸਿੰਘ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲਿਆ।
6 ਜੂਨ 1984 ਘੱਲੂਘਾਰਾ ਦਿਵਸ ਹਰ ਸਾਲ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਅਤੇ ਧਾਰਮਿਕ ਸਿੱਖ ਜਥੇਬੰਦੀਆਂ ਬਹੁਤ ਹੀ ਵਿਰਾਗਮਈ ਭਾਵਨਾ ਨਾਲ ਮਨਾਉਂਦੀਆਂ ਹਨ। ਇਸ ਸਬੰਧ ਵਿਚ ਪਿਛਲੇ ਦਿਨਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ। ਕਿਰਪਾਲ ਸਿੰਘ ਬਡੂੰਗਰ ਨੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਮਿਲ ਕੇ ਕੌਮੀ ਇਕਜੁਟਤਾ ਲਈ ਸ਼ਹੀਦੀ ਸਮਾਗਮ ਵਿਚ ਪਹੁੰਚਣ ਲਈ ਵਿਚਾਰਾਂ ਕੀਤੀਆਂ ਹਨ। ਉਨ੍ਹਾਂ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਮੇਤ ਸਮੂਹ ਗੁਰਦੁਆਰਿਆਂ ਵਿਖੇ ਹੋ ਰਹੇ ਧਾਰਮਿਕ ਸਮਾਗਮਾਂ ਮੌਕੇ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਬਹੁਤ ਹੀ ਸਹਿਜ, ਸੰਜਮ, ਸਹਿਨਸ਼ੀਲਤਾ ਨਾਲ ਮਨਾਉਂਦਿਆਂ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸ਼ਹੀਦ ਹੋਏ ਸਿੰਘਾਂ/ਸਿੰਘਣੀਆਂ ਨੂੰ ਪੂਰਨ ਸ਼ਰਧਾ ਅਤੇ ਸਤਿਕਾਰ ਭੇਟ ਕਰਨ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ 6 ਜੂਨ 1984 ਦੇ ਹਮਲੇ ਵਿੱਚ ਮਹਾਨ ਸ਼ਹੀਦਾਂ ਨੇ ਸ਼ਹੀਦੀਆਂ ਦੇ ਕੇ ਸਮੇਂ ਦੀ ਕੇਂਦਰ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਯਾਦ ‘ਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ। ਜਿਨ੍ਹਾਂ ਦੇ ਭੋਗ 6 ਜੂਨ ਸਵੇਰ ਨੂੰ ਪੈਣਗੇ।
ਇਸ ਮੌਕੇ ਭਾਈ ਮਨਜੀਤ ਸਿੰਘ ਭੂਰਾਕੋਹਨਾ, ਸ। ਮਗਵਿੰਦਰ ਸਿੰਘ ਖਾਪੜਖੇੜੀ। ਸ। ਭਗਵੰਤ ਸਿੰਘ ਸਿਆਲਕਾ, ਸ। ਅਜੈਬ ਸਿੰਘ ਅਭਿਆਸੀ, ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਸਾਰੇ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਈਸ਼ਰ ਸਿੰਘ ਸਪੁੱਤਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਸ। ਕਰਨੈਲ ਸਿੰਘ ਪੀਰ ਮੁਹੰਮਦ, ਸ। ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ। ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ। ਸੁਖਰਾਜ ਸਿੰਘ ਵਧੀਕ ਮੈਨੇਜਰ, ਸ। ਬਲਦੇਵ ਸਿੰਘ ਗਿੱਲ, ਸ। ਮੇਜਰ ਸਿੰਘ ਚੱਕ, ਦਿਲਬਾਗ ਸਿੰਘ ਗਿੱਲ ਤੋਂ ਇਲਾਵਾ ਸਿੱਖ ਸੰਗਤਾਂ ਮੌਜੂਦ ਸਨ।