ਨਵੀਂ ਦਿੱਲੀ – ਸੀਬੀਆਈ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਐਨ.ਡੀ.ਟੀ.ਵੀ. ਦੇ ਕੋ-ਫਾਊਂਡਰ ਅਤੇ ਐਕਜੀਕਿਊਟਿਵ ਕੋ-ਚੇਅਰਪ੍ਰਸਨ ਪ੍ਰਣਵ ਰਾਏ ਦੇ ਖਿਲਾਫ਼ ਛਾਪੇਮਾਰੀ ਕੀਤੀ ਜਾ ਰਹੀ ਹੈ। ਦਿੱਲੀ ਅਤੇ ਦੇਹਰਾਦੂਨ ਦੀਆਂ 4 ਜਗ੍ਹਾ ਤੇ ਛਾਪੇ ਮਾਰੇ ਜਾ ਰਹੇ ਹਨ। ਇਹ ਕਿਹਾ ਜਾ ਰਿਹਾ ਹੈ ਕਿ ਪ੍ਰਣਵ ਰਾਏ, ਉਨ੍ਹਾਂ ਦੀ ਪਤਨੀ ਰਾਧਿਕਾ ਰਾਏ, ਇੱਕ ਪਰਾਈਵੇਟ ਕੰਪਨੀ ਅਤੇ ਹੋਰਨਾਂ ਨੇ ਕਥਿਤ ਤੌਰ ਤੇ ਬੈਂਕਾਂ ਨਾਲ ਹੇਰਾਫੇਰੀ ਕੀਤੀ ਹੈ।
ਸੀਬੀਆਈ ਅਨੁਸਾਰ ਪ੍ਰਣਵ ਰਾਏ ਦੇ ਦਿੱਲੀ ਸਥਿਤ ਨਿਵਾਸ ਤੇ ਛਾਪਾ ਮਾਰਿਆ ਗਿਆ ਹੈ। ਉਨ੍ਹਾਂ ਤੇ ਆਈਸੀਆਈਸੀਆਈ ਬੈਂਕ ਨੂੰ ਕਥਿਤ ਤੌਰ ਤੇ 48 ਕਰੋੜ ਰੁਪੈ ਦਾ ਨੁਕਸਾਨ ਪਹੁੰਚਾਉਣ ਦਾ ਮਾਮਲਾ ਵੀ ਦਰਜ਼ ਕੀਤਾ ਹੈ। ਦਿੱਲੀ ਵਿੱਚ ਪ੍ਰਣਵ ਦੇ ਨਿਵਾਸ ਸਥਾਨ ਤੇ ਸਵੇਰੇ 8 ਵਜੇ ਅਤੇ ਦੇਹਰਾਦੂਨ ਵਾਲੇ ਘਰ ਵਿੱਚ ਵੀ ਤੜਕੇ ਛਾਪੇਮਾਰੀ ਕੀਤੀ ਗਈ। ਬੈਂਕ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਉਨ੍ਹਾਂ ਦੀ ਪਤਨੀ ਤੋਂ ਵੀ ਪੁਛਗਿੱਛ ਕੀਤੀ ਗਈ।
ਐਨਡੀਟੀਵੀ ਨੇ ਸੀਬੀਆਈ ਵੱਲੋਂ ਮਾਰੇ ਗਏ ਇਨ੍ਹਾਂ ਛਾਪਿਆਂ ਦੇ ਸਬੰਧ ਵਿੱਚ ਸਫ਼ਾਈ ਦਿੰਦੇ ਹੋਏ ਪਰੇਸ਼ਾਨ ਕਰਨ ਦਾ ਆਰੋਪ ਲਗਾਉਂਦੇ ਹੋਏ ਕਿਹਾ ਕਿ ਪ੍ਰਣਵ ਰਾਏ ਨੂੰ ਝੂਠੇ ਮਾਮਲਿਆਂ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦੇਸ਼ ਦੇ ਲਈ ਲੜਾਂਗੇ ਅਤੇ ਅਜਿਹੀਆਂ ਤਾਕਤਾਂ ਦਾ ਵਿਰੋਧ ਕਰਦੇ ਰਹਾਂਗੇ। ਇਹ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਣ ਅਤੇ ਆਮ ਵਿਅਕਤੀ ਦੀ ਨਿਜੀ ਆਜ਼ਾਦੀ ਖੋਹਣ ਦੀ ਸਾਜਿਸ਼ ਹੈ, ਅਸੀਂ ਇਸ ਤੋਂ ਡਰਨ ਵਾਲੇ ਨਹੀਂ ਹਾਂ।
ਵਰਨਣਯੋਗ ਹੈ ਕਿ ਬੀਜੇਪੀ ਨੇਤਾ ਸਵਾਮੀ ਨੇ ਪਿੱਛਲੇ ਸਾਲ ਮੋਦੀ ਨੂੰ ਪੱਤਰ ਲਿਖ ਕੇ ਹਵਾਲਾ ਦੇ ਆਰੋਪ ਲਗਾਏ ਸਨ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਸੀਬੀਆਈ ਨੂੰ ਐਨਡੀਟੀਵੀ ਦੇ ਖਿਲਾਫ਼ ਕੇਸ ਦਰਜ਼ ਕਰਨ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਸੀ।