ਦਫਤਰੋਂ ਜਦੋਂ ਘਰ ਪੈਰ ਧਰਦਾ ਹਾਂ, ਤਾਂ ਨਿੱਕੀ ਜਿਹੀ ਭਤੀਜੀ ਸੁਖਮਨ ਛੋਟੀਆਂ ਛੋਟੀਆਂ ਬਾਹਾਂ ਉਲਾਰ-ਉਲਾਰ ਕੇ ਜਦੋਂ ਕੁੱਛੜ ਚੜਨ ਤੇ ਗਲ ਨੂੰ ਚਿੰਬੜਣ ਲਈ ਤਰਲੋ-ਮੱਛੀ ਹੁੰਦੀ ਹੈ ਤਾਂ ਉਸਦੀ ਰੱਬੀ ਚੇਹਰੇ ਦੀ ਮੁਸਕਰਾਹਟ ਤੇ ਮੇਰੀ ਮਨ ਦੀ ਖੁਸ਼ੀ ਨੂੰ ਮਾਨੋਂ ਸਵਰਗੀ, ਬਹਸ਼ਤੀ ਸਕੂਨ ਦੇ ਆਲਮੀਂ ਪਹੁੰਚਾ ਦਿੰਦੀ ਹੈ, ਦਫਤਰੀ ਕੰਮ ਕਾਜ ਦੀ ਸਾਰੀ ਥਕਾਵਟ ਪਲਾਂ ਛਿਨਾਂ ਚ ਗਾਇਬ ਹੋ ਜਾਂਦੀ ਹੈ।
ਛੋਟੇ ਬੱਚੇ ਨੂੰ ਕਈ ਚੁੱਕਦੇ-ਦੁਲਾਰਦੇ ਹਨ, ਪਰ ਸਾਡੀ ਸੁਖਮਨ ਬਹੁਤ ਛੋਟੀ ਹੈ ੭ ਕੁ ਮਹੀਨਿਆ ਦੀ, ਉਸਦੇ ਬਿਨਾਂ ਦੰਦਾਂ ਦੇ ਬੁੱਟਾਂ ਦਾ ਹਾਸਾ, ਕਿਲਕਾਰੀਆਂ, ਰੌਲਾ ਤੇ ਮੇਰੀ ਛਵੀ ਤੇ ਚੇਹਰੇ ਨੂੰ ਮਨ ਚ ਵਸਾਈ ਰੱਖਣਾ ਤੇ ਵੇਖਦੇ ਹੀ ਪਛਾਣ ਕੇ ਮੈਨੂੰ ਚੰਬੜਣ ਲਈ ਭੱਜਣਾ ਸੱਚੀ ਹੀ ਅਸਲ,ਆਤਮਿਕ ਤੇ ਅੰਦਰੂਨੀ ਦਿਲੀ ਖੁਸੀ ਦੇ ਜਾਂਦਾ ਹੈ ਜੋ ਰੂਹ ਨੂੰ ਅਨੰਤ ਆਪਣੇਪਨ ਦੀ ਖੁਸੀ ਨਾਲ ਭਰ ਜਾਂਦਾ ਹੈ ਤੇ ਮੈਂ ਹੀ ਨਹੀ ਹਰ ਕੋਈ ਇਹੋ ਮਹਿਸੂਸ ਕਰੇਗਾ ਕਿ ਇਹ ਪਲ ਮੁੱਕਣ ਚ ਨਾ ਆਵੇ। ਬੱਚੇ ਰੱਬ ਦਾ ਰੂਪ ਹੁੰਦੇ ਹਨ, ਉਨਾਂ ਦੀ ਮੁਕਰਾਹਟ ਰੱਬੀ ਦਰਸ਼ ਕਰਾ ਜਾਂਦੀ ਹੈ।
ਭਾਵੇਂ ਕਿ ਬੱਚੇ ਦੇ ਵੱਡੇ ਹੋਣ ਤੇ ਉਸਦਾ ਸਮਾਜ-ਵਿਹਾਰਾਂ ਤੇ ਸਰੋਕਾਰਾਂ ਨਾਲ ਸਾਹਮਣਾ ਹੋਣ ਤੇ ਬਦਲਣਾ ਤੇ ਸਿੱਖਣਾ-ਸਿੱਝਣਾ ਅਟੱਲ ਹੈ ਫਿਰ ਵੀ ਮਾਂ ਪਿਓ ਦੇ ਪਿਆਰ ਦੀ ਘਾਟ ਕਦੇ ਨਹੀ ਹੁੰਦੀ, ਪੁੱਤ ਤਾਂ ਕਪੁੱਤ ਹੋ ਹੀ ਜਾਂਦੇ ਹਨ, ਪਰ ਧੀਆਂ ਕਦੇ ਨਹੀ ਕੁਧੀਆਂ ਨਹੀ ਹੁੰਦੀਆਂ । ਧੀਆਂ ਚਾਹੇ ਆਪੋ ਆਪਣੇ ਘਰੀਂ ਚਾਹੇ ਸੁਖੀ ਹੋਵਣ ਚਾਹੇ ਦੁਖੀ ਹਮੇਸਾਂ ਮਾਂ ਪਿਓ ਦੀ ਸਿਹਤਯਾਬੀ ਤੇ ਖੈਰ ਸੁੱਖ ਤੇ ਸਾਂਤੀ ਲਈ ਦੁਆਵਾਂ ਮੰਗਦੀਆਂ ਤੇ ਸਿੱਕਾਂ ਸਿੱਕਦੀਆਂ ਰਹਿੰਦੀਆਂ ਹਨ । ਮੈਂ ਸਮਾਜਾਂ-ਰਿਵਾਜਾਂ ਤੇ ਧਰਮਾਂ-ਕਰਮਾਂ ਦੇ ਘਾੜਿਆਂ ਨੂੰ ਇੱਕ ਸਵਾਲ ਕਰਦਾ ਹਾਂ ਕਿ ਸਾਰੀਆਂ ਬੰਦਿਸਾਂ, ਵਿਤਕਰੇ, ਭਰੂਣ ਹੱਤਿਆ ਜਿਹੇ ਪਾਪਾਂ ਦੇ ਸਿਕਾਰ ਹੋਣਾ ਇਨਾਂ ਦੇ ਹਿੱਸੇ ਹੀ ਕਿਉਂ ਆਉਂਦਾ ਹੈ। ਅਸੀਂ ਸੱਭਿਅਕ ਸਮਾਜ ਦੇ ਧਾਰਨੀ ਹੁੰਦੇ ਹੋਏ ਵੀ ਕੁੜੀਆਂ ਨੂੰ ਮਾਰਣ ਜਿਹੇ, ਸਾੜਣ ਜਿਹੇ ਪਾਪ ਕਿਉਂ ਕਰਦੇ ਹਾਂ। ਜਨਮ ਤੋਂ ਲੈ ਕੇ ਹੀ ਇਨਾਂ ਨੂੰ ਖਾਣ ਪੀਣ ਤੇ ਪਹਿਨਣ ਦੇ ਵਿਤਕਰੇ ਕਿਉਂ ਝਲਣੇ ਪੈਂਦੇਂ ਨੇ ਲੜਕਿਆਂ ਨੂੰ ਕਿਓਂ ਨਹੀ। ਧੀਆਂ ਨੂੰ ਬੇਗਾਨਾ ਧੰਨ, ਚਿੜੀਆਂ ਜਾਂ ਪ੍ਰਾਹੁਣੀਆਂ ਕਿਉਂ ਗਿਣਿਆਂ ਜਾਂਦਾ ਹੈ। ਉਹ ਤਾਂ ਮਾਂ ਪਿਓ ਦੇ ਅੱਖਾਂ ਦਾ ਤਾਰਾ ਤੇ ਰਾਜਕੁਮਾਰੀਆਂ ਜਿਹੀਆਂ ਹੁੰਦੀਆਂ ਹਨ। ਉਹ ਤਾਂ ਮਾਂ ਪਿਓ ਦੇ ਸਦਾ ਦਿਲ ਵਿਚ ਵਸਦੀਆਂ ਨੇ, ਜੋ ਹਰ ਹਾਲ ਖੁਸੀਂ ਗਮੀ ਦੇ ਮੌਕੇ ਮਾਂ ਪਿਓ ਦੇ ਬੋਲਾਂ ਤੇ ਫੁੱਲ ਚੜਾਉਦੀਆਂ ਹਨ। ਕਾਹਤੋਂ ਅਸੀ ਗਾਉਦੇ ਹਾਂ ਇਕ ਵੀਰ ਦੇਈਂ ਵੇ ਰੱਬਾ, ਦਿਲ ਰੱਖੜੀ ਬੰਨਣ ਨੂੰ ਕਰਦਾ। ਧੀਆਂ ਦੀਆਂ ਬਰਕਤਾਂ ਤੇ ਦੁਆਵਾਂ ਨਾਲ ਹੀ ਸਭ ਨੂੰ ਵੀਰਾਂ ਦੀ ਦਾਤ ਬਖਸ਼ਦਾ ਹੈ। ਧੀਆਂ ਵੀਰਾਂ ਦੀ ਰੱਖੜੀ ਤੇ ਬਾਬਲੇ ਦੀ ਪੱਗ ਹੁੰਦੀਆਂ ਹਨ। ਹਰ ਘਰ ਦੀ ਬਕਰਤ, ਸਾਨ, ਆਣ ਤੇ ਧਰੇਕਾਂ ਜਿਹੀ ਮਿੱਠੜੀ ਛਾਂ ਹੁੰਦੀਆਂ ਹਨ। ਏਹ ਧੀਆਂ ਦੇ ਹੀ ਹਿੱਸੇ ਆਇਆ ਹੈ ਕਦੇ ਨਾ ਰੁੱਸਣਾ, ਆਪਣੀ ਬਾਜੀ ,ਖਿਡੌਣਾ ਤੇ ਰੋਟੀ ਖਾਣ ਵਾਲੀ ਚੀਜ ਵੀ ਵੀਰ ਨੂੰ ਦੇ ਦੇਣਾ ਪਰ ਉਸ ਨੂੰ ਰੁੱਸਣ ਨਾ ਦੇਣਾ, ਖੁਦ ਬੇਬੇ ਬਾਪੂ ਤੋਂ ਝਿੜਕਾਂ ਲੈ ਲੈਣਾ ਪਰ ਛੋਟੇ ਵੀਰ ਨੂੰ ਬਚਾ ਲੈਣਾ, ਵੀਰ ਦੇ ਚਾਅ ਤੇ ਮਾਪਿਆਂ ਦੀ ਖੁਸ਼ੀ ਤੇ ਸੁੱਖ ਨੂੰ ਤਾਂਘਣਾਂ, ਪੇਕੇ ਘਰ ਦੀ ਸੁੱਖ ਤੇ ਉਡੀਕ ਰੱਖਣਾ, ਪਹਿਲਾਂ ਪੇਕੇ ਘਰ ਤੇ ਫਿਰ ਸਹੁਰੇ ਪਰਿਵਾਰ ਨੂੰ ਖੁਸ਼ਹਾਲ ਤੇ ਅਬਾਦ ਕਰਨਾ।
ਧੀਆਂ ਦੇ ਵੀ ਪੂਰੇ ਸ਼ਗਨ ਮਨਾਉਣੇ ਚਾਹੀਦੇ ਹਨ, ਧੀਆਂ ਦੇ ਵੀ ਹਰ ਚਾਅ ਖੁਸ਼ੀ ਪੂਰੀ ਕਰਨੀ ਚਾਹੀਦੀ ਹੈ, ਧੀਆਂ ਦੇ ਵੀ ਜਨਮਦਿਨ ਮਨਾਉਣੇ ਚਾਹੀਦੇ ਹਨ। ਧੀਆਂ ਦੇ ਵੀ ਲੜਕਿਆਂ ਦੇ ਬਰਾਬਰ ਹੀ ਸਿੱਖਿਆ ਦੇਣੀ, ਪਰਵਰਿਸ਼ ਤੇ ਦੇਖਭਾਲ ਕਰਨੀ ਚਾਹੀਦੀ ਹੈ।
ਪੰਜਾਬ ਸਰਕਾਰ ਦੀ ਧੀਆਂ ਦੇ ਭਲੇ ਤੇ ਵਿਕਾਸ ਹਿੱਤ ਚਲਾਈ ਸਕੀਮ ਨੰਨੀ ਛਾਂ ਵੀ ਆਰੰਭੀ ਗਈ ਹੈ, ਪਰ ਕੇਂਦਰ ਸਰਕਾਰ ਦੀ ਸੇਵਾ ਸੁਕੰਨਿਆ ਸਮਰਿੱਧੀ ਯੋਜਨਾ ਵਿੱਚ ਕਾਫੀ ਲੋਕ ਦਿਲਚਸਪੀ ਦਿਖਾਈ ਹੈ ਜੋ ਕਿ ਕਾਫੀ ਵਧੀਆ ਸੰਕੇਤ ਹੈ। ਧੀ ਦੇ ਪੜ ਲਿਖ ਤੇ ਜਵਾਨ ਹੋਣ ਇਸ ਸਕੀਮ ਰਾਹੀਂ ਜਮਾਂ ਕਰਵਾਇਆ ਪੈਸਾ ਉਸਦੇ ਕੰਮ ਆਉੱਦਾ ਹੈ।
ਕਿਸੇ ਲੇਖਕ ਨੇ ਠੀਕ ਹੀ ਲਿੱਖਿਆ ਹੈ ਕਿ ਧੀਆਂ ਅਤੇ ਧਰੇਕਾਂ ਵੇਹੜੇ ਦੀ ਰੌਣਕ ਹੁੰਦੀਆਂ ਹਨ। ਸਾਰੇ ਹੀ ਘਰ ਇਨਾਂ ਦੀ ਹੀ ਪੈੜੇ ਦੀ ਬਰਕਤ ਤੇ ਖੁਸੀ ਦੇ ਆਸਰੇ ਚਲਦੇ ਤੇ ਵੱਸਦੇ ਹਨ। ਰੱਬ ਕਰੇ ਸਭ ਘਰਾਂ ਦੇ ਵੇਹੜੇ ਏਨਾਂ ਦੀ ਪੈੜ ਦੀ ਬਰਕਤ ਤੇ ਹਾਸਿਆਂ ਨਾਲ ਮਹਿਕਦੇ ਰਹਿਣ ਤੇ ਅਬਾਦ ਰਹਿਣ। ਛੋਟੀਆਂ ਬੱਚੀਆਂ ਦੇ ਰੂਪ ਵਿਚ ਧੀਆਂ ਜਦੋਂ ਨਿੱਕੇ ਨਿੱਥੇ ਹੱਥਾਂ ਨਾਲ ਮਾਂ ਦੀ ਨਕਲ ਕਰਦੀ, ਮਾਂ ਦੀ ਚੁੰਨੀ ਨੂੰ ਵੇਹੜੇ ਚ ਧੂੰਹਦੀ ਫਿਰਨਾ, ਮਾਂ ਦੀ ਵੱਡੀ ਜੁੱਤੀ ਪਹਿਨਦੀ ਹੈ, ਆਟਾ ਗੁੱਨਣ ਦੀ ਕੋਸਿਸ਼ ਕਰਦੀ ਹੈ, ਰਸੋਈ ਵਿਚੋਂ ਪਿਤਾ ਲਈ ਰੋਟੀ ਫੜ੍ਹ ਕੇ ਲਿਆਂਉਂਦੀ ਹੈ ਤਾਂ ਮਨ ਡਾਹਢਾ ਖੁਸੀ ਨਾਲ ਭਰ ਜਾਂਦਾ ਹੈ। ਧੀਆਂ ਦੇ ਨਿੱਕੇ ਨਿੱਕੇ ਹੁੱਥਾਂ ਵਿੱਚ ਵਡੀਆਂ ਵਡੀਆਂ ਬਰਕਤਾਂ ਹੋਣ ਦਾ ਮਾਣ ਮਹਿਸੂਸ ਹੁੰਦਾ ਹੈ। ਲੋੜ ਹੈ ਧੀਆਂ ਨੂੰ ਸਦਾ ਸੁੱਖ ਵਸਣ ਰੱਸਣ ਤੇ ਕਾਮਯਾਬੀਆਂ ਦੀਆਂ ਰਾਹਾਂ ਨੂੰ ਫੜ੍ਹਣ ਦਾ ਮਾਹੋਲ ਤੇ ਰਾਹ ਮੁਹੱਇਆ ਕਰਾਉਣਾ।
ਪੰਜਾਬ ਦੇ ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਜੀ ਦੇ ਗੀਤ ਦੇ ਬੋਲ ਅੱਟਲ ਤੇ ਬੜੀ ਗੂੜ-ਗੰਭੀਰ ਸੱਚਾਈ ਬਿਆਨ ਕਰ ਜਾਂਦਾ ਹੈ। ਗੀਤ ਦੇ ਬੋਲ ਹਨ:-
ਮਾਂ ਮੈਂ ਮੁੜ ਨਹੀ ਪੇਕੇ ਆਉਣਾਂ, ਪੇਕੇ ਹੁੰਦੇ ਮਾਵਾਂ ਨਾਲ।
ਭਾਬੀਆਂ ਨੱਕ ਬੁੱਲ ਵੱਟਦੀਆ ਨੇ। ਤੇ ਵੀਰਾਂ ਦੇ ਨਾ ਵੱਸ ਚਲਦੇ ਨੇ,
ਬੁੱਢੇ ਬਾਪ ਦੇ ਅੱਥਰੂ ਮਾਏਂ, ਅੰਦਰੋਂ ਅੰਦਰੀਂ ਵਗਦੇ ਨੇ।
ਇਸ ਗੀਤ ਵਿੱਚ ਧੀਆਂ ਦੇ ਪਿਆਰ ਨਾਲ ਇੱਕ ਇੱਕ ਅਖਰ ਗੜੁਚ ਹੋਇਆ ਹੈ। ਕਮਾਲ ਦਾ ਬਿਆਨ ਕੀਤਾ ਹੈ ਲੇਖਕ ਨੇ। ਧੀਆਂ ਦਾ ਸੰਸਾਰ ਪੇਕੇ ਘਰ ਵਿਚ ਮਾਂ ਨਾਲ ਹੀ ਹੁੰਦਾ ਹੈ ਕਿਉਂਕਿ ਭਰਾ ਭਾਬੀਆਂ ਤੇ ਬੱਚਿਆਂ ਦੀ ਦੁਨੀਆਂ ਵਿੱਚ ਰੁੱਝ ਜਾਂਦੇ ਹਨ।
ਕਿੰਨਾ ਮਹਾਨ ਸੱਚ ਹੈ ਕੇ ਭਰਾ ਭਾਈ ਮਾਂ ਬਾਪ ਦੇ ਨੇੜੇ ਰਹਿੰਦੇ ਹੋਏ ਵੀ ਮਾਂ ਬਾਪ ਦਾ ਖਿਆਲ ਨਹੀ ਰੱਖਦੇ ਜਦ ਕਿ ਧੀਆਂ ਲੱਖ ਦੂਰ ਵਿਆਹੀਆਂ ਹੋਣ ਦੇ ਬਾਵਜੂਦ ਵੀ ਹਮੇਸ਼ਾਂ ਮਾਂ ਬਾਪ ਦੇ ਪਿਆਰ ਨੂੰ ਦਿਲ ‘ਚ ਵਸਾਈ ਰੱਖਦੀਆਂ ਹਨ ਤੇ ਹਰ ਪਲ ਆਪਣੇ ਪੇਕੇ ਪਰਿਵਾਰ ਲਈ ਬਿਹਬਲ ਹੋਈਆਂ ਰਹਿੰਦੀਆਂ ਹਨ। ਭਰਾ ਭਾਵੇਂ ਭਾਬੀਆਂ ਦੇ ਆਖੇ ਕਹਿਣੇ ਦੇ ਮਜਬੂਰ ਹੋ ਜਾਂਦੇ ਹਨ ਪਰ ਧੀਆਂ ਕਦੇ ਵੀ ਮਜਬੂਰ ਜਾਂ ਦੂਰ ਨਹੀ ਹੁੰਦੀਆਂ ਉਹਨਾਂ ਦੀ ਜਿੰਦ ਜਾਨ ਮਾਂ ਬਾਪ ਦੇ ਵਿੱਚ ਵਸਦੀ ਰਹਿੰਦੀ ਹੈ ਤੇ ਹਰ ਤਿੱਥ ਤਿਓਹਾਰ ਤੇ ਹੁੰਮ ਹੁਮਾ ਕੇ ਪੇਕੇ ਪਹੁੰਚਦੀਆਂ ਹਨ ਚਾਹੇ ਰੱਖੜੀ ਦਾ ਪਵਿੱਤਰ ਤਿਓਹਾਰ ਹੋਵੇ ਜਾਂ ਲੋਹੜੀ, ਦੀਵਾਲੀ ਜਾਂ ਤੀਆਂ ਹੋਣ।
ਘਰ ਦੀ ਸਾਰੀ ਬਰਕਤ ਧੀਆਂ ਦੇ ਸਤਿਕਾਰ ਤੇ ਪਿਆਰ ਨਾਲ ਹੀ ਵੱਧਦੀ ਹੈ। ਜਿਸ ਵਿੱਚ ਧੀ ਦਾ ਸਨਮਾਨ ਹੁੰਦਾ ਹੈ। ਉਸ ਘਰ ਵਿੱਚ ਕਿਸੇ ਚੀਜ ਦਾ ਘਾਟਾ ਨਹੀ ਰਹਿੰਦਾ। ਧੀਆਂ ਵਿਆਹ ਤੋਂ ਬਾਦ ਬੇਗਾਨੇ ਘਰ ਜਾ ਕੇ ਵੀ ਆਪਣੇ ਮਾਪਿਆਂ ਦੀ ਸ਼ਾਨ-ਇੱਜ਼ਤ ਵਿੱਚ ਵਾਧਾ ਕਰਦੀਆਂ ਹਨ। ਬਹੁਤ ਮੁਸ਼ਕਲ ਹੁੰਦਾ ਹੈ ਬੇਗਾਨੇ ਘਰ ਵਿੱਚ ਜਾ ਕੇ ਦਿਲ ਲਗਾਉਣਾ ਤੇ ਉਸ ਨੂੰ ਆਪਣਾ ਬਣਾਉਣਾ ਇਹ ਕੁਰਬਾਨੀ ਮਾਣ ਸਤਿਕਾਰ ਧੀਆਂ ਦੇ ਹੱਕ ਵਿੱਚ ਹੀ ਆਇਆ ਹੈ।
ਆਓ ਦੁਆਵਾਂ ਤੇ ਹਿੰਮਤਾਂ ਸੰਗ ਅਜਿਹਾ ਮਾਹੌਲ ਸਿਰਜੀਏ ਤੇ ਰਾਹ ਦਸੇਰੇ ਬਣਿਏ ਕਿ ਹਰ ਘਰ ਵਿੱਚ ਧੀਆਂ ਰੂਪੀ ਚਿਰਾਗ ਬਲੇ ਤੇ ਇਨਾਂ ਦੀ ਬਰਕਤ, ਦੁਆਵਾਂ ਤੇ ਕਿੱਕਲੀਆਂ ਸੰਗ ਹਰ ਘਰ ਮਹਿਕੇ। ਰੱਬਾ ਸਾਡੀਆਂ ਧੀਆ ਧਿਆਣੀਆਂ ਦੀ ਉਮਰ ਤੇ ਜਿੰਦਗੀ ਸਦਾ ਖੁਸ਼ਹਾਲ ਰੱਖੀ। ਆਮੀਨ।