ਸਾਡੇ ਦੋਸਤ ਦੇ ਘਰ ਰੱਬ ਨੇ ਪੁੱਤਰ ਦੀ ਦਾਤ ਬਖ਼ਸ਼ੀ। ਬੜੀ ਖ਼ੁਸ਼ੀ ਹੋਈ। ਹੋਣੀ ਹੀ ਸੀ। ਸਾਡੇ ਪ੍ਰਮ-ਮਿੱਤਰ ਨੂੰ ਅਕਾਲ ਪੁਰਖ ਨੇ ਤਿੰਨ ਕੁੜੀਆਂ ਤੋਂ ਬਾਅਦ ਕਾਕਾ ਜੀ ਦੀ ਅਦੁਤੀ ਦਾਤ ਦਿੱਤੀ ਸੀ। ਅਸੀਂ ਬਿਨਾ ਮੌਜਿਆਂ ਤੋਂ ਹੀ ਹਸਪਤਾਲ ਨੂੰ ਭੱਜ ਤੁਰੇ। ਧਰਤੀ ‘ਤੇ ਪੈਰ ਨਾ ਲੱਗਣ। ਦੇਵਤਿਆਂ ਵਾਂਗ ਅਸੀਂ ਧਰਤੀ ਮਾਤਾ ਤੋਂ ਚਾਰ ਗਿੱਠਾਂ ਉਪਰ ਹੀ ਤੁਰ ਰਹੇ ਸਾਂ। ਰਸਤੇ ਵਿਚ ਪੱਬ ਆਇਆ ਤਾਂ ਅਸੀਂ ਲੰਡੂ ਜਿਹਾ ਪੈੱਗ ਅੰਦਰ ਸੁੱਟਿਆ, ਅੱਖਾਂ ਖੁੱਲ੍ਹ ਗਈਆਂ। ਸਰੂਰ ਨਾਲ ਮਸਤੀ ਵੀ ਚੜ੍ਹ ਗਈ। ਕੋਈ ਮਾੜੀ ਮੋਟੀ ਗੱਲ ਤਾਂ ਨਹੀਂ ਸੀ, ਮਿੱਤਰ ਦੇ ਘਰੇ ਲਾਲ ਜੀ ਨੇ ਚਰਨ ਪਾਏ ਸਨ! ਇਕ ਹੋਰ ਲਾਉਣ ਦਾ ਫ਼ੈਸਲਾ ਕੀਤਾ, ਇਕ ਹੋਰ ਅਤੇ ਫਿਰ ਇਕ ਹੋਰ…!
ਨਸ਼ੇ ਨਾਲ ਪਹਿਲਾਂ ਬੰਦੇ-ਬੁੜ੍ਹੀਆਂ ਡੇੜ੍ਹ-ਡੇੜ੍ਹ ਅਤੇ ਫਿਰ ਦੋ-ਦੋ ਦਿਸਣ ਲੱਗ ਪਏ। ਅਸੀਂ ਆਪਣਾ ਪੁਰਾਣਾ ਫ਼ਾਰਮੂਲਾ ਵਰਤਿਆ, ਇਕ ਅੱਖ ਮੀਟ ਕੇ ਹਿਟਲਰ ਦੀ ਫ਼ੌਜ ਵਾਂਗ ਅੱਗੇ ਵਧਣ ਲੱਗੇ। ਇਕ ਅੱਖ ਬੰਦ ਕਰਨ ਕਰਕੇ ਦੋ-ਦੋ ਦੀ ਥਾਂ ਹੁਣ ਇੱਕ-ਇੱਕ ਹੀ ਦਿਸਣ ਲੱਗਿਆ। ਰਸਤੇ ਵਿਚ ਖੋਜੀ ਕੁੱਤੇ ਵਾਂਗ ਕਰੋਲ਼ੇ ਜਿਹੇ ਦਿੰਦੇ ਅਸੀਂ ਆਖਰ ਨੂੰ ਹਸਪਤਾਲ ਪਹੁੰਚ ਗਏ। ਭਰਜਾਈ ਜੀ ਅਤੇ ਭਤੀਜ ਜੀ ਬਾਰੇ ਪਤਾ ਕੀਤਾ। ਨਰਸ ਨੇ ਤੀਰ ਵਰਗੀ ਉਂਗਲ ਉਪਰ ਵੱਲ ਨੂੰ ਕੀਤੀ ਤਾਂ ਅਸੀਂ ਸ਼ਿਕਾਰੀ ਕੁੱਤੇ ਵਾਂਗ ਪੌੜੀਆਂ ਚੜ੍ਹਨ ਲਈ ਮਿੰਟ ਨਾ ਲਾਇਆ।