“ ਰੋਣ ਦਾ ਕੋਈ ਲਾਭ ਨਹੀਂ। ਬਿਜ਼ਨਸ ਵਿੱਚ ਘਾਟਾ ਤਾਂ ਪੈ ਹੀ ਰਿਹਾ ਹੈ, ਬੰਦ ਨਾ ਕਰਨਾ ਪੈ ਜਾਵੇ। ਮੈਂ ਤੈਨੂੰ ਸਮਝਾਇਆ ਸੀ ਕਿ ਤੇਰੇ ਪਿਉ ਨੂੰ ਅਪਣੇ ਲਿੱਕਰ ਸਟੋਰ ਤੇ ਨੌਕਰੀ ਨਹੀਂ ਦੇਣੀ ਚਾਹੀਦੀ। ਇਸ ਨੂੰ ਸ਼ਰਾਬ ਪੀਣ ਦੀ ਭੈੜੀ ਆਦਤ ਪਈ ਹੋਈ ਹੈ। ਦੇਸ਼ ਵਿੱਚ ਕੰਮ ਤੋਂ ਘਰ ਆਉਂਦਾ ਸੀ ਤਾਂ ਸ਼ਰਾਬ ਨਾਲ ਰੱਜਿਆ ਹੀ ਆਉਂਦਾ ਸੀ। ਮਾਤਾ ਇਸੇ ਦੇ ਦੁੱਖਾਂ ਤੋਂ ਤੰਗ ਆ ਗਈ ਸੀ।” ਜਗਦੀਪ ਨੇ ਅਪਣੀ ਪਤਨੀ, ਪ੍ਰਭਰੀਤ ਨੂੰ ਅਪਣੇ ਕੋਲ ਬੈਠਾ ਕੇ ਯਾਦ ਕਰਵਾਇਆ।
“ ਮੈਨੂੰ ਕੀ ਪਤਾ ਸੀ ਕਿ ਡੈਡੀ ਸਟੋਰ ਵਿੱਚ ਹੀ ਬੋਤਲਾਂ ਖੋਹਲ ਖੋਹਲ ਪੀਣ ਲਗ ਪਵੇਗਾ। ਉਸ ਨੂੰ ਮੈਂ ਕੁੱਝ ਕਹਿ ਵੀ ਨਹੀਂ ਸਕਦੀ। ਬਹੁਤ ਅੱਖੜ ਸੁਭਾ ਦਾ ਹੈ।” ਪ੍ਰਭਰੀਤ ਨੇ ਅਪਣੀ ਮਜਬੂਰੀ ਪ੍ਰਗਟ ਕੀਤੀ।
“ ਮੈਂ ਸੋਚ ਰਿਹਾ ਹਾਂ ਕਿ ਅੱਜ ਉਸ ਨੂੰ ਨੌਕਰੀ ਤੋਂ ਹਟਾ ਹੀ ਦਿਆਂ।”
“ ਫੇਰ ਉਹ ਕਿੱਥੇ ਜਾਵੇਗਾ? ਅੰਗ੍ਰੇਜ਼ੀ ਚੰਗੀ ਤਰ੍ਹਾਂ ਤਾਂ ਬੋਲ ਨਹੀਂ ਸਕਦਾ ਅਜੇ। ਲਿੱਕਰ ਸਟੋਰ ਤੇ ਤਾਂ ਕਾਉਂਟਰ ਤੇ ਕੁੜੀ ਖਲੋਤੀ ਐ। ਬੋਲਣ ਦਾ ਕੰਮ ਉਹ ਸੰਭਾਲ ਲੈਂਦੀ ਐ। ਇਹ ਬਕਸੇ ਖੋਹਲਣ ਦਾ ਅਤੇ ਹੋਰ ਬੋਝ ਭਾਰ ਦਾ ਕੰਮ ਕਰ ਲੈਂਦਾ ਹੈ।” ਵਹੁਟੀ ਦੀ ਮਜਬੂਰੀ ਜਗਦੀਪ ਸਮਝਦਾ ਸੀ।
“ ਤੂੰ ਇੱਕ ਭਲਾ ਕੰਮ ਤੇ ਕਰ ਸਕਦੀ ਏਂ। ਉਸ ਨੂੰ ਸਮਝਾ ਕਿ ਜਿੰਨੀ ਪੀਣੀ ਐਂ ਘਰ ਬੈਠ ਕੇ ਪੀਆ ਕਰੇ। ਸਟੋਰ ਵਿੱਚਲੇ ਸਟਾਕ ਵਿੱਚ ਕੋਈ ਹੇਰਾ ਫੇਰੀ ਨਾ ਕਰੇ। ਘਰ ਪੀਏਗਾ ਤਾਂ ਸਸਤਾ ਵੀ ਪਵੇਗਾ।” ਜਗਦੀਪ ਨੇ ਪਿਆਰ ਨਾਲ ਸੁਝਾਵ ਦਿੱਤਾ। ਜਗਦੀਪ ਪਿਓ ਧੀ ਦੀ ਆਹਮੋ ਸਾਹਮਣੇ ਗੱਲ ਬਾਤ ਕਰਵਾਉਣ ਦਾ ਚਾਹਵਾਨ ਸੀ।
ਹੁਣ ਜਗਦੀਪ ਨੇ ਸਟੋਰ ਤੇ ਨਿਗਾਹ ਵਧਾ ਦਿੱਤੀ। ਵੇਲੇ ਕੁਵੇਲੇ ਆ ਕੇ ਟਰੱਕ ਪਾਰਕ ਕਰਕੇ ਸਟੋਰ ਵਿੱਚ ਆ ਖਲੋਂਦਾ। ਅੱਜ ਬੜਾ ਅਚੰਬਿਤ ਨਜ਼ਾਰਾ ਨਜ਼ਰ ਪਿਆ। ਕੁੜੀ ਜੋ ਕਾਉਂਟਰ ਤੇ ਹੋਣੀ ਚਾਹੀਦੀ ਸੀ, ਸਟੋਰ ਦੀ ਪਿਛਲੀ ਲੇਨ ਵਿੱਚ, ਡੈਡੀ ਨਾਲ ਲਿਪਟੀ ਹੋਈ ਸੀ। ਡੈਡੀ ਸੁਨੱਖਾ ਸੀ, ਸੁਡੌਲ ਸੀ, ਪਚਵੰਜਾ ਦਾ ਤਾਂ ਹੋਣਾ ਈ ਐਂ ਪਰ ਲਗਦਾ ਪੰਤਾਲੀਆਂ ਦੇ ਗੇੜ ਦਾ ਹੀ ਸੀ। ਕੁੜੀ ਦਾ ਦਿਲ ਆ ਗਿਆ ਹੋਣਾ ਐਂ, ਸੁਭਾਵਕ ਹੀ ਸੀ। ਕੁੜੀ ਵੇਖ ਕੇ ਕਾਉਂਟਰ ਤੇ ਆ ਗਈ। ਪਰ ਡੈਡੀ ਕਿਤੇ ਪਿੱਛੇ ਹੀ ਛਾਈਂ ਮਾਂਈਂ ਹੋ ਗਿਆ। ਜਗਦੀਪ ਵੀ ਪਾਸਾ ਵੱਟ ਗਿਆ। ਉਸ ਦੀ ਡੈਡੀ ਨੂੰ ਪ੍ਰੇਸ਼ਾਨ ਕਰਨ ਦੀ ਇੱਛਾ ਨਹੀਂ ਸੀ।
ਕੁੜੀ ਨੇ ਹੈਲੋ ਆਖੀ ਤੇ ਕਿਹਾ,“ ਤੇਰਾ ਡੈਡੀ ਵਧੀਆ ਬੰਦਾ ਹੈ।”
ਜਗਦੀਪ ਨੇ ਵੀ ਰਸਮ ਪੂਰੀ ਕੀਤੀ ਅਤੇ ਜੁਆਬ ਦਿੱਤਾ,“ ਹਾਂ, ਬਹੁਤ ਵਧੀਆ ਨੇ ਡੈਡੀ।”
ਡੈਡੀ ਵੀ ਸਮਝ ਗਿਆ। ਹੁਣ ਸ਼ਰਾਬ ਪੀਣੀ ਘਟ ਗਈ। ਸ਼ਾਇਦ ਧੀ ਨਾਲ ਗੱਲ ਹੋਈ ਹੋਵੇ। ਇੱਕ ਦਿਨ ਅਚਾਨਕ ਪਹੁੰਚਿਆਂ ਜਗਦੀਪ ਨੂੰ ਡੈਡੀ ਬੀਅਰ ਪੀਂਦਾ ਨਜ਼ਰ ਆਇਆ। ਜਗਦੀਪ ਨੇ ਅਰਜ਼ ਕੀਤੀ,“ ਡੈਡੀ ਸਟੋਰ ਵਿੱਚ ਸ਼ਰਾਬ ਨਹੀਂ ਪੀਣੀ ਚਾਹੀਦੀ। ਜੇ ਕਦੇ ਆਉਟ ਹੋ ਗਿਆ ਤਾ ਪੁਲਿਸ ਹੀ ਨਾ ਕੋਈ ਕਾਰਾ ਕਰ ਦਵੇ।”
“ ਹਾਂ ਪੁੱਤਰ ਤੇਰਾ ਵਿਚਾਰ ਠੀਕ ਹੈ। ਅੱਜ ਮੈਂ ਅਜੇ ਕੁੱਝ ਖਾਧਾ ਨਹੀਂ। ਖੋਹ ਜਿਹੀ ਲਗੀ ਹੋਈ ਸੀ। ਬੱਸ ਇੱਕ ਨਿੱਕੀ ਜਿਹੀ ਬੀਅਰ ਨਾਲ ਪੇਟ ਠੀਕ ਹੋ ਜਾਂਦਾ ਹੈ। ਹੁਣ ਘੜੀ ਕੰਮ ਤੇ ਸਹੀ ਬੀਤੇਗੀ।” ਡੈਡੀ ਬੋਲਿਆ।
ਜਗਦੀਪ ਕੁੜੀ ਨੂੰ ਬਾਈ ਬਾਈ ਬੋਲ ਚਲਾ ਗਿਆ।
ਇੱਕ ਦਿਨ ਜਦੋਂ ਜਗਦੀਪ ਸਟੋਰ ਦੇ ਅੰਦਰ ਜਾ ਰਿਹਾ ਸੀ, ਕਾਉਂਟਰ ਗਰਲ ਸਟੋਰ ਤੋਂ ਬਾਹਰ ਆ ਰਹੀ ਸੀ। ਹੱਥ ਵਿੱਚ ਵਿਸਕੀ ਦੀ ਬੋਤਲ, ਕੋਕ ਦੀ ਕਰੇਟ ਅਤੇ ਥੌੜ੍ਹੇ ਚਿਪਸ ਚੁੱਕੇ ਹੋਏ ਸਨ। ਜਗਦੀਪ ਨੇ ਹੈਲੋ ਕੀਤੀ। ਕੁੜੀ ਖਲੋ ਗਈ ਅਤੇ ਬੋਲੀ,“ ਤੇਰੇ ਡੈਡੀ ਨੇ ਤੋਹਫਾ ਦਿੱਤਾ ਹੈ। ਮੇਰਾ ਬਰਥ ਡੇ ਹੈ ਕੱਲ੍ਹ ਨੂੰ। ਕਿੰਨਾ ਚੰਗਾ ਐ ਤੇਰਾ ਡੈਡੀ। ਕਾਰ ‘ਚ ਰੱਖ ਕੇ ਵਾਪਸ ਆਉਂਦੀ ਆਂ।”
ਬੋਤਲ ਪੱਚੀ ਡਾਲਰ ਦੀ, ਕੋਕ ਦੇ ਬਾਰਾਂ ਕੈਨ ਅੱਠ ਦੇ ਅਤੇ ਚਿੱਪਸ ਪੰਜ ਦੇ। ਡੈਡੀ ਨੇ ਲਗ ਭਗ ਚਾਲੀਆਂ ਨੂੰ ਥੁੱਕ ਲਗਾ ਦਿੱਤਾ। ਡੈਡੀ ਦਾ ਇਸ਼ਕ ਕਿਵੇਂ ਟਿਕਣ ਦੇਵੇ। ਕਾਰ ਚਲਾਉਣ ਦਾ ਤਾਂ ਮਾਹਰ ਹੋ ਗਿਆ। ਕਿਤੇ ਕੁੜੀ ਦੇ ਘਰ ਵੀ ਗੇੜਾ ਨਾ ਮਾਰਦਾ ਹੋਵੇ। ਮਨ ਵਿੱਚ ਕਈ ਹੋਰ ਖਿਆਲ ਵਸਾ ਸਟੋਰ ਵਿੱਚ ਚਲਾ ਗਿਆ ਅਤੇ ਕਾਉਂਟਰ ਤੇ ਖਲੋ ਗਿਆ। ਡੈਡੀ ਨਾਲ ਗੱਲਾਂ ਕਰਨ ਲਗ ਪਿਆ।
“ ਪੁੱਤਰ ਤੂੰ ਘਰ ਜਾ ਕੇ ਆਰਾਮ ਕਰ ਲੈਣਾ ਸੀ। ਕਾਉਂਟਰ ਤੇ ਮੈਂ ਖਲੋ ਜਾਵਾਂਗਾ। ਕੁੜੀ ਨੇ ਮੈਨੂੰ ਵੀ ਸਿਖਾ ਦਿੱਤੀ ਐ ਪੈਸੇ ਲੈਣ ਦੀ ਵਿਧੀ।” ਡੈਡੀ ਨੇ ਕਿਹਾ।
“ ਹਾਂ ਡੈਡੀ ਮੈਂ ਜਾ ਹੀ ਰਿਹਾ ਹਾਂ। ਖਿਆਲ ਰੱਖਣਾ। ਅਸੀਂ ਅੱਜ ਕਿਸੇ ਦੇ ਘਰ ਜਾ ਰਹੇ ਹਾਂ।” ਬੋਲ ਕੇ ਜਾਣ ਲਗਿਆ, ਅਾਪਣੇ ਹੱਥ ਵਿੱਚ ਫੜਿਆ ਪੇਪਰ ਟਰੈਸ਼ ਕੈਨ ਵਿੱਚ ਸੁੱਟਣ ਲਈ, ਜ਼ਰਾ ਝੁਕਿਆ। ਨਿਗਾਹ ਕੈਨ ਵਿੱਚ ਪਏ ਲੌਟਰੀ ਦੇ ਸਕ੍ਰੈਚ ਕਰੇ ਹੋਏ ਕਈ ਟਿਕਟਾਂ ਤੇ ਪਈ। ਪਹਿਲਾ ਸ਼ੱਕ ਡੈਡੀ ਤੇ ਹੀ ਪਿਆ। ਸੋਚਿਆ ਕਿ ਕੱਲ੍ਹ ਕਾਉਂਟਰ ਕੁੜੀ ਨੂੰ ਹੀ ਪੁੱਛਣਾ ਸਹੀ ਹੋਵੇਗਾ। ਡੈਡੀ ਤੋਂ ਪੁੱਛਣਾ ਠੀਕ ਨਹੀਂ। ਆਮ ਤੌਰ ਤੇ ਕੈਨ ਵਿੱਚ ਐਨੇ ਟਿਕਟ ਨਹੀਂ ਹੁੰਦੇ।
ਅਗਲੇ ਦਿਨ ਕੁੜੀ ਨੇ ਦੱਸਿਆ,“ ਤੇਰੇ ਡੈਡੀ ਨੂੰ ਇਹ ਖੇਡ ਬਹੁਤ ਪਸੰਦ ਹੈ। ਦਿਨ ਵਿੱਚ ਚਾਰ ਪੰਜ ਟਿਕਟ ਰਗੜ ਦਿੰਦਾ ਹੈ। ਜਿੱਤ ਦੇ ਡਾਲਰ ਖੁਸ਼ ਹੋ ਕੇ ਮੰਗਦਾ ਹੈ।” ਕੁੜੀ ਨੂੰ ਝੂਠ ਬੋਲਣ ਦੀ ਲੋੜ ਨਹੀਂ ਪਈ।
ਜਗਦੀਪ ਨੇ ਪਿਛਲੇ ਕਈ ਮਹੀਨਿਆਂ ਦਾ ਹਿਸਾਬ ਚੈਕ ਕੀਤਾ। ਬਹੁਤ ਘਾਟਾ ਨਜ਼ਰ ਆਇਆ। ਪਤਾ ਨਹੀਂ ਕਿੰਨੇ ਕੁ ਟਿਕਟ ਸਕ੍ਰੈਚ ਕੀਤੇ ਹੋਣਗੇ। ਨੌਕਰੀ ਤੋਂ ਤਾਂ ਹਟਾਉਣਾ ਹੀ ਪਵੇਗਾ।
ਘਰ ਆ ਕੇ ਜਗਦੀਪ ਨੇ ਪ੍ਰਭਰੀਤ ਨੂੰ ਕਿਹਾ,“ ਡੈਡੀ ਨੇ ਤਾਂ ਇੱਕ ਨਵਾਂ ਹੀ ਚੰਨ ਚੜ੍ਹਾਇਆ ਹੋਇਆ ਹੈ। ਲੌਟਰੀ ਦੀਆਂ ਟਿਕਟਾਂ ਰਗੜ ਰਗੜ ਕੇ ਟਰੈਸ਼ ਕੈਨ ਵਿੱਚ ਸੁਟੀ ਜਾਂਦਾ ਹੈ। ਜਿੱਤੇ ਹੋਏ ਡਾਲਰ ਵੀ ਖਪਤ ਕਰੀ ਜਾਂਦਾ ਐ। ਹੁਣ ਨੌਕਰੀ ਤੋਂ ਹੀ ਕੱਢ ਦੇਣਾ ਐ। ਤੇਰੇ ਭਰਾ ਨੂੰ ਵਧੀਆ ਨੌਕਰੀ ਮਿਲ ਗਈ ਐ ਓਥੇ ਹੀ ਭੇਜ ਦੇਂਦੇ ਆਂ। ਟਰੱਕ ਤਾਂ ਚਲਾ ਹੀ ਲੈਂਦਾ ਹੈ। ਹਜ਼ਾਰ ਡਾਲਰ ਡਾਉਨ ਪੇਮੈਂਟ ਦੇ ਕੇ ਤੋਰਾਂਗੇ। ਟਰੱਕ ਖਰੀਦ ਲਵੇਗਾ। ਚਲਾਏਗਾ ਖੁਸ਼ ਰਹੇਗਾ। ਸੱਤਰ ਮੀਲ ਹੀ ਤਾਂ ਦੂਰ ਹੈ। ਮਿਲ ਆਇਆ ਕਰਾਂਗੇ ਜਦੋਂ ਤੇਰਾ ਦਿਲ ਕਰੂ।”
“ ਫੈਸਲਾ ਤਾਂ ਠੀਕ ਹੀ ਹੈ। ਡੈਡੀ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਟਿਕਟਾਂ ਦਾ ਹਿਸਾਬ ਵੀ ਸਾਨੂੰ ਦੇਣਾ ਪੈਂਦਾ ਐ। ਐਦਾਂ ਤਾਂ ਅਸਂ ਵੀ ਲੁਟੇ ਜਾਵਾਂਗੇ।” ਪ੍ਰਭਰੀਤ ਉਦਾਸ ਹੋ ਗਈ।
“ ਉਸ ਨੂੰ ਸਭ ਪਤਾ ਐ। ਦਸਵੀਂ ਪਾਸ ਐ। ਅਨਪੜ੍ਹ ਨਹੀਂ।”
“ ਕੱਲ੍ਹ ਗੱਲ ਕਰ ਲੈਂਦੇ ਆਂ।”
“ ਨਹੀਂ ਪਹਿਲਾਂ ਤੇਰੇ ਭਰਾ ਨੂੰ ਸੱਦ ਲੈਂਦੇ ਆਂ। ਇਕੱਠੇ ਬੈਠ ਕੇ ਗੱਲ ਸੁਲਝਾ ਲਵਾਂਗੇ। ਫੇਰ ਪਿਉ ਪੁੱਤਰ ਇਕੱਠੇ ਹੀ ਚਲੇ ਜਾਣਗੇ।”
ਇੱਕ ਦਿਨ ਪਰਿਵਾਰ ਦੀ ਮੀਟਿੰਗ ਹੋਈ। ਪੁੱਤਰ ਨੇ ਪਿਉ ਨੂੰ ਅਪਣੇ ਨਾਲ ਲੈ ਜਾਣਾ ਮੰਨ ਲਿਆ। ਹਜ਼ਾਰ ਡਾਲਰ ਦਾ ਚੈਕ ਲੈ ਕੇ ਪਿਉ ਪੁੱਤਰ ਅਲਵਿਦਾ ਕਹਿ, ਖੁਸੀ ਖੁਸ਼ੀ ਚਲੇ ਗਏ। ਪ੍ਰਭਰੀਤ ਕਈ ਦਿਨ ਉਦਾਸ ਰਹੀ ਪਰ ਛੇਤੀ ਹੀ ਠੀਕ ਵੀ ਹੋ ਗਈ।
ਮਹੀਨੇ ਕੁ ਬਾਦ ਭੈਣ ਦੇ ਭਰਾ ਦਾ ਫੋਨ ਆਇਆ। ਜਗਦੀਪ ਨੇ ਚੁੱਕਿਆ। ਉਸ ਦੀ ਗੱਲ ਸੁਣੀ। ਕਹਿ ਰਿਹਾ ਸੀ,“ ਜੀਜਾ ਜੀ, ਟਰੱਕ ਦਾ ਸੌਦਾ ਤਾਂ ਕਰ ਲਿਆ ਪਰ ਕਿਸੇ ਇੱਕ ਹੋਰ ਬੰਦੇ ਦੀ ਜਾਮਨੀ ਚਾਹੀਦੀ ਹੈ। ਤੁਸੀਂ ਮਿਹਰਬਾਨੀ ਕਰ ਦਿਓ ਵਧੀਆ ਹੋਵੇਗਾ ਅਤੇ ਡੈਡੀ ਟਰੱਕ ਚਲਾਉਣ ਲਗ ਪੈਣਗੇ। ਮੇਰੇ ਕੋਲ ਅਜੇ ਵਧੀਆ ਕ੍ਰੈਡਿਟ ਰਿਕੌਰਡ ਨਹੀਂ।”
“ ਇੱਕ ਹੋਰ ਮੁਸੀਬਤ। ਜਾਮਨ ਵੀ ਕਈ ਵੇਰ ਰਗੜੇ ਜਾਂਦੇ ਨੇ। ਪ੍ਰਭਰੀਤ ਨਾਲ ਗੱਲ ਕਰ ਲੈਣੀ ਚਾਹੀਦੀ ਹੈ।” ਮਨ ਹੀ ਮਨ ਕਈ ਵਿਚਾਰ ਆਏ।
ਨਾਸ਼ਤਾ ਕਰਨ ਵੇਲੇ ਪ੍ਰਭਰੀਤ ਨੇ ਆਪ ਹੀ ਪੁੱਛ ਲਿਆ। “ ਵੀਰੇ ਨੇ ਕੀ ਕਿਹਾ ਸੀ? ਤੁਸੀਂ ਦੱਸਿਆ ਨਹੀਂ।”
“ ਟਰੱਕ ਦਾ ਸੌਦਾ ਕਰ ਲਿਆ ਹੈ। ਜਾਮਨ ਚਾਹੀਦਾ ਹੈ। ਮੈਨੂੰ ਇਹ ਜਿ਼ਮੇਵਾਰੀ ਦੇ ਰਿਹਾ ਸੀ।”
“ ਕਾਉਂਟਰ ਸਾਈਨ ਤਾਂ ਅਸੀਂ ਕਰ ਹੀ ਸਕਦੇ ਆਂ। ਉਧਾਰ ਤਾਂ ਡੈਡੀ ਲਾਹ ਹੀ ਦੇਣਗੇ।”
“ ਠੀਕ ਐ।” ਜਗਦੀਪ ਨੇ ਕਿਹਾ।
ਅਗਲੇ ਦਿਨ ਕਾਰ ਵਿੱਚ ਗੈਸ ਭਰਵਾ ਕੇ, ਡੈਡੀ ਦਾ ਬਿਜ਼ਨਸ ਚਾਲੂ ਕਰਨ ਦੇ ਸ਼ੁਭ ਇਰਾਦੇ ਨਾਲ, ਚਲ ਪਏ। ਥੋੜ੍ਹੀ ਦੇਰ ਕਾਰ ਵਿੱਚ ਚੁਪ ਬਣੀ ਰਹੀ, ਜਿਵੇਂ ਅਕਸਰ ਹੁੰਦਾ ਐ ਜਦੋਂ ਕਿਸੇ ਵਿਸ਼ੇ ਤੇ ਮੀਆਂ ਬੀਵੀ ਦੇ ਵਿਚਾਰ ਮਿਲਦੇ ਨਾ ਹੋਣ।
“ ਪ੍ਰਭਰੀਤ, ਮੈਂ ਸੋਚ ਰਿਹਾ ਹਾਂ ਕਿ ਅਸੀਂ ਕਿਤੇ ਗਲਤੀ ਤਾਂ ਨਹੀਂ ਕਰ ਰਹੇ। ਜੇਕਰ ਡੈਡੀ ਅਪਣੀ ਕਮਾਈ ਨਾਲ ਦੀ ਨਾਲ ਪੀ ਗਏ ਤਾ ਟਰੱਕ ਦਾ ਉਧਾਰ ਸਾਡੇ ਗਲ ਵੀ ਪੈ ਸਕਦਾ ਹੈ।” ਜਗਦੀਪ ਨੇ ਅਪਣੇ ਫਿਕਰ ਨੂੰ ਸ਼ਬਦ ਦਿੱਤੇ।
“ ਤੁਸੀਂ ਵੀ ਨਾ, ਹਰ ਚੀਜ਼ ਨੂੰ ਨਾਹ ਪੱਖੀ ਨਿਗਾਹ ਨਾਲ ਹੀ ਪਰਖਦੇ ਹੋ। ਡੈਡੀ ਪੰਜਾਬ ਵਿੱਚ ਟਰੱਕ ਦੇ ਸਹਾਰੇ ਹੀ ਤੇ ਚਲਾਉਂਦੇ ਸੀ ਟੱਬਰ ਦਾ ਖਰਚਾ। ਅਸੀਂ ਕਿਉਂ ਲਾਹਾਂਗੇ ਕਰਜ਼ਾ। ਮੇਰਾ ਭਰਾ ਵੀ ਤੇ ਹੈ।” ਪ੍ਰਭਰੀਤ ਬੋਲ ਕੇ ਬਾਹਰ ਖਿੜਕੀ ਵੱਲ ਝਾਕਣ ਲਗ ਪਈ ਜਿਵੇਂ ਰੁੱਸ ਗਈ ਹੋਵੇ।
“ ਮੇਰਾ ਮਤਲਬ ਸਮਝਣ ਦੀ ਕੋਸਿ਼ਸ ਕਰੋ, ਪਤਨੀ ਜੀ।”
ਕਾਰ ਵਿੱਚ ਕਾਫੀ ਦੇਰ ਸੱਨਾਟਾ ਛਾਇਆ ਰਿਹਾ। ਫੇਰ ਪ੍ਰਭਰੀਤ ਨੇ ਮੂੰਹ ਘੁਮਾਇਆ ਅਤੇ ਬੋਲੀ,“ ਮੈਂ ਸਭ ਸਮਝਦੀ ਆਂ ਤੁਸੀਂ ਕੀ ਕਹਿ ਰਹੇ ਹੋ।”
ਭਰਾ ਦਾ ਘਰ ਪਹੁੰਚ ਗਿਆ। ਕੁਝ ਖਾ ਪੀ ਕੇ ਕਾਰ ਡੀਲਰ ਕੋਲ ਚਲੇ ਗਏ। ਜਾਮਨ ਨੇ ਦਸਤਖ਼ਤ ਕਰਕੇ ਟਰੱਕ ਡੈਡੀ ਦੇ ਹੱਥ ਫੜਾਇਆ। ਘਰ ਆ ਕੇ ਵਿਚਾਰ ਵਟਾਂਦਰੇ ਵਿੱਚ ਕੁਝ ਸਮਾਂ ਬੀਤਿਆ। ਘਰ ਵਾਪਸੀ ਹੋਈ। ਪੂਰੇ ਦੋ ਸਾਲ ਕੋਈ ਮੁਸੀਬਤ ਗਲੇ ਨਾਂ ਪਈ। ਟਰੱਕ ਡੈਡੀ ਨੇ ਪੁਰਾ ਕਰਜ਼ ਲਾਹ ਕੇ ਅਪਣੇ ਨਾਂ ਕਰਵਾ ਲਿਆ। ਦੋ ਸਾਲ ਤੋਂ ਸਭ ਠੀਕ ਚਲ ਰਿਹਾ ਸੀ।
“ ਮੈਂ ਤੁਹਾਨੂੰ ਕਿਹਾ ਸੀ ਕਿ ਡੈਡੀ ਵਧੀਆ ਬੰਦਾ ਹੈ। ਡੈਡੀ ਕਹਿੰਦੇ ਸੀ ਕਿ ਵੀਰੇ ਦਾ ਵਿਆਹ ਵੀ ਕਰਨਾ ਹੈ। ਪੰਜਾਬ ਵਿੱਚ ਕੋਈ ਕੁੜੀ ਲੱਭੀ ਐ।” ਪ੍ਰਭਰੀਤ ਨੇ ਇੱਕ ਦਿਨ ਦੱਸਿਆ।
“ ਇਹ ਭਲਾ ਕੰਮ ਵੀ ਛੇਤੀ ਕਰ ਦੇਣਾ ਚਾਹੀਦਾ ਹੈ।”
ਪ੍ਰਭਰੀਤ ਕਿਚਨ ਵਿੱਚ ਕੰਮ ਕਰਨ ਲਗ ਪਈ। ਜਗਦੀਪ ਕੰਮ ਤੇ ਜਾਣ ਲਈ ਤਿਆਰ ਹੋਣ ਲਗ ਪਿਆ। ਅਚਾਨਕ ਫੋਨ ਦੀ ਘੰਟੀ ਵੱਜੀ। ਜਗਦੀਪ ਨੇ ਕਿਹਾ,“ ਆਹ ਫੋਨ ਚੁੱਕੀਂ। ਮੈਂ ਬਾਥਰੂਮ ਵਿੱਚ ਹਾਂ।”
ਪ੍ਰਭਰੀਤ ਨੇ ਫੋਨ ਚੁੱਕਿਆ। ਭਰਾ ਕਹਿ ਰਿਹਾ ਸੀ,” ਭੈਣ ਤੁਸੀਂ ਜਲਦੀ ਐਥੇ ਆ ਜਾਓ। ਡੈਡੀ ਦਾ ਬਹੁਤ ਖਤਰਨਾਕ ਹਾਦਸਾ ਹੋ ਗਿਆ ਹੈ। ਹਸਪਤਾਲ ਵਿੱਚ ਇਲਾਜ ਹੋ ਰਿਹਾ ਹੈ। ਅਜੇ ਬੇਹੋਸ਼ ਹੀ ਪਿਆ ਹੈ।”
ਪ੍ਰਭਰੀਤ ਨੂੰ ਰੋਂਦਿਆਂ ਸੁਣ, ਜਗਦੀਪ ਝੱਟ ਗੁਸਲਖਾਨੇ ਤੋਂ ਬਾਹਰ ਆ ਗਿਆ। ਗੱਲ ਸੁਣੀ ਅਤੇ ਤਿਆਰ ਹੋ ਕਾਰ ਲੈ ਤੁਰੇ। ਸਿੱਧੇ ਹਸਪਤਾਲ ਪਹੁੰਚੇ। ਪ੍ਰਭਰੀਤ ਦਾ ਭਰਾ ਓਥੇ ਹੀ ਖਲੋਤਾ ਸੀ। ਡੈਡੀ ਅਹਿਲ ਪਿਆ ਸੀ। ਥਾਂ ਥਾਂ ਟਿਯੂਬਾਂ ਬੰਨ੍ਹੀਆਂ ਹੋਈਆਂ ਸਨ। ਥੋੜ੍ਹੀ ਥੋੜ੍ਹੀ ਦੇਰ ਬਾਦ ਨਰਸ ਆ ਕੇ ਅਪਣੀ ਡਿਊਟੀ ਨਿਭਾ ਜਾਂਦੀ।
ਜਗਦੀਪ ਖਲੋਤਾ ਸੋਚ ਰਿਹਾ ਸੀ,“ ਡੈਡੀ ਸ਼ਰਾਬ ਦੀ ਆਦਤ ਨੇ ਤੈਨੂੰ ਅੱਜ ਮੌਤ ਦੇ ਦਰ ਤੇ ਖੜ੍ਹਾ ਕਰ ਦਿੱਤਾ ਹੈ। ਮੌਤ ਮੰਡਰਾ ਰਹੀ ਹੈ। ਤੁਹਾਨੂੰ ਕੋਈ ਖਬਰ ਤੱਕ ਨਹੀਂ। ਟਰੱਕ ਪੂਰਾ ਟੁੱਟ ਚੁਕਿਆ ਹੈ। ਰੱਬ ਰਾਖਾ।”
ਡਾਕਟਰ ਆਇਆ, ਸ਼ਾਇਦ ਨਰਸ ਨੇ ਬੁਲਾਇਆ।
ਪ੍ਰਭਰੀਤ ਨੇ ਪੁਛਿਆ,“ ਡੈਡੀ ਠੀਕ ਤੇ ਹੋ ਜਾਣਗੇ?”
“ ਨਹੀਂ। ਇਹ ਸਫਰ ਪੂਰਾ ਕਰ ਗਿਆ ਹੈ।” ਡਾਕਟਰ ਉਦਾਸ ਹੋ ਚਲਾ ਗਿਆ।