ਅੰਮ੍ਰਿਤਸਰ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਦੀ ਚੱਲ ਰਹੀ ਕਾਰ ਸੇਵਾ ਵਿੱਚ ਹਿੱਸਾ ਲੈਣ ਤੇ ਪਹਿਲੀ ਮੰਜਿਲ ਦਾ ਲੈਂਟਰ ਪਾਉਣ ਲਈ ਪਾਕਿਸਤਾਨ ਰਵਾਨਾ ਹੋਣ ਤੋ ਪਹਿਲਾਂ ਕਿਹਾ ਕਿ ਸਿੱਖ ਰਹਿਤ ਮਰਿਆਦਾ ਤੇ ਹਮਲਾ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਜਿਹੜੀਆਂ ਸ਼ਕਤੀਆਂ ਪਹਿਲਾਂ ਨਾਨਕਸ਼ਾਹੀ ਕੈਲੰਡਰ ਨੂੰ ਬਰਬਾਦ ਕਰਨ ਦਾ ਮਨਸੂਬਾ ਬਣਾਇਆ ਸੀ ਉਹੀ ਸ਼ਕਤੀਆਂ ਸਿੱਖ ਰਹਿਤ ਮਰਿਆਦਾ ਨੂੰ ਖਤਮ ਕਰਨ ਦਾ ਯਤਨ ਕਰ ਰਹੀਆਂ ਹਨ।
ਵਾਹਗਾ ਸਰੱਹਦ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਪੂਰੀ ਦੁਨੀਆਂ ਵਿੱਚ ਸਿੱਖ ਪੰਥ ਵੱਲੋਂ ਮਾਨਤਾ ਦਿੱਤੀ ਗਈ ਹੈ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰੂ ਸਾਹਿਬਾਨ ਦੇ ਦਿਹਾੜੇ ਮਨਾਉਂਦੀ ਆ ਰਹੀ ਹੈ ਪਰ ਜਿਸ ਤਰੀਕੇ ਨਾਲ ਨਾਨਕਸ਼ਾਹੀ ਕੈਲੰਡਰ ਨੂੰ ਸੱਤ ਸਾਲ ਬਾਅਦ ਤਬਦੀਲ ਕਰਕੇ ਮੂੜ ਬਿਕਰਮੀ ਕੈਲੰਡਰ ਬਣਾਉਣ ਦਾ ਕੋਝਾ ਯਤਨ ਕੀਤਾ ਗਿਆ ਉਸੇ ਤਰਹਾਂ ਹੀ ਹੁਣ ਸਿੱਖ ਰਹਿਤ ਮਰਿਆਦਾ ‘ਨੂੰ ਖਤਮ ਕਰਨ ਦੇ ਮਨਸੂਬੇ ਬਣਾਏ ਜਾ ਰਹੇ ਹਨ। ਬੀਤੇ ਕਲ• ਅਜਿਹੀਆ ਸ਼ਕਤੀਆ ਵੱਲੋ ਇੱਕ ਮਤਾ ਪਾਸ ਕੀਤਾ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਰਹਿਤ ਮਰਿਆਦਾ ਨੂੰ ਲਾਗੂ ਕੀਤਾ ਜਾਵੇ ਜੋ ਸਿੱਖ ਰਹਿਤ ਮਰਿਆਦਾ ਤੇ ਦੂਸਰਾ ਵੱਡਾ ਹਮਲਾ ਹੈ। ਉਹਨਾਂ ਕਿਹਾ ਕਿ ਸਾਡੇ ਪੂਰਵਜਾਂ ਨੇ ਕੜੀ ਮਿਹਨਤ ਨਾਲ ਸੱਤ ਸਾਲ ਦਾ ਲੰਮਾ ਸਮਾਂ ਲਗਾ ਕੇ ਸਿੱਖ ਰਹਿਤ ਮਰਿਆਦਾ ਤਿਆਰ ਕੀਤੀ ਜਿਸ ਅਨੁਸਾਰ ਸਿੱਖ ਆਪਣੀ ਜੀਵਨਸ਼ੈਲੀ ਨੂੰ ਚਲਾ ਰਹੇ ਹਨ। ਉਹਨਾਂ ਕਿਹਾ ਕਿ ਇਹ ਹਮਲਾ ਵੀ ਉਹਨਾਂ ਸ਼ਕਤੀਆ ਵੱਲੋਂ ਹੀ ਕੀਤਾ ਜਾ ਰਿਹਾ ਹੈ ਜਿਹੜੀਆਂ ਸ਼ਕਤੀਆਂ ਨੇ ਸਰਬ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਸੀ।
ਆਪਣੀ ਪਾਕਿਸਤਾਨ ਫੇਰੀ ਬਾਰੇ ਉਹਨਾਂ ਕਿਹਾ ਕਿ ਇਹ ਫੇਰੀ ਉਹਨਾਂ ਦੀ ਨਿਰੋਲ ਧਾਰਮਿਕ ਹੈ ਅਤੇ ਗੁਰਦੁਆਰਾ ਡੇਹਰਾ ਸਾਹਿਬ ਦੀ ਕਾਰ ਸੇਵਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਪਾਕਿਸਤਾਨ ਸਰਕਾਰ , ਓਕਾਬ ਬੋਰਡ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਰੂਪ ਵਿੱਚ ਸੋਂਪੀ ਹੈ । ਇਹ ਸੇਵਾ ਜੰਗੀ ਪੱਧਰ ਤੇ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲਿਆ ਰਾਹੀ ਕਰਵਾਈ ਜਾ ਰਹੀ ਹੈ ਤੇ ਜਲਦੀ ਹੀ ਸੰਪੂਰਨ ਕਰ ਲਈ ਜਾਵੇਗੀ। ਉਹਨਾਂ ਕਿਹਾ ਕਿ ਗੁਰਦੁਆਰੇ ਦੀ ਇਮਾਰਤ ਦੀ ਪਹਿਲੀ ਮੰਜਿਲ ਦਾ ਲੈਂਟਰ ਪਾਇਆ ਜਾ ਰਿਹਾ ਹੈ ਅਤੇ ਦੋ ਦਿਨ ਰਹਿ ਕੇ ਉਹ ਇਸ ਸੇਵਾ ਬਾਰੇ ਸਾਰੇ ਪਹਿਲੂਆਂ ਤੇ ਵਿਚਾਰ ਚਰਚਾ ਕਰਨਗੇ। ਇਸ ਤੋਂ ਇਲਾਵਾ ਗੁਰੂ ਅਰਜਨ ਦੇਵ ਪਾਤਸ਼ਾਹ ਦਾ 16 ਜੂਨ ਨੂੰ ਮਨਾਇਆ ਜਾਣ ਵਾਲਾ ਸ਼ਹੀਦੀ ਦਿਹਾੜੇ ਦੇ ਪ੍ਰਬੰਧਾਂ ਬਾਰੇ ਉਹ ਓਕਾਬ ਬੋਰਡ ਤੇ ਪਾਕਿਸਤਾਨ ਕਮੇਟੀ ਦੇ ਆਹੁਦੇਦਾਰਾਂ ਨਾਲ ਗੱਲਬਾਤ ਵੀ ਕਰਨਗੇ। ਇਸ ਸਮੇਂ ਉਹਨਾਂ ਦੇ ਨਾਲ ਐਸ ਸੀ ਸਿੰਘ ਉਬਰਾਏ ਦਿੱਲੀ ਵੀ ਨਾਲ ਹਨ ਤੇ ਉਹ ਵੀ ਡੇਹਰਾ ਸਾਹਿਬ ਦੀ ਸੇਵਾ ਵਿੱਚ ਹਿੱਸਾ ਪਾਉਣਗੇ ।