ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਨੇ ਪੰਜਾਬ ਦੇ ਸਕੂਲਾਂ ਵਿਚ ਅੰਗਰੇਜ਼ੀ ਮਾਧਿਅਮ ਵਿਚ ਸਿੱਖਿਆ ਦੇਣ ਦੀ ਨਿਖੇਧੀ ਕੀਤੀ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਕਾਰਜਕਾਰੀ ਪ੍ਰਧਾਨ ਡਾ। ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ 400 ਸਰਕਾਰੀ ਸਕੂਲਾਂ ਵਿਚ ਅੰਗਰੇਜ਼ੀ ਮਾਧਿਅਮ ਵਿਚ ਸਿੱਖਿਆ ਦੇਣ ਦੀ ਤਜਵੀਜ਼ ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਗਲਤ ਸਮਝਦੀ ਹੈ। ਸਾਡਾ ਵਿਚਾਰ ਹੈ ਕਿ ਮਾਤ ਭਾਸ਼ਾ ਪੰਜਾਬੀ ਮਾਧਿਅਮ ਵਿਚ ਸਾਰੇ ਵਿਸ਼ਿਆਂ ਦੀ ਪੜ੍ਹਾਈ ਚੰਗੇਰੀ ਹੋ ਸਕਦੀ ਹੈ ਅਤੇ ਇਸ ਨਾਲ ਵਿਦਿਆਰਥੀਆਂ ’ਤੇ ਕੋਈ ਬੋਝ ਵੀ ਨਹੀਂ ਪੈਂਦਾ। ਪ੍ਰਬੁੱਧ ਬਾਲ ਮਨੋਵਿਗਿਆਨੀ, ਭਾਸ਼ਾ ਵਿਗਿਆਨੀ ਅਤੇ ਚਿੰਤਕਾਂ ਦੀ ਇਹ ਰਾਏ ਹੈ ਕਿ ਬੱਚੇ ਨੂੰ ਸਭ ਤੋਂ ਪਹਿਲਾਂ ਮਾਤ ਭਾਸ਼ਾ ਵਿਚ ਹੀ ਨਿਪੁੰਨ ਕਰਨ ਨਾਲ ਦੂਜੀਆਂ ਭਾਸ਼ਾਵਾਂ ਸਿੱਖੀਆਂ ਜਾ ਸਕਦੀਆਂ ਹਨ। ਦੁਨੀਆ ਦੇ ਸਾਰੇ ਵਿਕਸਿਤ ਦੇਸ਼ ਸਕੂਲੀ ਸਿੱਖਿਆ ਮਾਤ-ਭਾਸ਼ਾ ਵਿਚ ਹੀ ਦਿੰਦੇ ਹਨ। ਪਰ ਸਾਡੇ ਦੇਸ਼ ਵਿਚ ਅੰਗਰੇਜ਼ੀ ਮਾਧਿਅਮ ਦਾ ਗ਼ਲਤ ਰਿਵਾਜ ਪੈ ਗਿਆ ਹੈ ਜਿਸ ਨਾਲ ਵਿਦਿਆਰਥੀਆਂ ਦੀ ਸਿਰਜਣਾਤਮਕ ਪ੍ਰਤਿਭਾ ਦੱਬ ਜਾਂਦੀ ਹੈ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਰਕਾਰੀ ਸਕੂਲਾਂ ਵਿਚ ਕਿਸੇ ਵੀ ਹਾਲਤ ਵਿਚ ਅੰਗਰੇਜ਼ੀ ਮਾਧਿਅਮ ਦੀ ਸਿੱਖਿਆ ਦੀ ਲੀਹ ਨਾ ਪਾਈ ਜਾਵੇ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਵਿਦੇਸ਼ ਤੋਂ ਫ਼ੋਨ ਰਾਹੀਂ ਕਿਹਾ ਕਿ ਪੰਜਾਬ ਸਰਕਾਰ ਉਪਰੋਕਤ ਫੈਸਲਾ ਕਰਕੇ ਸਿੱਖਿਆ ਨੂੰ ਉਲਟੇ ਰਾਹ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ ਦਾ ਵਿਚਾਰ ਹੈ ਕਿ ਪੰਜਾਬ ਦੇ ਸਾਰੇ ਪਬਲਿਕ ਸਕੂਲਾਂ ਵਿਚ ਸਿੱਖਿਆ ਦਾ ਮਾਧਿਅਮ ਮਾਤ-ਭਾਸ਼ਾ ਪੰਜਾਬੀ ਨੂੰ ਹੀ ਬਣਾਇਆ ਜਾਵੇ ਕਿਉਕਿ ਇਸ ਤਰ੍ਹਾਂ ਵਿਦਿਆਰਥੀਆਂ ਦਾ ਵਧੇਰੇ ਮਾਨਸਿਕ ਵਿਕਾਸ ਹੋ ਸਕਦਾ ਹੈ ਅਤੇ ਉਹ ਭਵਿੱਖ ਵਿਚ ਉੱਘੀਆਂ ਪ੍ਰਾਪਤੀਆਂ ਹਾਸਲ ਕਰ ਸਕਦੇ ਹਨ। ਇਸ ਸਬੰਧੀ ਲੋੜੀਂਦੀਆਂ ਪੁਸਤਕਾਂ ਦੀ ਪੂਰਤੀ ਲਈ ਜ਼ਰੂਰੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਮਾਤ ਭਾਸ਼ਾ ਪੰਜਾਬੀ ਮਾਧਿਅਮ ਵਿਚ ਸਿੱਖਿਆ ਦੇਣ ਦੀ ਪੁਰਜ਼ੋਰ ਮੰਗ ਕਰਨ ਵਾਲਿਆਂ ਵਿਚ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਡਾ. ਦਲੀਪ ਕੌਰ ਟਿਵਾਣਾ, ਪ੍ਰੋ. ਗੁਰਭਜਨ ਸਿੰਘ ਗਿੱਲ, ਖੁਸ਼ਵੰਤ ਬਰਗਾੜੀ, ਡਾ. ਸੁਦਰਸ਼ਨ ਗਾਸੋ, ਤ੍ਰੈਲੋਚਨ ਲੋਚੀ, ਸੁਰਿੰਦਰ ਕੈਲੇ, ਡਾ. ਗੁਰਚਰਨ ਕੌਰ ਕੋਚਰ, ਡਾ. ਗੁਰਇਕਬਾਲ ਸਿੰਘ, ਡਾ. ਸਰਬਜੀਤ ਸਿੰਘ, ਇੰਜ. ਜਸਵੰਤ ਜ਼ਫ਼ਰ,
ਮਨਜਿੰਦਰ ਸਿੰਘ ਧਨੋਆ, ਡਾ. ਗੁਲਜ਼ਾਰ ਸਿੰਘ ਪੰਧੇਰ, ਭੁਪਿੰਦਰ ਸਿੰਘ ਸੰਧੂ, ਸਹਿਜਪ੍ਰੀਤ ਸਿੰਘ ਮਾਂਗਟ, ਅਜੀਤ ਪਿਆਸਾ, ਸਿਰੀ ਰਾਮ ਅਰਸ਼, ਡਾ. ਭਗਵੰਤ ਸਿੰਘ, ਭਗਵੰਤ ਰਸੂਲਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਡਾ. ਹਰਪ੍ਰੀਤ ਸਿੰਘ ਹੁੰਦਲ, ਡਾ. ਸਰੂਪ ਸਿੰਘ ਅਲੱਗ, ਸੁਖਦਰਸ਼ਨ ਗਰਗ, ਡਾ. ਸ਼ਰਨਜੀਤ ਕੌਰ, ਡਾ. ਦਵਿੰਦਰ ਦਿਲਰੂਪ, ਡਾ. ਹਰਵਿੰਦਰ ਸਿੰਘ, ਜਨਮੇਜਾ ਸਿੰਘ
ਜੌਹਲ, ਡਾ. ਜੋਗਿੰਦਰ ਸਿੰਘ ਨਿਰਾਲਾ, ਹਰਦੇਵ ਸਿੰਘ ਗਰੇਵਾਲ ਸਮੇਤ ਸਥਾਨਕ ਲੇਖਕ ਸ਼ਾਮਿਲ ਸਨ।