ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ ਵੱਲੋਂ ਕਮੇਟੀ ਪ੍ਰਬੰਧਕਾਂ ਦਾ ਸਟਾਫ ਦੀ ਸਹੂਲਤਾ ’ਚ ਵਾਧਾ ਕਰਨ ਲਈ ਧੰਨਵਾਦ ਕੀਤਾ ਗਿਆ। ਗੁਰਦੁਆਰਾ ਰਕਾਬਗੰਜ ਸਾਹਿਬ ’ਚ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ ਭਾਈ ਲੱਖੀ ਸ਼ਾਹ ਵਣਜਾਰਾ ਵਿਖੇ ਹੋਏ ਧੰਨਵਾਦ ਸਮਾਗਮ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਟਾਫ ਦੀਆਂ ਕਈ ਮੰਗਾਂ ਨੂੰ ਪ੍ਰਵਾਨ ਕਰਨ ਦਾ ਐਲਾਨ ਕੀਤਾ।
ਜਿਸ ਵਿਚ ਪ੍ਰਮੁਖ ਹਨ: ਸਟਾਫ ਦੇ ਬੱਚਿਆਂ ਦੇ ਵਿਆਹ ਲਈ ਬਹੁਮੰਤਵੀ ਹਾਲ ਮੁਫਤ ਦੇਣਾ, ਸਗੁਨ ਸਕੀਮ ਰਾਹੀਂ 51 ਹਜਾਰ ਰੁਪਏ ਕੁੜੀ ਅਤੇ 31 ਹਜਾਰ ਰੁਪਏ ਮੁੰਡੇ ਦੇ ਵਿਆਹ ਮੌਕੇ ਮਾਲੀ ਮਦਦ ਦੇ ਤੌਰ ਤੇ ਦੇਣਾ, ਕਿਸੇ ਵੀ ਮੁਲਾਜ਼ਮ ਦੀ ਮੌਤ ਤੇ ਸਾਰੇ ਸਟਾਫ ਦੀ ਇੱਕ ਦਿਨ ਦੀ ਤਣਖਾਹ ਜੋ ਕਿ ਲਗਭਗ 8।5 ਲੱਖ ਬਣਦੀ ਹੈ ਨੂੰ ਸਟਾਫ ਦੇ ਖਾਤੇ ਵਿਚੋਂ ਕੱਟ ਕੇ ਉਸਦੇ ਬਰਾਬਰ ਕਮੇਟੀ ਵੱਲੋਂ ਵੀ ਇੱਕ ਦਿਨ ਦੀ ਤਣਖਾਹ ਅੰਸ਼ਦਾਨ ਵਜੋਂ ਦੇਣਾ ਤਾਂ ਕਿ ਮ੍ਰਿੱਤਕ ਦੇ ਪਰਿਵਾਰ ਨੂੰ ਲਗਭਗ 17 ਲੱਖ ਰੁਪਏ ਦੀ ਮਦਦ ਮਿਲ ਸਕੇ ਆਦਿਕ ਮੰਗਾਂ ਸ਼ਾਮਿਲ ਸਨ।
ਸਟਾਫ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਹੈਡਗ੍ਰੰਥੀ ਭਾਈ ਹਰਜਿੰਦਰ ਸਿੰਘ ਨੇ ਮੌਜੂਦਾ ਕਮੇਟੀ ਪ੍ਰਬੰਧਕਾ ਦਾ ਧੰਨਵਾਦ ਕਰਦੇ ਹੋਏ ਸਾਬਕਾ ਪ੍ਰਬੰਧਕਾਂ ਦੀ ਕਾਰਜਸ਼ੈਲੀ ਨੂੰ ਸਟਾਫ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਨੇ ਤਾਂ ਕਮੇਟੀ ਮੁਲਾਜਮਾ ਦੀ ਤਣਖਾਹ ਵਿਚ ਕੀ ਵਾਧਾ ਕਰਨਾ ਸੀ, ਸਗੋਂ ਸਾਡੇ ਜਾਇਜ ਹੱਕਾਂ ਤੇ ਵੀ ਡਾਕਾ ਮਾਰਿਆ ਸੀ। 2007 ਤੱਕ ਸਟਾਫ ਦੀ ਤਣਖਾਹ ’ਚੋਂ ਕੱਟੀ ਜਾਂਦੀ ਰਾਸ਼ੀ ਦੇ ਸਹਾਰੇ ਚਲਦੇ ਸਟਾਫ ਭਲਾਈ ਫੰਡ ’ਚੋਂ 35 ਹਜਾਰ ਰੁਪਏ ਦੀ ਮਾਲੀ ਮਦਦ ਮ੍ਰਿਤਕ ਮੁਲਾਜਮ ਦੇ ਪਵਿਰਾਰ ਨੂੰ ਦਿੱਤੀ ਜਾਂਦੀ ਸੀ ਜਿਸਨੂੰ ਪਰਮਜੀਤ ਸਿੰਘ ਸਰਨਾ ਨੇ ਬੰਦ ਕਰਕੇ ਮ੍ਰਿਤਕ ਮੁਲਾਜਮਾਂ ਦੇ ਸ਼ਰੀਰ ਤੋਂ ਕਫਨ ਵੀ ਉਤਾਰ ਦਿੱਤਾ ਸੀ। ਮੌਜੂਦਾ ਕਮੇਟੀ ਵੱਲੋਂ ਸਟਾਫ ਭਲਾਈ ਦੇ ਕੀਤੇ ਗਏ ਕਾਰਜਾਂ ਲਈ ਉਨ੍ਹਾਂ ਨੇ ਧੰਨਵਾਦ ਵੀ ਜਤਾਇਆ।
ਜੀ. ਕੇ. ਨੇ ਕਿਹਾ ਕਿ ਸਟਾਫ ਦਾ ਬਣਦਾ ਹੱਕ ਦੇ ਕੇ ਉਨ੍ਹਾਂ ਨੇ ਆਪਣਾ ਫਰਜ ਨਿਭਾਇਆ ਹੈ। ਸਟਾਫ ਦੇ ਗ੍ਰੇਡ ’ਚ ਕੀਤੇ ਗਏ ਸੁਧਾਰਾਂ ਦੇ ਕਾਰਨ ਕਮੇਟੀ ਦੇ ਸਿਰ 47 ਲੱਖ ਰੁਪਏ ਮਹੀਨੇ ਦਾ ਆਰਥਿਕ ਬੋਝ ਵਧਿਆ ਹੈ। ਮੁਲਾਜਮਾ ਦੇ ਬੱਚਿਆਂ ਦੀ ਸਕੂਲੀ ਪੜਾਈ ਲਈ ਕਮੇਟੀ ਵੱਲੋਂ ਦਿੱਤੀ ਜਾਂਦੀ 360 ਰੁਪਏ ਦੀ ਸਲਾਨਾ ਸਹਾਇਤਾ ਨੂੰ ਵਧਾ ਕੇ ਪਹਿਲੇ ਕਮੇਟੀ ਵੱਲੋਂ 1800 ਰੁਪਏ ਤੇ ਹੁਣ 6 ਹਜਾਰ ਰੁਪਏ ਸਲਾਨਾ ਪ੍ਰਤੀ ਬੱਚਾ ਕਰ ਦਿੱਤਾ ਗਿਆ ਹੈ ਤਾਂ ਕਿ ਮੁਲਾਜਮਾ ਦੇ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰ ਸਕਣ।
ਜੀ.ਕੇ. ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਨੇ ਦਿੱਲੀ ਕਮੇਟੀ ਦੇ ਮੁਲਾਜਮਾ ਲਈ ਵੱਖਰੀ ਕਾੱਲੋਨੀ ਬਣਾਉਣ ਦਾ ਸੁਪਨਾ ਵੇਖਿਆ ਸੀ ਜਿਸ ਨੂੰ ਪੂਰਾ ਕਰਨ ਲਈ ਅਸੀਂ ਆਪਣੇ ਚੋਣ ਮਨੋਰਥ ਪੱਤਰ ’ਚ ਸਟਾਫ ਨਾਲ ਵਾਇਦਾ ਵੀ ਕੀਤਾ ਹੋਇਆ ਹੈ। ਜਿਸ ਲਈ ਸੁਸਾਇਟੀ ਬਣਾਕੇ ਸਰਕਾਰ ਪਾਸੋਂ ਥਾਂ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਸਿਰਸਾ ਨੇ ਸਟਾਫ ਨੂੰ ਆਪਣਾ ਪਰਿਵਾਰ ਦੱਸਦੇ ਹੋਏ ਕਮੇਟੀ ਵੱਲੋਂ ਹਰ ਪ੍ਰਕਾਰ ਦੀ ਮਦਦ ਦੇਣ ਦਾ ਭਰੋਸਾ ਦਿੱਤਾ। ਸਿਰਸਾ ਨੇ ਕਿਹਾ ਕਿ ਅਸੀਂ ਬੀਤੇ ਚਾਰ ਸਾਲ ਪਹਿਲੇ ਸਟਾਫ ਨਾਲ ਜੋ ਵਾਇਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੇਸ਼-ਵਿਦੇਸ਼ ਵਿਚ ਕਮੇਟੀ ਦੇ ਚੰਗੇ ਕਾਰਜਾਂ ਦੀ ਹੁੰਦੀ ਤਾਰੀਫ ਲਈ ਸਿਰਸਾ ਨੇ ਸਟਾਫ ਵੱਲੋਂ ਪੂਰੀ ਤਨਦੇਹੀ ਨਾਲ ਕੀਤੇ ਜਾਂਦੇ ਕਾਰਜਾਂ ਨੂੰ ਸਿਹਰਾ ਬੰਨਿਆ।
ਹਿੱਤ ਨੇ ਆਪਣੇ ਪ੍ਰਧਾਨਗੀ ਕਾਲ ਦੌਰਾਨ ਸਟਾਫ ਭਲਾਈ ਦੇ ਕੀਤੇ ਗਏ ਕਾਰਜਾਂ ਦੀ ਜਾਣਕਾਰੀ ਦਿੱਤੀ। ਸਟੇਜ ਸਕੱਤਰ ਦੀ ਸੇਵਾ ਮੀਤ ਜਨਰਲ ਮੈਨੇਜਰ ਇਕਬਾਲ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਕਮੇਟੀ ਦੇ ਜਨਰਲ ਮੈਨੇਜਰ ਹਰਜੀਤ ਸਿੰਘ ਸੂਬੇਦਾਰ ਵੱਲੋਂ ਕਮੇਟੀ ਪ੍ਰਬੰਧਕਾਂ ਨੂੰ ਸ਼ਾਲ, ਸ੍ਰੀ ਸਾਹਿਬ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।