ਅੰਮ੍ਰਿਤਸਰ – (ਜਸਬੀਰ ਸਿੰਘ ਪੱਟੀ) ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ550 ਸਾਲਾ ਪ੍ਰਕਾਸ਼ ਉਤਸਵ ਵੱਡੀ ਪੱਧਰ ਤੇ ਮਨਾਉਣ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਸੰਨ 2018 ਵਿੱਚ ਦਿੱਲੀ ਤੋਂ ਲਾਹੌਰ ਤੱਕ ਨਗਰ ਕੀਤਰਨ ਲੈ ਕੇ ਜਾਵੇਗਾ ਜਿਸ ਦੀ ਆਗਿਆ ਪਾਕਿਸਤਾਨ ਦੇ ਅਧਿਕਾਰੀਆਂ ਨੇ ਦੇ ਦਿੱਤੀ ਹੈ।
ਆਪਣੇ ਦੋ ਦਿਨਾਂ ਪਾਕਿਸਤਾਨ ਦੇ ਦੌਰੇ ਉਪਰੰਤ ਵਾਪਸ ਵਤਨ ਪਰਤੇ ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਹੀ ਗੁਰਦੁਆਰਾ ਡੇਹਰਾ ਸਾਹਿਬ ਦੀ ਖਸਤਾ ਹੋ ਚੁੱਕੀ ਇਮਾਰਤ ਦੀ ਮੁੜ ਉਸਾਰੀ ਦੀ ਸੇਵਾ ਮਿਲ ਚੁੱਕੀ ਹੈ ਤੇ ਇਸ ਸੇਵਾ ਦੌਰਾਨ ਉਹਨਾਂ ਵੱਲੋ ਦੋ ਦਿਨਾਂ ਦੇ ਦੌਰੇ ਦੌਰਾਨ ਬੇਸਮੈਂਟ ਦੀ ਛੱਤ ਦਾ ਲੈਂਟਰ ਪਾਉਣ ਦੀ ਸੇਵਾ ਕੀਤੀ ਗਈ ਹੈ ਤੇ ਹੁਣ ਸਿਰਫ 15 ਫੁੱਟ ਉਚੀ ਇਮਾਰਤ ਦਾ ਲੈਂਟਰ ਪਾਉਣਾ ਬਾਕੀ ਹੈ। ਉਹਨਾਂ ਕਿਹਾ ਕਿ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲੇ ਇਹ ਸੇਵਾ ਕਰਵਾ ਰਹੇ ਹਨ ਅਤੇ ਸੇਵਾ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਫਿਰ ਵੀ ਘੱਟੋ ਘੱਟ ਪੰਜ ਸਾਲ ਦਾ ਹੋਰ ਸਮਾਂ ਲੱਗੇਗਾ ਪਰ ਉਹਨਾਂ ਦੀ ਕੋਸ਼ਿਸ਼ ਹੈ ਕਿ 2018 ਵਿੱਚ ਸ਼ਹੀਦੀ ਦਿਹਾੜਾ ਨਵੀ ਇਮਾਰਤ ਵਿੱਚ ਪ੍ਰਕਾਸ਼ ਕਰਕੇ ਹੀ ਮਨਾਇਆ ਜਾਵੇ। ਉਹਨਾਂ ਕਿਹਾ ਕਿ ਨਵੀ ਇਮਾਰਤ ਦੀ ਸਜਾਵਟ ਸ੍ਰੀ ਦਰਬਾਰ ਸਾਹਿਬ ਦੇ ਵਾਂਗ ਕੀਤੇ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ ਅਤੇ ਇਸ ਸਬੰਧੀ ਮਾਹਿਰਾਂ ਦੀ ਰਾਇ ਲਈ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਹੜਾ ਨਕਸ਼ਾ ਉਹਨਾਂ ਨੇ ਬਣਾਇਆ ਸੀ ਉਸ ਨੂੰ ਪਾਕਿਸਤਾਨ ਓਕਾਬ ਬੋਰਡ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨ ਕਰ ਲਿਆ ਹੈ ਭਾਂਵੇ ਕੁਝ ਰੁਕਾਟਵਾਂ ਵੀ ਆ ਰਹੀਆਂ ਸਨ ਪਰ ਪਾਕਿਸਤਾਨੀ ਅਧਿਕਾਰੀਆਂ ਨੇ ਫਰਾਕ ਦਿੱਲੀ ਵਿਖਾਉਦਿਆਂ ਰੁਕਾਵਟਾਂ ਦੀ ਕੋਈ ਪ੍ਰਵਾਹ ਨਹੀ ਕੀਤੀ।
ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਦੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆਂ ਭਰ ਵਿੱਚ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਹੈ ਅਤੇ ਪਾਕਿਸਤਾਨ ਸਰਕਾਰ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਓਕਾਬ ਬੋਰਡ ਵੱਲੋਂ ਵੱਡੀ ਪੱਧਰ ਤੇ ਮਨਾਉਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਸੇ ਸੰਦਰਭ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਦਿੱਲੀ ਤੋਂ ਲਾਹੌਰ ਤੱਕ ਨਗਰ ਕੀਰਤਨ ਲੈ ਕੇ ਜਾਣ ਦਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਉਹਨਾਂ ਪੱਤਰ ਦੀ ਕਾਪੀ ਵਿਖਾਉਦਿਆਂ ਦੱਸਿਆ ਕਿ ਕਈ ਸ਼ਕਤੀਆਂ ਅਜਿਹੇ ਉਸਾਰੂ ਕਾਰਜਾਂ ਵਿੱਚ ਵੀ ਰੁਕਾਵਟ ਪਾਉਣ ਤੋਂ ਹਮੇਸ਼ਾਂ ਬਾਜ ਨਹੀ ਆਉਦੀਆਂ ਪਰ ਗੁਰੂ ਸਾਹਿਬ ਨੇ ਉਹਨਾਂ ਕੋਲੋ ਸੇਵਾ ਲੈਣੀ ਸੀ ਜਿਸ ਕਰਕੇ ਪਾਕਿਸਤਾਨ ਦੇ ਅਧਿਕਾਰੀਆਂ ਪੱਤਰ ਜਾਰੀ ਕਰਕੇ ਆਗਿਆ ਦੇ ਦਿੱਤੀ ਹੈ ਜਿਸ ਉਪਰ ਓਕਾਬ ਬੋਰਡ ਦੇ ਚੇਅਰਮੈਨ ਮੁਹੰਮਦ ਸਿਦੀਕ ਉਲ ਫਾਰੂਕ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਤਾਰਾ ਸਿੰਘ ਦੇ ਦਸਤਖਤ ਹਨ। ਉਹਨਾਂ ਕਿਹਾ ਕਿ ਇਸ ਕਾਰਜ ਨੂੰ ਆਰੰਭ ਕਰਨ ਲਈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸ੍ਰੀ ਪਟਨਾ ਸਾਹਿਬ ਕਮੇਟੀ ਤੇ ਹਜੂਰ ਸਾਹਿਬ ਕਮੇਟੀ ਤੋਂ ਇਲਾਵਾ ਸਾਰੀਆਂ ਧਾਰਮਿਕ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਪ੍ਰੋਗਰਾਮ ਉਲੀਕਣਗੇ। ਉਹਨਾਂ ਕਿਹਾ ਕਿ 2005 ਵਿੱਚ ਜਦੋਂ ਉਹ ਨਗਰ ਕੀਰਤਨ ਲੈ ਕੇ ਗਏ ਸਨ ਤਾਂ ਉਸ ਸਮੇਂ ਦਿੱਲੀ ਕਮੇਟੀ ਦੀ ਸੇਵਾ ਉਹਨਾਂ ਕੋਲ ਸੀ ਤੇ ਸ਼੍ਰੋਮਣੀ ਕਮੇਟੀ ਨੇ ਗੁਰੂ ਦੇ ਨਗਰ ਕੀਰਤਨ ਦਾ ਬਾਈਕਾਟ ਕਰਕੇ ਬੱਜਰ ਗੱਲਤੀ ਕੀਤੀ ਸੀ ਪਰ ਉਮੀਦ ਹੈ ਕਿ ਇਸ ਵਾਰੀ ਅਜਿਹੀ ਗਲਤੀ ਨਹੀਂ ਕਰਨਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸੁਲਝੇ ਹੋਏ ਵਿਅਕਤੀ ਹਨ ਤੇ ਉਹ ਰਾਜਸੀ ਬੰਧਨ ਤੋੜ ਕੇ ਵੀ ਇਸ ਗੁਰੂ ਦੇ ਕਾਰਜ ਲਈ ਸਹਿਯੋਗ ਕਰਨਗੇ। ਉਹਨਾਂ ਕਿਹਾ ਕਿ ਉਹ ਸਮੇਂ ਤੋਂ ਪਹਿਲਾਂ ਕੇਂਦਰ ਸਰਕਾਰ, ਹਰਿਆਣਾ ਸਰਕਾਰ, ਦਿੱਲੀ ਸਰਕਾਰ ਨੂੰ ਪਹਿਲਾਂ ਹੀ ਸੂਚਿਤ ਕਰ ਦੇਣਗੇ ਤੇ ਕੈਪਟਨ ਅਮਰਿੰਦਰ ਸਿੰਘ ਵਡਭਾਗੇ ਹਨ ਕਿ 2005 ਵਿੱਚ ਜਦੋਂ ਨਗਰ ਕੀਰਤਨ ਗਿਆ ਸੀ ਤਾਂ ਉਸ ਸਮੇਂ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤੇ ਇਸ ਵਾਰੀ ਵੀ ਇਹ ਸੇਵਾ ਉਹਨਾਂ ਦੇ ਹਿੱਸੇ ਹੀ ਆਈ ਹੈ। ਉਹਨਾਂ ਕਿਹਾ ਕਿ ਨਗਰ ਕੀਤਰਨ ਲੈ ਕੇ ਜਾਣ ਦਾ ਪ੍ਰੋਗਰਾਮ ਉਹਨਾਂ ਦੇ ਚੋਣ ਮੈਨੀਫੈਸਟੋ ਵਿੱਚ ਵੀ ਸ਼ਾਮਲ ਸੀ।
ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਨੂੰ ਪਾਕਿਸਤਾਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਜੋੜ ਮੇਲਾ ਮਨਾਉਣ ਜਾਣ ਵਾਲੇ ਸਿੱਖ ਸ਼ਰਧਾਲੂਆ ਦੇ ਜੱਥੇ ਨੂੰ ਰੋਕਣ ਦੀ ਇੱਕ ਸੋਚੀ ਸਮਝੀ ਸਾਜਿਸ਼ ਸੀ ਤੇ ਇਹ ਬੱਜਰ ਗਲਤੀ ਕਰਨ ਵਾਲੇ ਵੀ ਜਲਦੀ ਹੀ ਨੰਗੇ ਹੋ ਜਾਣਗੇ। ਉਹਨਾਂ ਕਿਹਾ ਕਿ ਪਾਕਿਸਤਾਨ ਜਾਣ ਵਾਲੇ ਯਾਤਰੂਆ ਨੂੰ ਰੇਲ ਗੱਡੀ ਵਿੱਚੋ ਬੈਠਿਆ ਨੂੰ ਉਤਾਰਿਆ ਗਿਆ ਹੈ ਤੇ ਬਹਾਨਾ ਇਹ ਲਗਾਇਆ ਗਿਆ ਕਿ ਉਹਨਾਂ ਦਾ ਵੀਜ਼ਾ ਸਪੈਸ਼ਲ ਰੇਲ ਗੱਡੀ ਦਾ ਲੱਗਾ ਹੈ ਜਦ ਕਿ ਵੀਜੇ ਵਿੱਚ ਸਿਰਫ ਰੇਲ ਰਾਹੀ ਲਿਖਿਆ ਹੋਇਆ ਸੀ। ਉਹਨਾਂ ਕਿਹਾ ਕਿ ਪਾਕਿਸਤਾਨ ਵਾਲੇ ਪਾਸਿਉ ਪੂਰੀਆ ਤਿਆਰੀਆ ਕੀਤੀਆ ਗਈਆ ਸਨ ਤੇ ਸਾਰੇ ਅਧਿਕਾਰੀ ਵਾਹਗਾ ਸਰਹੱਦ ਤੇ ਆ ਕੇ ਬੈਠੇ ਹੋਏ ਸਨ। ਉਹਨਾਂ ਕਿਹਾ ਕਿ ਸਮਝੌਤਾ ਐਕਸਪ੍ਰੈਸ ਵਿੱਚ ਯਾਤਰੀ ਬੈਠੇ ਹੋਏ ਸਨ ਜਿਹਨਾਂ ਨੂੰ ਉਤਾਰਨਾ ਇੱਕ ਸਾਜਿਸ਼ ਦਾ ਹਿੱਸਾ ਹੈ ਤੇ ਇਸ ਸਾਜਿਸ਼ ਵਿੱਚ ਕੋਈ ਹੋਰ ਨਹੀ ਸਗੋ ਸਾਡੇ ਹੀ ਭਰਾ ਭਾਈ ਸ਼ਾਮਲ ਸਨ ਤੇ ਕੇਂਦਰ ਨੇ ਉਹਨਾਂ ਦੇ ਇਸ਼ਾਰਿਆ ਤੇ ਸਿੱਖ ਜੱਥੇ ਦੇ ਅਕੀਦੇ ਨੂੰ ਠੇਸ ਪਹੁੰਚਾਈ ਹੈ। ਉਹਨਾਂ ਕਿਹਾ ਕਿ ਜਦੋ ਪਾਕਿਸਤਾਨ ਅਧਿਕਾਰੀ ਭਾਰਤੀ ਉ¤ਤਰੀ ਰੇਲਵੇ ਨੂੰ ਫੋਨ ਕਰ ਰਹੇ ਸਨ ਤਾਂ ਉਸ ਵੇਲੇ ਰੇਲਵੇ ਅਧਿਕਾਰੀਆ ਵੱਲੋ ਉਪਰੋ ਆਏ ਹੁਕਮਾਂ ਮੁਤਾਬਕ ਕੋਈ ਵੀ ਅਧਿਕਾਰੀ ਫੋਨ ਸੁਨਣ ਲਈ ਤਿਆਰ ਨਹੀ ਸੀ। ਉਹਨਾਂ ਕਿਹਾ ਕਿ ਅਗਲੇ ਸਾਲ ਜਿਹੜੀਆ ਸੰਗਤਾਂ ਜਾਣਾ ਚਾਹੁੰਣਗੀਆ ਉਹ ਅਪ੍ਰੈਲ ਮਹੀਨੇ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਨਾਲ ਰਾਬਤਾ ਕਾਇਮ ਕਰਨ ਤੇ ਸਮੇਂ ਤੋ ਪਹਿਲਾਂ ਸਾਰਿਆ ਦੇ ਵੀਜਾ ਲਗਵਾ ਕੇ ਦਿੱਤੇ ਜਾਣਗੇ ਤੇ ਜੱਥੇ ਨੂੰ ਕੋਈ ਨਹੀ ਰੋਕਣ ਦੀ ਕੋਈ ਗੁੰਜਾਇਸ਼ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਘੱਲੂਘਾਰਾ ਦੇ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਨੇ ਪੰਥਕ ਜਥੇਬੰਦੀਆ ਦੀਆ ਕਈ ਮੀਟਿੰਗਾਂ ਕੀਤੀਆ ਪਰ ਉਹਨਾਂ ਨੂੰ ਨਹੀ ਬੁਲਾਇਆ ਗਿਆ। ਰਹਿਤ ਮਰਿਆਦਾ ਦੇ ਮੁੱਦੇ ਤੇ ਉਹਨਾਂ ਕਿਹਾ ਕਿ ਜੇਕਰ ਰਹਿਤ ਮਰਿਆਦਾ ਵਿੱਚ ਕੋਈ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਿੱਖ ਪੰਥ ਦੋਸ਼ੀਆ ਨੂੰ ਕਦੇ ਮੁਆਫ ਨਹੀ ਕਰੇਗਾ ਤੇ ਦਿੱਲੀ ਸ੍ਰੋਮਣੀ ਅਕਾਲੀ ਦਲ ਦਿੱਲੀ ਵੀ ਅਜਿਹੀ ਬੱਜਰ ਹੋਣ ਤੋ ਰੋਕਣ ਲਈ ਆਪਣੀ ਬਣਦੀ ਭੂੁਮਿਕਾ ਜਰੂਰ ਨਿਭਾਏਗਾ। ਇਸ ਸਮੇਂ ਉਹਨਾਂ ਦੇ ਨਾਲ ਸੁਰਿੰਦਰਪਾਲ ਸਿੰਘ ਓਬਰਾਏ ਤੇ ਮਨਿੰਦਰ ਸਿੰਘ ਧੁੰਨਾ ਵੀ ਨਾਲ ਸਨ।