ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਵਿਰਾਸਤੀ ਮਾਰਗ ‘ਤੇ ਲਗਾਈਆਂ ਸਕਰੀਨਾਂ ਉਪਰ ਗੁਰਬਾਣੀ ਕੀਰਤਨ ਦਾ ਪ੍ਰਸਾਰ ਬੰਦ ਕਰਕੇ ਦਿੱਤੀ ਜਾ ਰਹੀ ਇਸ਼ਤਿਹਾਰਬਾਜ਼ੀ ਨੂੰ ਬੰਦ ਕਰਵਾਉਣ ਅਤੇ ਮੁੜ ਗੁਰਬਾਣੀ ਕੀਰਤਨ ਦਾ ਪ੍ਰਸਾਰ ਸ਼ੁਰੂ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਲਿਖਿਆ ਪੱਤਰ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਬੰਧਤ ਸੈਰ ਸਪਾਟਾ ਵਿਭਾਗ ਦੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੂੰ ਲਿਖੇ ਪੱਤਰ ‘ਚ ਉਨ੍ਹਾਂ ਮੰਗ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਪੁਰਾਣੇ ਰਸਤੇ ਕੋਤਵਾਲੀ ਤੋਂ ਜ਼ਲ੍ਹਿਆਂਵਾਲਾ ਬਾਗ ਵਿਚਾਲੇ ਜੋ ਪਿਛਲੀ ਸਰਕਾਰ ਨੇ ਸ਼ਰਧਾਲੂਆਂ ਲਈ ਵਿਰਾਸਤੀ ਮਾਰਗ ਬਣਾਇਆ ਸੀ, ਉਸ ਦੀ ਦੁਨੀਆਂ ਭਰ ਤੋਂ ਆਉਣ ਵਾਲੇ ਸ਼ਰਧਾਲੂ ਸ਼ਲਾਘਾ ਕਰਦੇ ਸਨ, ਪਿਛਲੀ ਸਰਕਾਰ ਵੱਲੋਂ ਵਿਰਾਸਤੀ ਮਾਰਗ ਉਪਰ ਵੱਖ ਵੱਖ ਜਗ੍ਹਾਂ ਤੇ ਗੁਰਬਾਣੀ ਕੀਰਤਨ ਦੇ ਪ੍ਰਸਾਰ ਲਈ ਤਿੰਨ ਸਕਰੀਨਾਂ ਲਗਾਈਆਂ ਗਈਆਂ ਸਨ, ਪਰ ਅੱਜਕਲ੍ਹ ਉਨ੍ਹਾਂ ਸਕਰੀਨਾਂ ਉਪਰ ਗੁਰਬਾਣੀ ਕੀਰਤਨ ਦਾ ਪ੍ਰਸਾਰ ਬੰਦ ਕਰਕੇ ਨਿੱਜੀ ਇਸ਼ਤਿਹਾਰਬਾਜ਼ੀ, ਜਿਸ ਵਿਚ ਸ਼ਰਾਬ, ਤੰਬਾਕੂ ਆਦਿ ਦੀਆਂ ਮਸ਼ਹੂਰੀਆਂ ਚੱਲ ਰਹੀਆਂ ਹਨ, ਜਿਸ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂਆਂ ਦੇ ਮਨਾਂ ਨੂੰ ਭਾਰੀ ਠੇਸ ਪੁੱਜ ਰਹੀ ਹੈ ਤੇ ਇਨ੍ਹਾਂ ਸਕਰੀਨਾਂ ਪ੍ਰਤੀ ਸ਼ਰਧਾਲੂਆਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੌਜੂਦਾ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਸਕਰੀਨਾਂ ਉਪਰ ਚੱਲ ਰਹੀ ਭੱਦੀ ਇਸ਼ਤਿਹਾਰਬਾਜ਼ੀ ਨੂੰ ਬੰਦ ਕਰਕੇ ਪਿਛਲੀ ਸਰਕਾਰ ਦੀ ਤਰ੍ਹਾਂ ਸਕਰੀਨਾਂ ਉਪਰ ਗੁਰਬਾਣੀ ਕੀਰਤਨ ਦਾ ਪ੍ਰਸਾਰਨ ਚਲਾਇਆ ਜਾਵੇ। ਇਸ ਮੌਕੇ ਪ੍ਰੋ. ਬਡੂੰਗਰ ਨੇ ਮੌਜੂਦਾ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਪੁਰਾਣੇ ਇਤਿਹਾਸਕ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਦੀ ਚਾਰ-ਦਵਾਰੀ ਦੇ ਅੰਦਰ ਚੱਲ ਰਹੀਆਂ ਮੀਟ, ਸ਼ਰਾਬ, ਸਿਗਰੇਟ, ਤੰਬਾਕੂ ਆਦਿ ਦੀਆਂ ਦੁਕਾਨਾਂ ਸ਼ਹਿਰ ਵਿਚੋਂ ਬਾਹਰ ਕੱਢੀਆ ਜਾਣ, ਜਿਸ ਸਬੰਧੀ ਉਨ੍ਹਾਂ ਵੱਲੋਂ ਪਹਿਲਾ ਵੀ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਧਿਆਨ ਵਿਚ ਲਿਆਂਦਾ ਹੈ।