ਫ਼ਤਹਿਗੜ੍ਹ ਸਾਹਿਬ – “ਜਦੋਂ ਬੀਤੇ ਵਰ੍ਹੇ ਮੋਦੀ ਦੀ ਮੁਤੱਸਵੀ ਹਿੰਦੂ ਹਕੂਮਤ ਵੱਲੋਂ ਆਪਣੇ ਕੱਟੜਵਾਦੀ ਹਿੰਦੂਤਵ ਪ੍ਰੋਗਰਾਮ ਨੂੰ ਲਾਗੂ ਕਰਦੇ ਹੋਏ 21 ਜੂਨ ਨੂੰ ਭਾਰਤ ਵਿਚ ਬਤੌਰ ਯੋਗਾ ਦਿਵਸ ਮਨਾਉਣ ਬਾਰੇ ਐਲਾਨ ਕੀਤਾ ਗਿਆ ਸੀ, ਤਾਂ ਸਿੱਖ ਕੌਮ ਜਿਸਦਾ ਯੋਗੇ ਨਾਲ ਕੋਈ ਰਤੀਭਰ ਵੀ ਸੰਬੰਧ ਨਹੀ ਰਿਹਾ । ਬਲਕਿ ਸਾਡੇ ਦੂਸਰੀ ਅਤੇ ਤੀਸਰੀ ਪਾਤਸਾਹੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਤੇ ਸ੍ਰੀ ਅਮਰਦਾਸ ਜੀ ਨੇ ਸਿੱਖ ਕੌਮ ਨੂੰ ਸਰੀਰਕ ਤੌਰ ਤੇ ਰਿਸਟ-ਪੁਸਟ ਰੱਖਣ ਹਿੱਤ ਕੁਸਤੀਆਂ ਕਰਨ, ਰੱਸਾਕਸੀ, ਮੂਗਲੀਆ ਫੇਰਨ, ਘੋੜ ਸਵਾਰੀ ਅਤੇ ਗੱਤਕਾ ਖੇਡਣ ਦੀਆਂ ਖੇਡਾਂ ਸੁਰੂ ਕਰਵਾਈਆ ਤਾਂ ਕਿ ਬ੍ਰਾਹਮਣਬਾਦੀ ਯੋਗਾ ਨੂੰ ਖ਼ਤਮ ਕੀਤਾ ਤਾਂ ਅਸੀਂ 21 ਜੂਨ ਨੂੰ ਬਤੌਰ ਸਿੱਖ ਕੌਮ ਦੇ ਮਾਰਸ਼ਲ ਆਰਟ ‘ਗੱਤਕਾ ਦਿਹਾੜਾ’ ਮਨਾਉਣ ਦਾ ਐਲਾਨ ਵੀ ਕੀਤਾ ਸੀ ਅਤੇ ਸਮੁੱਚੀ ਸਿੱਖ ਕੌਮ ਵੱਲੋਂ ਪੰਜਾਬ ਦੇ ਸਮੁੱਚੇ ਜਿ਼ਲ੍ਹਿਆ ਅਤੇ ਬਾਹਰਲੇ ਸੂਬਿਆਂ ਵਿਚ 21 ਜੂਨ ਨੂੰ ਬਤੌਰ ਗੱਤਕਾ ਦਿਵਸ ਪ੍ਰਵਾਨ ਕਰਦੇ ਹੋਏ ਸਭ ਸਥਾਨਾਂ ਤੇ ਗੱਤਕੇ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਸਨ । ਇਸ ਲਈ ਅਸੀ ਫਿਰ ਆਉਣ ਵਾਲੀ 21 ਜੂਨ 2017 ਨੂੰ ਬਤੌਰ ਗੱਤਕਾ ਦਿਹਾੜਾ ਦੇ ਹੁੰਮ-ਹੁਮਾਕੇ ਮਨਾਉਣ ਜਾ ਰਹੇ ਹਾਂ ਅਤੇ ਸਿੱਖ ਕੌਮ ਨਾਲ ਸੰਬੰਧਤ ਬੱਚਿਆਂ, ਛੋਟੀਆਂ ਬੱਚੀਆਂ, ਨੌਜ਼ਵਾਨਾਂ ਨਾਲ ਸੰਬੰਧਤ ਗੱਤਕਾ ਟੀਮਾਂ ਇਨ੍ਹਾਂ ਖੇਡਾਂ ਵਿਚ ਜਿ਼ਲ੍ਹਾ ਪੱਧਰ ਤੇ ਭਾਗ ਲੈਦੇ ਹੋਏ ਇਸ ਗੱਤਕੇ ਦਿਹਾੜੇ ਨੂੰ ਜਿਥੇ ਮਨਾਉਣ, ਉਥੇ ਸਿੱਖ ਬੱਚੇ,ਬੱਚੀਆਂ ਨੂੰ ਆਪਣੇ ਇਸ ਦਿਹਾੜੇ ਦੀ ਮਹਾਨਤਾ ਨੂੰ ਉਜਾਗਰ ਕਰਦੇ ਹੋਏ ਗੱਤਕਾ ਖੇਡਣ ਲਈ ਪ੍ਰੇਰਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਅਸਥਾਂਨ ਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਸਮੁੱਚੀ ਸਿੱਖ ਕੌਮ ਵੱਲੋਂ ਇਕ ਰੂਪ ਹੋ ਕੇ ਬਲਿਊ ਸਟਾਰ ਦੇ ਫੌ਼ਜੀ ਹਮਲੇ ਦੇ ਸ਼ਹੀਦਾਂ ਦੀ ਅਰਦਾਸ ਵਿਚ ਨਤਮਸਤਕ ਹੋਣ ਉਤੇ ਸਮੁੱਚੀ ਸਿੱਖ ਕੌਮ ਦਾ ਜਿਥੇ ਧੰਨਵਾਦ ਕਰਦੇ ਹੋਏ ਅਤੇ 21 ਜੂਨ 2017 ਨੂੰ ਆਪੋ-ਆਪਣੇ ਜਿ਼ਲ੍ਹਿਆਂ ਅਤੇ ਸਬ-ਡਿਵੀਜ਼ਨਾਂ ਵਿਚ ਬਤੌਰ ਗੱਤਕਾ ਦਿਹਾੜਾ ਮਨਾਉਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਹੁਤ ਦੁੱਖ ਅਤੇ ਅਫ਼ਸੋਸ ਵਾਲੀਆਂ ਕਾਰਵਾਈਆਂ ਬੀਤੇ ਸਮੇਂ ਵਿਚ ਹੁਕਮਰਾਨਾਂ ਵੱਲੋ ਉਸ ਸਿੱਖ ਕੌਮ ਨਾਲ ਜਿਆਦਤੀਆ ਅਤੇ ਜ਼ਬਰ ਕੀਤੇ ਗਏ ਹਨ, ਜਿਸ ਸਿੱਖ ਕੌਮ ਦੇ ਗੁਰੂ ਸਾਹਿਬਾਨ ਨੇ ਹਿੰਦੂ ਧਰਮ ਅਤੇ ਹਿੰਦੂਆਂ ਦੀ ਰਾਖੀ ਲਈ ਦਿੱਲੀ ਦੇ ਚਾਂਦਨੀ ਚੌਕ ਵਿਚ ਆਪਣੀ ਸ਼ਹਾਦਤ ਦਿੱਤੀ ਅਤੇ ਇਨਸਾਨੀਅਤ ਦੀ ਰੱਖਿਆ ਕੀਤੀ । ਅੱਜ ਇਹੀ ਹਿੰਦੂਤਵ ਲੋਕ ਉਸ ਸਿੱਖ ਧਰਮ ਅਤੇ ਸਿੱਖ ਕੌਮ ਨਾਲ ਪੈਰ-ਪੈਰ ਤੇ ਬੇਇਨਸਾਫ਼ੀਆਂ, ਜ਼ਬਰ-ਜੁਲਮ ਕਰਦੇ ਆ ਰਹੇ ਹਨ ਅਤੇ ਜਦੋਂ ਸਿੱਖ ਕੌਮ ਅਜਿਹੀਆਂ ਜਿਆਦਤੀਆਂ ਕਰਨ ਵਾਲੀ ਹਿੰਦੂ ਅਫ਼ਸਰਸ਼ਾਹੀ ਅਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਅਤੇ ਇਨਸਾਫ਼ ਪ੍ਰਾਪਤ ਕਰਨ ਦੀ ਮੰਗ ਕਰਦੀ ਹੈ ਤਾਂ ਹਿੰਦੂਤਵ ਹੁਕਮਰਾਨਾਂ ਅਤੇ ਉਨ੍ਹਾਂ ਦੇ ਜੀ-ਹਜੂਰੀਆਂ ਵੱਲੋ ‘ਸਰਬੱਤ ਦਾ ਭਲਾ’ ਲੋੜਨ ਵਾਲੀ ਸਿੱਖ ਕੌਮ ਉਤੇ ਜ਼ਬਰ-ਜੁਲਮ ਸੁਰੂ ਕਰ ਦਿੱਤਾ ਜਾਂਦਾ ਹੈ । ਹੁਣੇ ਹੀ ਮੋਹਾਲੀ ਵਿਚ ਅਤੇ ਅੱਜ ਹੁਸਿਆਰਪੁਰ ਵਿਚ ਬੱਬਰ ਖ਼ਾਲਸਾ ਜਾਂ ਖ਼ਾਲਿਸਤਾਨ ਦਾ ਨਾਮ ਲੈਕੇ ਫੜੇ ਗਏ ਬੱਚਿਆਂ ਉਤੇ ਝੂਠੇ ਕੇਸ ਪਾਕੇ ਗ੍ਰਿਫ਼ਤਾਰੀਆਂ ਕਰਨੀਆਂ ਅਤੇ ਸਿੱਖ ਕੌਮ ਨੂੰ ਦੁਨੀਆਂ ਦੀ ਨਜ਼ਰ ਵਿਚ ਸੱਕੀ ਬਣਾਉਣ ਦੀਆਂ ਸਾਜਿ਼ਸਾਂ ਦੇ ਅਮਲ ਪ੍ਰਤੱਖ ਕਰਦੇ ਹਨ ਕਿ ਹਿੰਦੂਤਵ ਹੁਕਮਰਾਨ ਸਿੱਖ ਕੌਮ ਪ੍ਰਤੀ ਵਿਸਾਲਤਾ ਵਾਲੀ ਅਤੇ ਮਨੁੱਖਤਾ ਵਾਲੀ ਸੋਚ ਨਹੀਂ ਰੱਖਦੇ । ਇਸ ਲਈ ਹੀ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਅਤੇ ਸਿੱਖ ਕੌਮ ਨੂੰ ਹਿੰਦੂ ਧਰਮ ਵਿਚ ਰਲਗੜ ਕਰਨ ਲਈ ਸਮੇਂ-ਸਮੇਂ ਤੇ ਆਪਣੀਆਂ ਸਿੱਖ ਮਾਰੂ ਪਾਲਸੀਆਂ ਬਣਾਉਦੇ ਹਨ । ਯੋਗਾ ਦਿਹਾੜਾ ਮਨਾਉਣ ਦੀ ਸਾਜਿ਼ਸ ਵੀ ਹਿੰਦੂਤਵ ਪ੍ਰੋਗਰਾਮ ਨੂੰ ਘੱਟ ਗਿਣਤੀ ਕੌਮਾਂ ਉਤੇ ਠੋਸਣ ਦੀ ਹੀ ਕਾਰਵਾਈ ਹੈ । ਇਸੇ ਲਈ ਅਸੀਂ ਗੁਰੂ ਸਾਹਿਬ ਵੱਲੋਂ ਬਖਸਿ਼ਸ਼ ਕੀਤੀ ਗਈ ਮਾਰਸ਼ਲ ਆਰਟ ‘ਗੱਤਕੇ’ ਨੂੰ ਪ੍ਰਮੁੱਖ ਰੱਖਦੇ ਹੋਏ ਅਤੇ ਸਿੱਖ ਕੌਮ ਦੀ ਅਣਖੀਲੀ ਤੇ ਵੱਖਰੀ ਪਹਿਚਾਣ ਨੂੰ ਕੌਮਾਂਤਰੀ ਪੱਧਰ ਤੇ ਕਾਇਮ ਰੱਖਣ ਦੀ ਸੋਚ ਅਧੀਨ 21 ਜੂਨ ਨੂੰ ਗੱਤਕਾ ਦਿਹਾੜਾ ਵੱਜੋ ਮਨਾਉਣ ਦਾ ਬੀਤੇ ਸਾਲ ਸਿੱਖ ਕੌਮ ਨੂੰ ਸੱਦਾ ਦਿੱਤਾ ਸੀ । ਜਿਸ ਨੂੰ ਸਿੱਖ ਕੌਮ ਨੇ ਪ੍ਰਵਾਨ ਕਰਦੇ ਹੋਏ ਵੱਡੇ ਪੱਧਰ ਤੇ ਇਸ ਗੱਤਕਾ ਦਿਹਾੜਾ ਨੂੰ ਮਨਾਇਆ ਸੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ, ਦੂਸਰੀਆਂ ਪੰਥਕ ਜਥੇਬੰਦੀਆਂ ਅਤੇ ਸਿੱਖ ਕੌਮ ਨੂੰ ਸਾਂਝੇ ਤੌਰ ਤੇ ਇਹ ਜੋਰਦਾਰ ਅਪੀਲ ਕਰਦੇ ਹਾਂ ਕਿ ਅਸੀਂ ਕਿਸੇ ਵੀ ਹਿੰਦੂਤਵ ਪ੍ਰੋਗਰਾਮ ਨੂੰ ਪ੍ਰਵਾਨ ਨਹੀਂ ਕਰਾਂਗੇ ਬਲਕਿ ਆਪਣੀ ਵੱਖਰੀ, ਅਣਖੀਲੀ, ਇਨਸਾਨੀਅਤ ਅਤੇ ਮਨੁੱਖਤਾ ਪੱਖੀ ਪਹਿਚਾਣ ਨੂੰ ਕਾਇਮ ਰੱਖਦੇ ਹੋਏ ਜਿ਼ਲ੍ਹਾ ਅਤੇ ਸਬ-ਡਿਵੀਜ਼ਨ ਪੱਧਰ ਤੇ ਗੱਤਕਾ ਦਿਹਾੜਾ 21 ਜੂਨ ਨੂੰ ਮਨਾਵਾਂਗੇ।