ਕੋਈ ਸਮਾਂ ਸੀ ਜਦੋਂ ਹਰ ਘਰ ਖ਼ਾਸਕਰ ਪਿੰਡਾਂ ਦੇ ਵਿਹੜੇ ਘਰ ਵਿਚ ਚਿੜੀਆਂ ਦੀ ਚੀਂ-ਚੀਂ ਆਮ ਗੱਲ ਸੀ। ਛੋਟੇ –ਛੋਟੇ ਮਾਸੂਮ ਬੱਚੇ ਇਨ੍ਹਾਂ ਚਿੜੀਆਂ ਕਾਂਵਾਂ ਤੇ ਗਟਾਰਾਂ ਨੂੰ ਦੇਖ ਕੇ ਬਹੁਤ ਖ਼ੁਸ਼ ਹੁੰਦੇ ਸਨ। ਰਾਤਾਂ ਨੂੰ ਦਾਦੀ-ਨਾਨੀ (ਬਜ਼ੁਰਗਾਂ) ਦੀ ਗੋਦ ਵਿਚ ਬੈਠ ਕੇ ਪੋਤੇ – ਪੋਤੀਆਂ , ਦੋਹਤੇ – ਦੋਹਤੀਆਂ ਦੁਆਰਾ ਚਿੜੀਆਂ ਕਾਂਵਾਂ ਦੀਆਂ ਕਹਾਣੀਆਂ ਸੁਣਨੀਆਂ ਮਨੋਰੰਜਨ ਦਾ ਸਾਧਨ ਤਾਂ ਹੁੰਦਾ ਹੀ ਸੀ ਉੱਥੇ ਹੀ ਮੋਹ ਪਿਆਰ ਦੇ ਰਿਸ਼ਤਿਆਂ ਦੀ ਮਿਠਾਸ ਨੂੰ ਹੋਰ ਵੀ ਵਧਾਉਂਦਾ ਸੀ। ਪਰ ਅਜੋਕੇ ਤਕਨੀਕੀ ਯੁੱਗ ਵਿਚ ਅਜਿਹੀਆਂ ਨਵੀਆਂ ਨਵੀਆਂ ਤਕਨੀਕੀ ਉਪਕਰਨਾਂ ਦਾ ਵਾਸ ਹੋਇਆ ਜਿਸ ਨਾਲ ਮਨੁੱਖੀ ਜੀਵਨ ਨੂੰ ਸੁਖਦ ਅਹਿਸਾਸ ਤਾਂ ਹੋਇਆ ਪਰ ਪਤਾ ਨਹੀਂ ਕਿੰਨੇ ਹੀ ਪੰਛੀਆਂ ਲਈ ਕਹਿਰ ਬਣ ਕੇ ਢਹਿਆ।
ਚਿੜੀਆਂ ਦੀ ਜਾਤੀ ਤਾਂ ਲਗਭਗ ਅਲੋਪ ਹੋ ਚੁੱਕੀ ਹੈ। ਅਜੇ ਕਾਂ ਅਤੇ ਗਟਾਰਾਂ ਆਦਿ ਫਿਰ ਵੀ ਕਦੇ ਕਦਾਈਂ ਵੇਖੇ ਜਾ ਸਕਦੇ ਹਨ ਪਰ ਛੋਟੀਆਂ –ਛੋਟੀਆਂ ਚਿੜੀਆਂ ਤਾਂ ਈਦ ਦਾ ਚੰਦ ਹੋ ਗਈਆਂ ਹਨ। ਮੋਬਾਇਲ ਫੋਨਾਂ ਦੀਆਂ ਤਰੰਗਾ ਨੇ ਚਿੜੀਆਂ ਦਾ ਖ਼ਾਤਮਾ ਹੀ ਕਰ ਦਿੱਤਾ ਅਤੇ ਕੁੱਝ ਦਰਖਤਾਂ ਦੀ ਕਟਾਈ ਅਤੇ ਪ੍ਰਦੂਸ਼ਣ ਵੀ ਇਸ ਦਾ ਕਾਰਨ ਬਣੇ ਹਨ। ਪਰ ਕਿਵੇਂ ਵੀ ਹੋਵੇ ਚਿੜੀਆਂ ਦੀ ਖ਼ਤਮ ਹੋ ਚੁੱਕੀ ਹੋਂਦ ਨਾਲ ਕੁਦਰਤ ਦੇ ਸੁਹੱਪਣ ਨੂੰ ਬਹੁਤ ਵੱਡਾ ਖੋਰਾ ਲੱਗਾ ਹੈ। ਘਰਾਂ ਦੇ ਵਿਹੜੇ ਵਿਚ ਬਜ਼ੁਰਗਾਂ ਲਈ ਤਾਂ ਬਗੈਰ ਚਿੜੀਆਂ ਦੀ ਚਿੜਚਹਾਟ ਵੱਢ – ਖਾਣ ਬਰਾਬਰ ਹਨ ਉਨ੍ਹਾਂ ਦਾ ਇਨ੍ਹਾਂ ਪੰਛੀਆਂ ਨਾਲ ਵੀ ਇੱਕ ਗੂੜ੍ਹੇ ਰਿਸ਼ਤੇ ਹੋਣ ਦਾ ਪ੍ਰਮਾਣ ਬਜ਼ੁਰਗਾਂ ਤੋਂ ਹੀ ਵਧੇਰੇ ਜਾਣਿਆ ਜਾ ਸਕਦਾ ਹੈ। ਦਰਖਤਾਂ ਅਤੇ ਘਰਾਂ ਦੇ ਰੌਸ਼ਨਦਾਨਾਂ ਵਿਚ ਚਿੜੀਆਂ ਦੇ ਆਲ੍ਹਣੇ ਨਾ ਦਿਸਣੇ ਬੜੇ ਦੁੱਖ ਦੀ ਗੱਲ ਹੈ। ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਹੁਣ ਕੌਣ ਬਣੇਗਾ ਦਾਦੀ ਮਾਂ ਦੀਆਂ ਲਾਡਾਂ ਪਿਆਰ ਨਾਲ ਸੁਣਾਈਆਂ ਕਹਾਣੀਆਂ ਦੀ ਮੁੱਖ ਪਾਤਰ।
ਜੇਕਰ ਵਿਸਥਾਰ ਨਾਲ ਗੱਲ ਕਰੀਏ ਤਾਂ ਇਸ ਦਾ ਵੱਡਾ ਕਾਰਨ ਪੰਛੀਆਂ ਦੇ ਗਲੇ ‘ਚ ਆਧੁਨਿਕਤਾ ਦਾ ਫਾਹਾ ਵੀ ਕਿਹਾ ਜਾ ਸਕਦਾ ਹੈ। ਮਨੁੱਖੀ ਜੀਵਨ ‘ਚ ਲਗਾਤਾਰ ਵੱਧ ਰਹੀ ਆਧੁਨਿਕਤਾ ਪੰਛੀਆਂ ਦੇ ਗਲੇ ‘ਚ ਫਾਹਾ ਪਾਉਣ ਦਾ ਕੰਮ ਕਰ ਰਹੀ ਹੈ। ਮੋਬਾਇਲ ਟਾਵਰ ਵੱਧ ਰਹੇ ਕੰਕਰੀਟ ਦੇ ਜੰਗਲ ਹੋਣ ਜਾਂ ਖੇਤਾਂ ‘ਚ ਵਰਤੀਆਂ ਜਾਣ ਵਾਲੀਆਂ ਕੀਟਨਾਸ਼ਕ ਦਵਾਈਆਂ ਸਾਰੇ ਹੀ ਪੰਛੀਆਂ ਦੀ ਮੌਤ ਦਾ ਕਾਰਨ ਬਣ ਰਹੇ ਹਨ। ਇਹੀ ਕਾਰਨ ਹੈ ਕਿ ਵਿਹੜੇ ‘ਚ ਵਿਖਾਈ ਦੇਣ ਵਾਲੇ ਪੰਛੀ, ਚਿੜੀ ਅਤੇ ਚਿੜਾ ਕਿਤੇ ਵੀ ਵਿਖਾਈ ਨਹੀਂ ਦਿੰਦੇ । ਪਹਿਲਾਂ ਵੀ ਕਈ ਵਾਰ ਸਰਵੇਖਣ ਹੋਏ ਹਨ ਸਰਵੇਖਣ ਅਨੁਸਾਰ ਮੁੱਖ ਤੌਰ ਤੇ 222 ਕਿਸਮ ਦੇ ਕਰੀਬ ਪੰਛੀ ਪਾਏ ਗਏ ਹਨ। ਇਨ੍ਹਾਂ ‘ਚੋ ਤੋਤਾ ਘੁੱਗੀ, ਕਬੂਤਰ ਤੇ ਕਾਂ ਨੂੰ ਛੱਡ ਕੇ ਜੋ ਪੰਛੀ ਨਜ਼ਰ ਆਉਂਦੇ ਹਨ ਉਨ੍ਹਾਂ ‘ਚੋਂ ਕਈ ਤਰ੍ਹਾਂ ਦੀਆਂ ਚਿੜੀਆਂ ਜਿਵੇਂ ਲਾਲ ਮੁਨੀਆਂ, ਬੀਜੜਾ, ਫਲਾਈ ਕੈਚਰ, ਕਠਫੋੜਾ, ਚੱਕੀ ਰਾਹਾ, ਬੁਲਬੁਲ, ਕੋਇਲ, ਉੱਲੂ, ਰੈੱਡ ਰੋਜ਼, ਕਿੰਗ ਫਿਸ਼ਰ, ਪਪੀਹਾ ਤੇ ਪੋਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਚਿੜਿਆਂ ਦਾ ਮੁੱਖ ਭੋਜਨ ਖੇਤਾਂ ‘ਚ ਕੀਟ ਪਤੰਗੇ ਹਨ, ਪਰ ਹੁਣ ਮਨੁੱਖ ਆਪਣੇ ਖੇਤਾਂ ‘ਚ ਕਈ ਦਵਾਇਆ ਦੀ ਵਰਤੋਂ ਕਰਨ ਲੱਗ ਪਿਆ ਹੈ। ਜਿਸ ਦਾ ਸਿੱਧਾ ਅਸਰ ਇਨ੍ਹਾਂ ਪੰਛੀਆਂ ‘ਤੇ ਪੈਂਦਾ ਹੈ। ਇਸ ਤੋਂ ਇਲਾਵਾ ਵਰਤੋਂ ‘ਚ ਲਿਆਂਦਾ ਗਿਆ ਅਨਲੀਂਡੈਡ ਪੈਟਰੋਲ ਤੋਂ ਜੋ ਧੂੰਆਂ ਨਿਕਲਦਾ ਹੈ ਉਹ ਵੀ ਜ਼ਹਿਰੀਲਾ ਹੁੰਦਾ ਹੈ। ਮੋਬਾਇਲ ਟਾਵਰਾਂ ਤੋਂ ਨਿਕਲਣ ਵਾਲੀਆ ਰੇਡੀਅਲ ਤਰੰਗਾ ਦਾ ਵੀ ਇਨ੍ਹਾਂ ਪੰਛੀਆਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਭਵਿੱਖ ‘ਚ ਨਾ ਸਿਰਫ਼ ਸ਼ਹਿਰਾਂ ‘ਤੇ ਖ਼ਾਸਕਰ ਪਿੰਡਾਂ ਚੋਂ ਵੀ ਪੰਛੀਆਂ ਦਾ ਗ਼ਾਇਬ ਹੋ ਜਾਣ ਨਾਲ ਵਿਹੜਿਆਂ ਦੀ ਵਿਰਾਸਤੀ ਰੌਣਕ ਹੀ ਗ਼ਾਇਬ ਹੋ ਜਾਵੇਗੀ।