ਲੁਧਿਆਣਾ : ਸਭਿਆਚਾਰ ਦੀ ਗੱਲ ਆਮ ਕੀਤੀ ਜਾਂਦੀ ਹੈ ਪਰ ਇਸ ਨੂੰ ਸੰਭਾਲਣ ਅਤੇ ਅੱਜ ਦੀ ਪੀੜ੍ਹੀ ਜਾਂ ਆਉਣ ਵਾਲੀਆਂ ਪੀੜ੍ਹੀਆਂ ਸਭਿਆਚਾਰ ਬਾਰੇ ਜਾਣੂੰ ਕਰਾਉਣਾ ਇਹ ਕੋਈ ਕੋਈ ਕਰਦਾ ਹੈ। ਪਰ ਕੁਝ ਸੁਸਾਇਟੀਆਂ, ਕਲੱਬਾਂ ਜਾਂ ਕੋਈ ਆਦਮੀ ਆਪਣੇ ਤੌਰ ਤੇ ਸਭਿਆਚਾਰਕ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਪੰਜਾਬ ਕਲਚਰਲ ਸੁਸਾਇਟੀ ਜਿਸ ਨੇ ਦੁਨੀਆਂ ਦੇ ਅਨੇਕਾਂ ਮੁਲਕਾਂ ਵਿੱਚ ਜਾ ਕੇ ਆਪਣੀ ਕਲਾ ਸਿਰ ਤੇ ਆਪਣੇ ਸਭਿਆਚਾਰ ਨੂੰ ਜਾਣੂੰ ਕਰਵਾਇਆ ਹੈ। ਪੰਜਾਬ ਕਲਚਰਲ ਸੁਸਾਇਟੀ ਹਮੇਸ਼ਾਂ ਦੀ ਤਰ੍ਹਾਂ ਜੂਨ ਮਹੀਨੇ ਵਿੱਚ ਦ ਪਰਫੈਕਟ ਸਮਰ ਕੈਂਪ ਲਗਾਉਂਦੀ ਹੈ। ਇਸ ਸਾਲ ਵੀ ਪਹਿਲੀ ਜੂਨ ਤੋਂ ਲੈ ਕੇ 25 ਜੂਨ ਤੱਕ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਇਸ ਕੈਂਪ ਵਿੱਚ ਹਰ ਵਰਗ, ਹਰ ਉਮਰ ਦੇ ਲੋਕ ਪੰਜ ਸਾਲ ਤੋਂ ਲੈ 75 ਸਾਲ ਤੱਕ ਹਿੱਸਾ ਲੈ ਸਕਦੇ ਹਨ। ਇਸ ਕੈਂਪ ਵਿੱਚ ਪੰਜਾਬ ਦੀਆਂ ਸਭਿਆਚਾਰਕ ਵੰਨਗੀਆਂ ਸਿਖਾਈਆਂ ਜਾਂਦੀਆਂ ਹਨ। ‘ਪੰਜਾਬ ਦੇ ਲੋਕ ਨਾਚ’ ਜਿਵੇਂ ਭੰਗੜਾ, ਝੂਮਰ, ਲੁੱਡੀ, ਮਲਵਈ ਗਿੱਧਾ, ਗਿੱਧਾ ਆਦਿ ਅਤੇ ‘ਪੰਜਾਬ ਦੇ ਲੋਕ ਗੀਤ’ ਘੋੜੀਆਂ, ਸੁਹਾਗ, ਸਿੱਠਣੀਆਂ, ਸ਼ੰਦ ਅਤੇ ‘ਪੰਜਾਬ ਦੇ ਲੋਕ ਸਾਜ’ ਤੂੰਬੀ, ਅਲਗੋਜ਼ੇ, ਬੰਸਰੀ, ਢੋਲ, ਢੋਲਕ, ਡੱਫਲੀ, ਢੱਡ ਆਦਿ।
ਸੁਸਾਇਟੀ ਦੇ ਪ੍ਰਧਾਨ ਰਵਿੰਦਰ ਰੰਗੂਵਾਲ ਨੇ ਕਿਹਾ ਕਿ ਸਾਡਾ ਮੁੱਖ ਮੰਤਵ ਹਰ ਉਮਰ ਅਤੇ ਹਰ ਵਰਗ ਨੂੰ ਪੰਜਾਬੀ ਕਲਚਰ ਨਾਲ ਜੋੜਨਾ ਹੈ। ਉਹਨਾਂ ਕਿਹਾ ਕਿ ਜੇ ਇਸ ਤਰ੍ਹਾਂ ਦੇ ਕੈਂਪ ਨਾ ਲਾਏ ਜਾਣ ਤਾਂ ਸਾਡਾ ਵਿਰਸਾ ਜੋ ਅੱਜ ਸਿਰਫ ਕਿਤਾਬਾਂ ਤੱਕ ਸੀਮਤ ਰਹਿ ਗਿਆ ਉਹ ਦਿਨ ਦੂਰ ਨਹੀਂ ਜਿਸ ਦਿਨ ਕਿਤਾਬਾਂ ਵਿਚੋਂ ਵੀ ਉੱਡ ਜਾਵੇਗਾ। ਉਹਨਾਂ ਕਿਹਾ ਕਿ ਇ ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਰੁਪਿੰਦਰ ਕੌਰ ਮਧੋਕ ਅਤੇ ਕੁਲਵੰਤ ਸਿੰਘ ਸੱਲ੍ਹ ਦਾ ਵਿਸ਼ੇਸ਼ ਯੋਗਦਾਨ ਰਿਹਾ।
ਸੁਸਾਇਟੀ ਦੇ ਚੇਅਰਮੈਨ ਸ: ਜਗਪਾਲ ਸਿੰਘ ਖੰਗੂੜਾ ਨੇ ਕਿਹਾ ਕਿ ਸਾਡਾ ਪੰਜਾਬੀ ਵਿਰਸਾ ਬਹੁਤ ਅਮੀਰ ਵਿਰਸਾ ਹੈ, ਇਸ ਨੂੰ ਸਾਂਭਣਾ ਹਰ ਇਕ ਦਾ ਫਰਜ਼ ਹੈ। ਗਿੱਧਾ ਅਤੇ ਭੰਗੜਾ ਵਾਲਾ ਕਦੇ ਵੀ ਨਸ਼ੇ ਦਾ ਸੇਵਨ ਨਹੀਂ ਕਰ ਸਕਦਾ ਅਤੇ ਹਰ ਗਲਤ ਸੋਚ ਤੋਂ ਵੀ ਦੂਰ ਰਹਿੰਦਾ ਹੈ। ਇਸ ਮੌਕੇ ਸ਼ਹਿਰ ਦੇ ੳੁੱਘੇ ਉਦਯੋਗਪਤੀ ਸ: ਰਣਜੋਧ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਸਭਿਆਚਾਰ ਵੰਨਗੀਆਂ ਕਰਕੇ ਜਾਂ ਦੇਖ ਕੇ ਜਿੰਨੀ ਖੁਸ਼ੀ ਇਥੇ ਮਿਲਦੀ ਹੈ ਹੋਰ ਕਿਤੇ ਵੀ ਨਹੀਂ। ਇਸ ਨਾਲ ਇੱਕ ਤਾਂ ਯੋਗਾ ਅਤੇ ਦੂਸਰਾ ਕਸਰਤ ਅਤੇ ਤੀਸਰਾ ਹਰ ਵੇਲੇ ਖੁਸ਼ ਰਹਿਣਾ। ਉਹਨਾਂ ਇਸ ਮੌਕੇ ਰਵਿੰਦਰ ਰੰਗੂਵਾਲ ਵੱਲੋਂ ਕੀਤੇ ਇਸ ਕਾਰਜ ਲਈ ਵਧਾਈ ਦਿੱਤੀ। ਸੁਸਾਇਟੀ ਦੇ ਕੈਨੇਡਾ ਦੇ ਐਡਵਾਈਜਰ ਸਿਟੀਜਨ ਜੱਜ ਆਫ ਕੈਨੇਡਾ ਹਰਜੀਤ ਧਾਲੀਵਾਲ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਇਸ ਕੈਂਪ ਦਾ ਹਿੱਸਾ ਬਣ ਸਕਿਆ। ਸੁਸਾਇਟੀ ਵੱਲੋਂ ਹਰ ਸਾਲ ਕੈਨੇਡਾ ਵਿੱਚ ਵੀ ਇਹ ਕੈਂਪ ਲਗਾਇਆ ਜਾਂਦਾ ਹੈ ਜਿਸ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਦਾ ਹੈ।