ਫ਼ਤਹਿਗੜ੍ਹ ਸਾਹਿਬ – “ਭਾਰਤੀ ਜਨਤਾ ਪਾਰਟੀ ਦੀ ਫਿਰਕੂ ਅਤੇ ਕੱਟੜਵਾਦੀ ਜਮਾਤ ਜੋ ਆਰ.ਐਸ.ਐਸ. ਦੇ ਆਦੇਸ਼ਾਂ ਤੇ ਨਿਰਦੇਸ਼ਾਂ ਅਨੁਸਾਰ ਸਮੁੱਚੇ ਭਾਰਤ ਵਿਚ ਹਿੰਦੂਤਵ ਸੋਚ ਨੂੰ ਲਾਗੂ ਕਰਨ ਲਈ ਉਤਾਵਲੀ ਹੋਈ ਪਈ ਹੈ ਅਤੇ ਮਨੂੰ ਸਮ੍ਰਿਤੀ ਵਾਲੀ ਸੋਚ ਨੂੰ ਲਾਗੂ ਕਰਨ ਲਈ ਬਹੁਤ ਹੀ ਯੋਜਨਾਬੰਧ ਢੰਗ ਨਾਲ ਭਾਰਤ ਦੇ ਅਹਿਮ ਅਹੁਦਿਆ ਉਤੇ ਕੱਟੜਵਾਦੀਆਂ ਦੀ ਨਿਯੁਕਤੀ ਕਰਦੀ ਆ ਰਹੀ ਹੈ । ਤਾਂ ਕਿ ਆਪਣੇ ਹਿੰਦੂਤਵ ਪ੍ਰੋਗਰਾਮ ਅਤੇ ਪਾਲਸੀਆਂ ਨੂੰ ਅਮਲੀ ਰੂਪ ਵਿਚ ਲਾਗੂ ਕਰਕੇ ਇਥੇ ਹਿੰਦੂਤਵ ਰਾਸ਼ਟਰ ਦਾ ਬੋਲਬਾਲਾ ਕਰ ਸਕੇ । ਇਸ ਮੁਤੱਸਵੀ ਸੋਚ ਨੂੰ ਅੱਗੇ ਵਧਾਉਦੇ ਹੋਏ ਭਾਜਪਾ ਨੇ ਭਾਰਤ ਦੇ ਸਭ ਤੋਂ ਉਚੇ ਅਹੁਦੇ ਸਦਰ-ਏ-ਹਿੰਦ ਦੀ ਹੋਣ ਵਾਲੀ ਨਵੀਂ ਚੋਣ ਲਈ ਆਪਣੇ ਇਕ ਆਰ.ਐਸ.ਐਸ. ਦੇ ਜਮਾਂਦਰੂ ਪੈਰੋਕਾਰ ਬਿਹਾਰ ਸਟੇਟ ਦੇ ਮੌਜੂਦਾ ਗਵਰਨਰ ਅਤੇ ਆਰ.ਐਸ.ਐਸ. ਦੀ ਦਲਿਤਾਂ ਨਾਲ ਸੰਬੰਧਤ ਵਿੰਗ ਦੇ ਰਹਿ ਚੁੱਕੇ ਪ੍ਰਧਾਨ ਸ੍ਰੀ ਰਾਮ ਨਾਥ ਕੋਵਿੰਦ ਦੇ ਨਾਮ ਨੂੰ ਸਾਹਮਣੇ ਲਿਆਂਦਾ ਹੈ । ਕਿਉਂਕਿ ਇਥੇ ਵੱਸਣ ਵਾਲੇ ਰੰਘਰੇਟੇ, ਪੱਛੜੇ ਵਰਗ ਅਤੇ ਘੱਟ ਗਿਣਤੀ ਕੌਮਾਂ ਨੂੰ ਗੁੰਮਰਾਹ ਕਰਨ ਹਿੱਤ ਅਤੇ ਭਾਜਪਾ ਨਾਲ ਐਨ.ਡੀ.ਏ. ਵਿਚ ਸਾਂਝੇ ਤੌਰ ਤੇ ਚੱਲ ਰਹੀਆਂ ਸਿਆਸੀ ਪਾਰਟੀਆਂ ਦੀ ਸਹਿਮਤੀ ਕਰਵਾਉਣ ਲਈ ‘ਦਲਿਤ ਅਤੇ ਰੰਘਰੇਟੇ’ ਸ਼ਬਦ ਦੀ ਦੁਰਵਰਤੋਂ ਕੀਤੀ ਗਈ ਹੈ । ਜਦੋਂਕਿ ਸ੍ਰੀ ਕੋਵਿੰਦ ਨੂੰ ਭਾਰਤ ਦੇ ਸਦਰ-ਏ-ਹਿੰਦ ਦੇ ਅਹੁਦੇ ਉਤੇ ਨਿਯੁਕਤ ਕਰਨ ਨਾਲ ਨਾ ਤਾਂ ਨਿਰਪੱਖਤਾ ਕਾਇਮ ਰਹਿ ਸਕੇਗੀ ਅਤੇ ਨਾ ਹੀ ਰੰਘਰੇਟੇ, ਦਲਿਤਾਂ ਅਤੇ ਹੋਰ ਘੱਟ ਗਿਣਤੀ ਕੌਮਾਂ ਦੀ ਸੰਤੁਸਟੀ ਹੋ ਸਕੇਗੀ । ਇਹ ਮੁੱਦਾ ਇਥੋ ਦੇ ਨਿਵਾਸੀਆਂ ਲਈ ਗੰਭੀਰਤਾ ਨਾਲ ਸੋਚਣ ਅਤੇ ਸਦਰ-ਏ-ਹਿੰਦ ਦੀ ਚੋਣ ਉਤੇ ਚਲਾਕੀ ਅਤੇ ਮਕਾਰਤਾ ਨਾਲ ਬੀਜੇਪੀ ਵੱਲੋਂ ਕੀਤੀ ਜਾ ਰਹੀ ਸਿਆਸੀ ਉੱਥਲ-ਪੁੱਥਲ ਨੂੰ ਸਮਝਣ ਦੀ ਸਖ਼ਤ ਲੋੜ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਕਮਰਾਨ ਭਾਜਪਾ ਜਮਾਤ ਵੱਲੋਂ ਸਦਰ-ਏ-ਹਿੰਦ ਦੀ ਹੋਣ ਜਾ ਰਹੀ ਚੋਣ ਲਈ ‘ਦਲਿਤ ਅਤੇ ਰੰਘਰੇਟੇ’ ਸ਼ਬਦਾਂ ਦੇ ਪੱਤੇ ਖੇਂਡਣ ਅਤੇ ਸਮੁੱਚੇ ਹਿੰਦ ਨਿਵਾਸੀਆਂ ਨੂੰ ਗੁੰਮਰਾਹ ਕਰਨ ਦੇ ਕੀਤੇ ਜਾ ਰਹੇ ਅਮਲਾਂ ਉਤੇ ਡੂੰਘਾਂ ਦੁੱਖ ਜ਼ਾਹਰ ਕਰਦੇ ਹੋਏ ਅਤੇ ਨਿਰਪੱਖਤਾ ਵਾਲੇ ਅਹੁਦੇ ਉਤੇ ਆਰ.ਐਸ.ਐਸ. ਦੇ ਪੈਰੋਕਾਰ ਅਤੇ ਹਿੰਦੂਤਵ ਸੋਚ ਵਾਲੇ ਸ੍ਰੀ ਕੋਵਿੰਦ ਨੂੰ ਉਮੀਦਵਾਰ ਬਣਾਉਣ ਦੇ ਫੈਸਲੇ ਉਤੇ ਤਿੱਖੀ ਨੁਕਤਾ-ਚੀਨੀ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ 2004 ਵਿਚ ਕਾਂਗਰਸ ਜਮਾਤ ਨੂੰ ਚੋਣਾਂ ਉਪਰੰਤ ਪੂਰਨ ਬਹੁਮੱਤ ਪ੍ਰਾਪਤ ਹੋਇਆ ਸੀ ਤਾਂ ਉਸ ਸਮੇਂ ਕਾਂਗਰਸ ਜਮਾਤ ਬੀਬੀ ਸੋਨੀਆਂ ਗਾਂਧੀ ਨੂੰ ਭਾਰਤ ਦਾ ਵਜ਼ੀਰ-ਏ-ਆਜ਼ਮ ਬਣਾਉਣਾ ਚਾਹੁੰਦੀ ਸੀ ਅਤੇ ਸਭ ਤਿਆਰੀਆਂ ਮੁਕੰਮਲ ਸਨ, ਪਰ ਮੌਜੂਦਾ ਭਾਰਤ ਦੀ ਵਿਦੇਸ਼ ਵਜ਼ੀਰ ਬੀਬੀ ਸੁਸਮਾ ਸਿਵਰਾਜ ਅਤੇ ਸਾਧਵੀ ਓਮਾ ਭਾਰਤੀ ਅਤੇ ਬੀਜੇਪੀ ਨੇ ਮੀਡੀਏ ਤੇ ਅਖ਼ਬਾਰਾਂ ਵਿਚ ਇਹ ਬਿਆਨਬਾਜੀ ਦਰਜ ਕਰਵਾਈ ਕਿ ਜੇਕਰ ਵਿਦੇਸ਼ੀ ਬੀਬੀ ਸੋਨੀਆਂ ਗਾਂਧੀ ਨੂੰ ਭਾਰਤ ਦਾ ਵਜ਼ੀਰ-ਏ-ਆਜ਼ਮ ਬਣਾਇਆ ਗਿਆ ਤਾਂ ਉਹ ‘ਰੰਡੀਆਂ’ ਦੀ ਤਰ੍ਹਾਂ ਆਪਣੇ ਸਿਰਾਂ ਦੇ ਬਾਲ ਮੁੰਡਨ ਕਰਵਾ ਦੇਣਗੇ ਅਤੇ ਵਿਦੇਸ਼ੀ ਔਰਤ ਨੂੰ ਵਜ਼ੀਰ-ਏ-ਆਜ਼ਮ ਪ੍ਰਵਾਨ ਨਹੀਂ ਕਰਨਗੇ। ਹੁਣ ਜਦੋਂ ਭਾਰਤ ਦੇ ਸਭ ਤੋਂ ਅਹਿਮ ਉੱਚ ਅਹੁਦੇ ਦੀ ਅਮਲੀ ਰੂਪ ਵਿਚ ਨਿਰਪੱਖਤਾ ਦੀ ਗੱਲ ਆਈ ਹੈ ਤਾਂ ਆਰ.ਐਸ.ਐਸ. ਨਾਲ ਸੰਬੰਧਤ ਆਰ.ਐਸ.ਐਸ. ਦਲਿਤ ਵਿੰਗ ਦੇ ਰਹਿ ਚੁੱਕੇ ਪ੍ਰਧਾਨ ਸ੍ਰੀ ਕੋਵਿੰਦ ਨੂੰ ਭਾਜਪਾ ਵੱਲੋਂ ਸਦਰ-ਏ-ਹਿੰਦ ਅਹੁਦੇ ਦੇ ਉਮੀਦਵਾਰ ਐਲਾਨ ਕੇ ਕਿਹੜੀ ਨਿਰਪੱਖਤਾ ਅਤੇ ਇਨਸਾਫ਼ ਦੀ ਗੱਲ ਕੀਤੀ ਜਾ ਰਹੀ ਹੈ ? ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਆਰ.ਐਸ.ਐਸ. ਉਹ ਜਮਾਤ ਹੈ ਜੋ ਮਨੂੰ ਸਮ੍ਰਿਤੀ ਦੀ ਮਨੁੱਖਤਾ ਵਿਰੋਧੀ ਫਿਰਕੂ ਸੋਚ ਦੇ ਮਾਲਕ ਹਨ ਅਤੇ ਜੋ ਬੀਤੇ ਸਮੇਂ ਵਿਚ ਜਦੋਂ ਕਿਸੇ ਦਲਿਤ ਵੱਲੋਂ ਰਮਾਇਣ, ਗੀਤਾ ਜਾਂ ਹੋਰ ਹਿੰਦੂ ਗ੍ਰੰਥਾਂ ਦਾ ਪਾਠ ਸੁਣ ਲਿਆ ਜਾਂਦਾ ਸੀ ਤਾਂ ਇਹ ਫਿਰਕੂ ਲੋਕ ਉਸਦੇ ਕੰਨਾਂ ਵਿਚ ਸਿੱਕਾ ਢਾਲਕੇ ਪਾ ਦਿੰਦੇ ਸਨ । ਜੋ ਕਿ ਗੈਰ-ਇਨਸਾਨੀਅਤ ਅਤੇ ਦਲਿਤ ਵਿਰੋਧੀ ਅਮਲ ਸਨ । ਇਸ ਲਈ ਭਾਜਪਾ ਵੱਲੋਂ ਕੱਟੜਵਾਦੀ ਆਰ.ਐਸ.ਐਸ. ਸੋਚ ਦੇ ਮਾਲਕ ਸ੍ਰੀ ਕੋਵਿੰਦ ਨੂੰ ਸਦਰ-ਏ-ਹਿੰਦ ਦੇ ਅਹੁਦੇ ਦਾ ਉਮੀਦਵਾਰ ਬਣਾਉਣ ਉਤੇ ਕਤਈ ਵੀ ਨਿਰਪੱਖਤਾ ਨਾ ਤਾਂ ਕਾਇਮ ਰਹਿ ਸਕੇਗੀ ਅਤੇ ਨਾ ਹੀ ਘੱਟ ਗਿਣਤੀ ਕੌਮਾਂ ਰੰਘਰੇਟੇ, ਦਲਿਤ ਅਤੇ ਪੱਛੜੇ ਵਰਗ ਭਾਜਪਾ ਦੇ ਇਸ ਨਾਮ ਨੂੰ ਪ੍ਰਵਾਨਗੀ ਦੇਣਗੇ । ਭਾਵੇ ਕਿ ਇਥੋ ਦੇ ਨਿਵਾਸੀਆਂ ਜਾਂ ਘੱਟ ਗਿਣਤੀਆਂ ਦਾ ਇਸ ਚੋਣ ਵਿਚ ਕੋਈ ਸਿੱਧਾ ਸੰਬੰਧ ਨਹੀਂ ਹੋਵੇਗਾ, ਪਰ ਅਸੀਂ ਆਪਣਾ ਵਿਰੋਧ ਹਰ ਕੀਮਤ ਤੇ ਦਰਜ ਕਰਾਵਾਂਗੇ ।
ਸ. ਮਾਨ ਨੇ ਅੱਗੇ ਚੱਲਕੇ ਕਿਹਾ ਕਿ ਜੇ ਅਸਲੀਅਤ ਵਿਚ ਰੰਘਰੇਟਿਆਂ, ਦਲਿਤਾਂ, ਪੱਛੜੇ ਵਰਗਾਂ ਅਤੇ ਲਤਾੜੇ ਵਰਗਾਂ ਨੂੰ ਬਰਾਬਰਤਾ ਦੇ ਹੱਕ ਅਤੇ ਅਧਿਕਾਰ ਕੋਈ ਦੇ ਸਕਦਾ ਹੈ ਤਾਂ ਉਹ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਉਹ ਜਥੇਬੰਦੀ ਹੈ ਜਿਸ ਨੇ ਅਮਲੀ ਰੂਪ ਵਿਚ ਉਪਰੋਕਤ ਵਰਗਾਂ ਨੂੰ ਮਾਣ-ਸਤਿਕਾਰ ਦਿੱਤਾ ਅਤੇ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਕੂਮਤ ਵਿਚ ਆਇਆ ਤਾਂ ਇਸ ਬਰਾਬਰਤਾ ਵਾਲੀ ਸੋਚ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਅਮਲੀ ਰੂਪ ਦੇਵੇਗਾ । ਜਦੋਂਕਿ ਉਪਰੋਕਤ ਬੀਜੇਪੀ ਜੋ ਦਲਿਤਾਂ ਦੇ ਨਾਮ ਦੀ ਦੁਰਵਰਤੋ ਕਰ ਰਹੀ ਹੈ, ਉਸਦਾ ਦੂਸਰਾ ਰੂਪ ਰਾਜਸਥਾਂਨ, ਮੱਧ ਪ੍ਰਦੇਸ਼, ਆਧਰਾ ਪ੍ਰਦੇਸ਼, ਯੂਪੀ, ਛੱਤੀਸਗੜ੍ਹ, ਮਹਾਰਾਸਟਰ, ਅਸਾਮ, ਝਾਰਖੰਡ ਆਦਿ ਵਿਚ ਵੱਸਣ ਵਾਲੇ ਕਬੀਲਿਆਂ ਅਤੇ ਹੁਣੇ ਹੀ ਇਨ੍ਹਾਂ ਕੁਝ ਸੂਬਿਆਂ ਵਿਚ ਬਹੁਗਿਣਤੀ ਬ੍ਰਾਹਮਣਾ ਵੱਲੋਂ ਸਿਕਲੀਗਰਾਂ, ਦਲਿਤਾਂ ਅਤੇ ਗਰੀਬ ਵਰਗਾਂ ਉਤੇ ਕੀਤੇ ਗਏ ਜੁਲਮ ਉਨ੍ਹਾਂ ਦੀਆਂ ਝੁੱਗੀਆਂ ਨੂੰ ਅੱਗਾਂ ਲਗਾਉਣ ਅਤੇ ਉਨ੍ਹਾਂ ਨੂੰ ਹਿੰਦੂਤਵ ਪ੍ਰੋਗਰਾਮ ਪ੍ਰਵਾਨ ਕਰਨ ਲਈ ਮਜ਼ਬੂਰ ਕਰਨ ਦੀਆਂ ਕਾਰਵਾਈਆਂ ਪ੍ਰਤੱਖ ਮਿਸਾਲਾਂ ਹਨ । ਇਸੇ ਤਰ੍ਹਾਂ ਕੁਝ ਸਮਾਂ ਪਹਿਲੇ ਹੈਦਰਾਬਾਦ ਤੋਂ ਭਾਜਪਾ ਦੇ ਵਿਧਾਇਕ ਸ੍ਰੀ ਰਾਜਾ ਸਿੰਘ ਤੇਲੰਗਾਨਾ, ਯੂਪੀ ਤੋਂ ਬੀਜੇਪੀ ਦੇ ਐਮ.ਐਲ.ਏ. ਵਿਕਰਮ ਸੈਣੀ ਅਤੇ ਆਪਣੇ-ਆਪ ਨੂੰ ਯੋਗਾਂ ਗੁਰੂ ਅਖਵਾਉਣ ਵਾਲੇ ਰਾਮਦੇਵ ਆਦਿ ਵੱਲੋਂ ਇਹ ਸ਼ਰੇਆਮ ਬਿਆਨਬਾਜੀ ਕੀਤੀ ਜਾਂਦੀ ਰਹੀ ਕਿ ਜੋਂ ਗਊ ਨੂੰ ਮਾਤਾ ਨਹੀਂ ਕਰੇਗਾ, ਜੈ ਹਿੰਦ, ਜੈ ਸ੍ਰੀ ਰਾਮ, ਭਾਰਤ ਮਾਤਾ ਦੀ ਜੈ ਨਹੀਂ ਕਹਿਣਗੇ, ਉਨ੍ਹਾਂ ਦੇ ਸਿਰ ਕਲਮ ਕਰ ਦਿੱਤੇ ਜਾਣਗੇ । ਲੇਕਿਨ ਅਜਿਹੀ ਭੜਕਾਊ ਅਸੱਭਿਅਕ ਬਿਆਨਬਾਜੀ ਕਰਨ ਉਪਰੰਤ ਵੀ ਸ੍ਰੀ ਮੋਦੀ ਅਤੇ ਸੰਬੰਧਤ ਬੀਜੇਪੀ ਦੀਆਂ ਹਕੂਮਤਾਂ ਵੱਲੋਂ ਇਨ੍ਹਾਂ ਵਿਰੁੱਧ ਕੋਈ ਵੀ ਕਾਨੂੰਨੀ ਕਾਰਵਾਈ ਨਾ ਕਰਨ ਦੇ ਅਮਲ ਪ੍ਰਤੱਖ ਕਰਦੇ ਹਨ ਕਿ ਇਹ ਸਭ ਆਰ.ਐਸ.ਐਸ. ਦੀ ਹਿੰਦੂਤਵ ਰਾਸ਼ਟਰ ਬਣਾਉਣ ਵਾਲੀ ਕੱਟੜਵਾਦੀ ਸੋਚ ਨੂੰ ਲਾਗੂ ਕਰ ਰਹੇ ਹਨ, ਜਿਨ੍ਹਾਂ ਨੂੰ ਹਕੂਮਤੀ ਗੈਰ-ਕਾਨੂੰਨੀ ਸਰਪ੍ਰਸਤੀ ਹਾਸਿਲ ਹੈ । ਅਜਿਹੀ ਸੋਚ ਦੇ ਮਾਲਕ ਹਿੰਦ ਦੇ ਸਦਰ ਦੇ ਅਹੁਦੇ ਦੇ ਉਮੀਦਵਾਰ ਇਥੋ ਦੇ ਅਮਨ-ਚੈਨ, ਜਮਹੂਰੀਅਤ, ਸਮਾਜਿਕ ਕਦਰਾ-ਕੀਮਤਾ ਅਤੇ ਇਖ਼ਲਾਕੀ ਕਦਰਾ-ਕੀਮਤਾ ਨੂੰ ਕਾਇਮ ਨਹੀਂ ਰੱਖ ਸਕਦੇ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਘੱਟ ਗਿਣਤੀ ਕੌਮਾਂ ਅਜਿਹੇ ਕੱਟੜਵਾਦੀਆਂ ਦੇ ਸਦਰ ਦੇ ਨਾਮ ਨੂੰ ਕਦੀ ਵੀ ਪ੍ਰਵਾਨਗੀ ਨਹੀਂ ਦੇਣਗੇ ।