ਫ਼ਤਹਿਗੜ੍ਹ ਸਾਹਿਬ – “ਸਾਡੇ ਗੁਰੂ ਸਾਹਿਬਾਨ ਨੇ ਕਿਸੇ ਵੀ ਸਥਾਨ ਤੇ ਯੋਗ ਬਾਰੇ ਗੱਲ ਨਹੀਂ ਕੀਤੀ । ਬਲਕਿ ਸਾਨੂੰ ਘੋੜ-ਸਵਾਰੀ, ਨੇਜੇਬਾਜੀ, ਗੱਤਕਾ, ਕੁਸਤੀਆ, ਮੂੰਗਲੀਆ ਫੇਰਨ ਆਦਿ ਦੇ ਆਦੇਸ਼ ਦੇ ਕੇ ਸਿੱਖਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਰਿਸ਼ਟ-ਪੁਸ਼ਟ ਰਹਿਣ ਅਤੇ ਲੋੜ ਪੈਣ ਤੇ ਇਸ ਸਰੀਰ ਅਤੇ ਬੌਧਿਕ ਸ਼ਕਤੀ ਨੂੰ ਮਨੁੱਖਤਾ ਦੇ ਭਲੇ ਲਈ ਵਰਤਣ ਦੇ ਹੁਕਮ ਕੀਤੇ ਹਨ । ਪਰ ਬਹੁਤ ਦੁੱਖ ਅਤੇ ਅਫ਼ਸੋਸ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਕੌਮ ਦੀ ਸਿਰਮੌਰ ਧਾਰਮਿਕ ਸੰਸਥਾ ਅਤੇ ਪਾਰਲੀਮੈਂਟ ਹੈ, ਉਸ ਅਧੀਨ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ ਜੀ ਦੀ ਮਹਾਨ ਸ਼ਹੀਦੀ ਧਰਤੀ ਤੇ ਚੱਲ ਰਹੇ ਵਿਦਿਅਕ ਅਦਾਰੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੇ ਪਿ੍ੰਸੀਪਲ ਮੇਜਰ ਜਰਨਲ ਡਾ. ਗੁਰਚਰਨ ਸਿੰਘ ਲਾਬਾ ਨੇ ਐਸ.ਜੀ.ਪੀ.ਸੀ. ਵੱਲੋਂ ਅਤੇ ਸਿੱਖ ਕੌਮ ਵੱਲੋਂ ਹੋਏ ਫੈਸਲੇ ਕਿ ਹਿੰਦੂਤਵ ਰਵਾਇਤ ਅਨੁਸਾਰ ਯੋਗਾ ਦਿਹਾੜਾ ਨਾ ਮਨਾਉਣ ਬਲਕਿ ਉਸ ਦਿਨ ਗੱਤਕਾ ਦਿਹਾੜਾ ਮਨਾਉਣ ਅਤੇ ਸਿੱਖ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦੇ ਕੀਤੇ ਗਏ ਫੈਸਲੇ ਦੇ ਉਲਟ ਕੇਵਲ ਕਾਲਜ ਵਿਚ ਯੋਗਾ ਦਿਹਾੜਾ ਹੀ ਨਹੀਂ ਮਨਾਇਆ, ਬਲਕਿ ਸਿੱਖ ਗੁਰੂ ਸਾਹਿਬਾਨ ਦੇ ਝੂਠੇ ਗੁੰਮਰਾਹਕੁੰਨ ਹਵਾਲੇ ਦੇ ਕੇ ਯੋਗਾ ਦਿਹਾੜਾ ਦੇ ਮਹੱਤਵ ਦਾ ਪ੍ਰਚਾਰ ਕੀਤਾ ਹੈ । ਜੋ ਕੌਮ ਵਿਰੋਧੀ ਅਸਹਿ ਅਮਲ ਹੋਇਆ ਹੈ । ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੋਇਆ ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਅਗਜੈਕਟਿਵ ਨੂੰ ਅਜਿਹੇ ਹਿੰਦੂਤਵ ਪ੍ਰੋਗਰਾਮ ਨੂੰ ਲਾਗੂ ਕਰਨ ਵਾਲੇ ਪ੍ਰਿੰਸੀਪਲ ਡਾ. ਗੁਰਚਰਨ ਸਿੰਘ ਲਾਬਾ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕਰਦਾ ਹੈ ਤਾਂ ਕਿ ਕਿਸੇ ਵੀ ਸਿੱਖ ਵਿਦਿਅਕ ਅਦਾਰੇ ਜਾਂ ਐਸ.ਜੀ.ਪੀ.ਸੀ. ਦੇ ਅਧੀਨ ਚੱਲਣ ਵਾਲੀਆਂ ਸੰਸਥਾਵਾਂ ਅਤੇ ਸੈਟਰਾਂ ਵਿਚ ਬੀਜੇਪੀ ਜਾਂ ਆਰ.ਐਸ.ਐਸ. ਦੇ ਪ੍ਰਭਾਵ ਹੇਠ ਆ ਕੇ ਹਿੰਦੂਤਵ ਪ੍ਰੋਗਰਾਮ ਨਾ ਹੋ ਸਕਣ ਅਤੇ ਸਿੱਖ ਬੱਚੇ-ਬੱਚੀਆਂ ਨੂੰ ਸਿੱਖੀ ਰਹੂ-ਰੀਤੀਆਂ ਅਨੁਸਾਰ ਅਗਵਾਈ ਦਿੱਤੀ ਜਾਂਦੀ ਰਹੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਕਾਲਜ ਦੀ ਪ੍ਰਬੰਧਕ ਕਮੇਟੀ ਅਤੇ ਪਿ੍ੰਸੀਪਲ ਵੱਲੋਂ ਕਾਲਜ ਦੇ ਵਿਦਿਆਰਥੀਆਂ ਨੂੰ ਯੋਗ ਦਿਵਸ ਮਨਾਉਣ ਦੇ ਹੁਕਮ ਕਰਨ ਅਤੇ ਸਿੱਖ ਕੌਮ ਵਿਰੋਧੀ ਅਮਲ ਕਰਨ ਦੀ ਕਾਰਵਾਈਆਂ ਦਾ ਗੰਭੀਰ ਅਤੇ ਸਖਤ ਨੋਟਿਸ ਲੈਦੇ ਹੋਏ ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਪੱਤਰ ਲਿਖਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਆਪਣੇ ਪੱਤਰ ਵਿਚ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਆਪ ਜੀ ਦੇ ਉਸ ਫੈਸਲੇ ਦੇ ਧੰਨਵਾਦੀ ਹਾਂ ਜਿਸ ਅਧੀਨ ਆਪ ਜੀ ਨੇ ਅਤੇ ਐਸ.ਜੀ.ਪੀ.ਸੀ. ਦੀ ਅਗਜੈਕਟਿਵ ਨੇ 3 ਜੁਲਾਈ ਨੂੰ ਮੀਰੀ-ਪੀਰੀ ਵਾਲੇ ਦਿਨ ਨੂੰ ਬਤੌਰ ਗੱਤਕਾ ਦਿਹਾੜਾ ਮਨਾਉਣ ਦਾ ਫੈਸਲਾ ਕਰਦੇ ਹੋਏ, ਉਸ ਦਿਨ ਸਮੁੱਚੇ ਪੰਜਾਬ ਦੇ ਇਤਿਹਾਸਿਕ ਗੁਰੂਘਰਾਂ ਅਤੇ ਵਿਦਿਅਕ ਅਦਾਰਿਆ ਵਿਚ ਗੱਤਕੇ ਮੁਕਾਬਲੇ ਕਰਵਾਉਣ ਦਾ ਪ੍ਰਣ ਲਿਆ ਹੈ ਅਤੇ ਜੋ ਬੀਤੇ 21 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗੱਤਕਾ ਦਿਹਾੜਾ ਮਨਾਉਦੇ ਹੋਏ ਸਮੁੱਚੇ ਪੰਜਾਬ ਦੇ ਜਿ਼ਲ੍ਹਾ ਪੱਧਰਾਂ ਉਤੇ ਗੱਤਕੇ ਮੁਕਾਬਲੇ ਕਰਵਾਏ ਹਨ, ਉਸ ਨੂੰ ਐਸ.ਜੀ.ਪੀ.ਸੀ. ਵੱਲੋ ਸਹਿਯੋਗ ਵੀ ਦਿੱਤਾ ਹੈ ਅਤੇ ਗੁਰੂ ਸਾਹਿਬਾਨ ਜੀ ਦੀ ਵਿਲੱਖਣਤਾ ਵਾਲੀ ਸੋਚ ਨੂੰ ਸਮੁੱਚੇ ਪੰਜਾਬ ਤੇ ਕੌਮਾਂਤਰੀ ਪੱਧਰ ਤੇ ਉਜਾਗਰ ਕਰਨ ਵਿਚ ਯੋਗਦਾਨ ਪਾਇਆ ਹੈ । ਪਰ ਆਪ ਜੀ ਦੇ ਅਧੀਨ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਪ੍ਰਿੰਸੀਪਲ ਵੱਲੋ ਜੋ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਠੇਸ ਪਹੁੰਚਾਉਦੇ ਹੋਏ ਅਤੇ ਗੁਰੂ ਸਾਹਿਬਾਨ ਵੱਲੋਂ ਦਿੱਤੀ ਸੇਧ ਦੇ ਉਲਟ ਮੁਤੱਸਵੀਆਂ ਨੂੰ ਖੁਸ਼ ਕਰਨ ਦੇ ਅਮਲ ਕਰਨ ਦੀ ਗੁਸਤਾਖੀ ਕੀਤੀ ਹੈ, ਇਹ ਸਿੱਖ ਕੌਮ ਵੱਲੋਂ ਨਾ ਬਖਸਣਯੋਗ ਕਾਰਵਾਈ ਹੈ । ਇਸ ਲਈ ਤੁਰੰਤ ਅਜਿਹੇ ਅਮਲ ਕਰਨ ਵਾਲੇ ਪ੍ਰਬੰਧਕਾਂ ਵਿਰੁੱਧ ਕਾਰਵਾਈ ਕਰਨੀ ਬਣਦੀ ਹੈ । ਤਾਂ ਕਿ ਸਿੱਖ ਵਿਦਿਅਕ ਅਦਾਰਿਆ ਵਿਚ ਕੋਈ ਵੀ ਨਿਰਦੇਸ਼ਕ ਜਾਂ ਪ੍ਰਿੰਸੀਪਲ ਗੁਰੂਘਰ ਦੀਆਂ ਗੋਲਕਾਂ ਜਾਂ ਸਿੱਖ ਬੱਚਿਆਂ ਕੋਲੋ ਪ੍ਰਾਪਤ ਕੀਤੀਆ ਗਈਆਂ ਫ਼ੀਸਾਂ, ਫੰਡਾਂ ਦੀ ਦੁਰਵਰਤੋ ਕਰਕੇ ਹਿੰਦੂਤਵ ਸੋਚ ਦਾ ਪ੍ਰਚਾਰ ਕਰਨ ਦੀ ਗੁਸਤਾਖੀ ਨਾ ਕਰਨ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਪ੍ਰੋ. ਕਿਰਪਾਲ ਸਿੰਘ ਬਡੂੰਗਰ ਇਸ ਦਿਸ਼ਾ ਵੱਲ ਧਾਰਮਿਕ ਸੋਚ ਤੇ ਲੀਹਾਂ ਅਨੁਸਾਰ ਅਵੱਸ਼ ਬਣਦੀ ਕਾਰਵਾਈ ਕਰਨਗੇ ।