ਚੰਡੀਗੜ੍ਹ – “ਭਾਰਤੀ ਪਾਸਪੋਰਟ ਅੱਜ ਤੱਕ ਅੰਗਰੇਜ਼ੀ ਭਾਸ਼ਾ ਵਿਚ ਹੀ ਬਣਦਾ ਆਇਆ ਹੈ। ਪਰ ਜੋ ਭਾਰਤ ਦੀ ਵਿਦੇਸ਼ ਵਜ਼ੀਰ ਨੇ ਬੀਤੇ ਕੱਲ੍ਹ ਸੰਚਾਰ ਵਿਭਾਗ ਭਾਰਤ ਨਾਲ ਮੀਟਿੰਗ ਕਰਦੇ ਹੋਏ ਅੱਗੋ ਲਈ ਅੰਗਰੇਜ਼ੀ ਦੇ ਨਾਲ ਪਾਸਪੋਰਟ ਵਿਚ ਹਿੰਦੀ ਭਾਸ਼ਾ ਅੰਕਿਤ ਕਰਨ ਦਾ ਵੀ ਫੈਸਲਾ ਕੀਤਾ ਹੈ। ਜੋ ਕਿ ਇਹ ਫੈਸਲਾ ਹਿੰਦੂਤਵ ਆਗੂਆਂ ਨੇ ਹਿੰਦੂਤਵ ਸੋਚ ਨੂੰ ਲਾਗੂ ਕਰਨ ਹਿੱਤ ਕੀਤਾ ਹੈ, ਜਿਸ ਵਿਚੋਂ ਨਿਰਪੱਖਤਾ ਬਿਲਕੁਲ ਦਿਖਾਈ ਨਹੀਂ ਦਿੰਦੀ। ਕਿਉਂਕਿ ਪੰਜਾਬੀ ਲਿੱਪੀ, ਭਾਸ਼ਾ ਪੁਰਾਤਨ ਸਮੇਂ ਤੋਂ ਗੁਰੂ ਸਾਹਿਬਾਨ ਦੇ ਸਮੇਂ ਤੋਂ ਗੁਰਮੁੱਖੀ ਰਾਹੀ ਪ੍ਰਚੱਲਿਤ ਹੈ ਅਤੇ ਕੌਮਾਂਤਰੀ ਪੱਧਰ ਤੇ ਪ੍ਰਵਾਨਿਤ ਹੈ। ਹੁਣ ਤਾਂ ਕੈਨੇਡਾ ਦੀ ਹਕੂਮਤ ਨੇ ਹਕੂਮਤੀ ਪੱਧਰ ਤੇ ਪੰਜਾਬੀ ਭਾਸ਼ਾ ਤੇ ਬੋਲੀ ਨੂੰ ਬਤੌਰ ਕਾਨੂੰਨੀ ਮਾਨਤਾ ਦੇ ਕੇ ਪ੍ਰਵਾਨ ਕਰ ਲਿਆ ਹੈ ਅਤੇ ਕੌਮਾਂਤਰੀ ਪੱਧਰ ਦੀ ਖ਼ਬਰਾਂ ਦੀ ਏਜੰਸੀ ਅਤੇ ਮੀਡੀਏ ਨਾਲ ਸੰਬੰਧਤ ਬੀ.ਬੀ.ਸੀ. ਲੰਡਨ ਨੇ ਵੀ ਪੰਜਾਬੀ ਵਿਚ ਆਪਣਾ ਬੁਲਿਟਨ ਸੁਰੂ ਕਰਕੇ ਪੰਜਾਬੀ ਬੋਲੀ ਨੂੰ ਕੌਮਾਂਤਰੀ ਪੱਧਰ ਤੇ ਮਾਨਤਾ ਦੇ ਦਿੱਤੀ ਹੈ। ਇਸ ਲਈ ਪਾਸਪੋਰਟ ਵਿਚ ਅੰਗਰੇਜ਼ੀ ਦੇ ਨਾਲ ਪੰਜਾਬੀ ਭਾਸ਼ਾ ਵੀ ਦਰਜ ਹੋਣਾ ਅਤਿ ਜ਼ਰੂਰੀ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਬੀ ਸੁਸ਼ਮਾ ਸਵਰਾਜ ਵਿਦੇਸ਼ ਵਜ਼ੀਰ ਭਾਰਤ ਵੱਲੋਂ ਪਾਸਪੋਰਟ ਵਿਚ ਹਿੰਦੀ ਦਰਜ ਕਰਨ ਉਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਅਤੇ ਪਾਸਪੋਰਟ ਵਿਚ ਪੰਜਾਬੀ ਭਾਸ਼ਾ ਦਰਜ ਕਰਨ ਦੀ ਜੋਰਦਾਰ ਮੰਗ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈਕੇ ਦਸਵੇਂ ਗੁਰੂ ਸਾਹਿਬਾਨ ਤੱਕ ਦੇ ਲੰਮੇਂ ਸਮੇਂ ਤੱਕ ਪੰਜਾਬੀ ਅਤੇ ਗੁਰਮੁੱਖੀ ਹੀ ਮੋਹਰੀ ਰਹੀ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਗੁਰਮੁੱਖੀ ਪੰਜਾਬੀ ਵਿਚ ਸੰਪਾਦਿਤ ਹੋਏ । ਫਿਰ ਗੁਰੂ ਸਾਹਿਬਾਨ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਹਰ ਤਰ੍ਹਾਂ ਦੇ ਸਮਾਜਿਕ ਵਿਤਕਰਿਆ ਨੂੰ ਖ਼ਤਮ ਕਰਨ ਹਿੱਤ ਇਥੋ ਦੀ ਆਮ ਜਨਤਾ ਨੂੰ ਗੁਰਮੁੱਖੀ ਪੰਜਾਬੀ ਵਿਚ ਹੀ ਆਪਣੇ ਪ੍ਰਵਚਨਾਂ ਰਾਹੀ ਮਨੁੱਖਤਾ ਪੱਖੀ ਅਤੇ ਸਮਾਜ ਪੱਖੀ ਸੰਦੇਸ਼ ਦਿੱਤੇ ਅਤੇ ਉਸ ਇਕ ਅਕਾਲ ਪੁਰਖ ਦਾ ਮਨੁੱਖਤਾ ਪੱਖੀ ਸੰਦੇਸ਼ ਸਮੁੱਚੇ ਸੰਸਾਰ ਵਿਚ ਫੈਲਾਇਆ। ਇਸ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਮਨੁੱਖਤਾ ਪੱਖੀ ਕਦਰਾ-ਕੀਮਤਾਂ ਨੂੰ ਮੁੱਖ ਰੱਖਦੇ ਹੋਏ ਹਿੰਦ ਦੇ ਵਿਧਾਨ ਵਿਚ ਉਨ੍ਹਾਂ ਦੀ ਸੋਚ ਤੇ ਅਧਾਰਿਤ ਨਿਯਮ ਦਰਜ ਕੀਤੇ ਗਏ। ਇਸ ਲਈ ਪੰਜਾਬੀ ਗੁਰਮੁੱਖੀ ਬੋਲੀ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਸਾਡਾ ਇਹ ਨਿਰਪੱਖਤਾ ਨਾਲ ਸੁਝਾਅ ਹੈ ਕਿ ਪਾਸਪੋਰਟ ਵਿਚ ਪੰਜਾਬੀ ਲਿੱਪੀ ਬੋਲੀ ਹਰ ਕੀਮਤ ਤੇ ਦਰਜ ਕੀਤੀ ਜਾਵੇ। ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਭਾਵੇ ਹਿੰਦੂਤਵ ਹੁਕਮਰਾਨ ਆਪਣੇ ਹਿੰਦੂਤਵ ਪ੍ਰੋਗਰਾਮ ਅਧੀਨ ਹਿੰਦੀ ਨੂੰ ਹਰ ਪਾਸੇ ਲਾਗੂ ਕਰਨਾ ਚਾਹੁੰਦੇ ਹਨ ਪਰ ਹੁਕਮਰਾਨਾਂ ਦੀ ਨਿਰਪੱਖਤਾ ਉਦੋ ਹੀ ਪ੍ਰਤੱਖ ਹੋ ਸਕੇਗੀ ਜੇਕਰ ਉਹ ਬਿਨ੍ਹਾਂ ਕਿਸੇ ਮੰਦਭਾਵਨਾ ਦੇ ਇਮਾਨਦਾਰੀ ਨਾਲ ਪਾਸਪੋਰਟ ਵਿਚ ਅਤੇ ਹੋਰ ਸਥਾਨਾਂ ਉਤੇ ਗੁਰੂ ਸਾਹਿਬਾਨ ਦੀ ਪੰਜਾਬੀ ਬੋਲੀ ਲਿੱਪੀ ਨੂੰ ਸਹੀ ਸਤਿਕਾਰ ਤੇ ਮਾਣ ਦੇਣ ਦੇ ਫਰਜ ਨਿਭਾਅ ਸਕਣਗੇ।
ਸ. ਮਾਨ ਨੇ ਬੀਤੇ ਦਿਨੀਂ ਵਿਧਾਨ ਸਭਾ ਵਿਚ ਅਤੇ ਵਿਧਾਨ ਸਭਾ ਦੇ ਬਾਹਰ ਹੋਈਆਂ ਦੁੱਖਦਾਇਕ ਕਾਰਵਾਈਆਂ ਵੱਲ ਸਮੁੱਚੇ ਵਿਧਾਨਕਾਰਾਂ ਦਾ ਧਿਆਨ ਖਿੱਚਦੇ ਹੋਏ ਕਿਹਾ ਕਿ ਜਿਸ ਅਮਲ ਨਾਲ ਪੰਜਾਬੀਆਂ, ਪੰਜਾਬ ਸੂਬੇ ਜਾਂ ਮਨੁੱਖਤਾ ਦਾ ਕੋਈ ਫਾਇਦਾ ਹੀ ਨਹੀਂ ਹੋ ਰਿਹਾ, ਜੇਕਰ ਉਹ ਉਸ ਨੂੰ ਅਲਵਿਦਾ ਕਹਿਕੇ ਪੰਜਾਬ ਦੀ ਵਿਧਾਨ ਸਭਾ ਵਿਚ ਪੰਜਾਬੀ ਬੋਲੀ ਨੂੰ ਪੂਰਨ ਰੂਪ ਵਿਚ ਕਾਨੂੰਨੀ ਮਾਨਤਾ ਦਿੰਦੇ ਹੋਏ ਮਤਾ ਰੱਖ ਸਕਣ ਤਾਂ ਇਹ ਕੇਵਲ ਪੰਜਾਬ ਸੂਬੇ ਜਾਂ ਕੇਵਲ ਪੰਜਾਬੀਆਂ ਲਈ ਹੀ ਨਹੀਂ, ਬਲਕਿ ਸਮੁੱਚੀ ਮਨੁੱਖਤਾ ਲਈ ਇਹ ਉਦਮ ਇਸ ਲਈ ਵਰਦਾਨ ਸਾਬਤ ਹੋਵੇਗਾ ਕਿਉਂਕਿ ਗੁਰੂ ਸਾਹਿਬਾਨ ਨੇ ਸਾਨੂੰ ਇਸ ਪੰਜਾਬੀ ਲਿੱਪੀ ਰਾਹੀ ਮਨੁੱਖੀ ਕਦਰਾ-ਕੀਮਤਾ ਤੇ ਪਹਿਰਾ ਦੇਣ ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਲੋੜਵੰਦਾਂ, ਮਜ਼ਲੂਮਾਂ, ਗਰੀਬਾਂ ਅਤੇ ਬੇਸਹਾਰਿਆ ਦੀ ਮਦਦ ਕਰਨ ਅਤੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਆਵਾਜ਼ ਉਠਾਉਣ ਦਾ ਸਾਨੂੰ ਆਦੇਸ਼ ਦਿੱਤਾ ਹੈ । ਇਸੇ ਪੰਜਾਬੀ ਬੋਲੀ ਰਾਹੀ ਅਸੀਂ ਆਪਣੇ ਗੁਰੂ ਸਾਹਿਬਾਨ ਦੇ ਸੰਦੇਸ਼ ਨੂੰ ਸਮੁੱਚੀ ਕਾਇਨਾਤ ਅਤੇ ਸੰਸਾਰ ਵਿਚ ਪਹੁੰਚਾਉਣ ਵਿਚ ਕਾਮਯਾਬ ਹੋ ਸਕਦੇ ਹਾਂ ।