ਸ਼ਾਲਾ ਸੁੱਖਾਂ ਵਾਲੀ ਈਦ ਹੋਵੇ…
ਸ਼ਾਲਾ ਸੁੱਖਾਂ ਵਾਲੀ ਈਦ ਹੋਵੇ…
ਵੇ ਅੱਲ੍ਹਾ ਤੇਰੇ ਤਰਲੇ ਕਰਾਂ,
ਜੱਗ ਖੁਸ਼ੀਆਂ ਦਾ ਮੁਰੀਦ ਹੋਵੇ
ਵੇ ਜੱਗ ਖੁਸ਼ੀਆਂ ਦਾ ਮੁਰੀਦ ਹੋਵੇ।
ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ ਜਿੱਥੇ ਅਨੇਕਾਂ ਧਰਮ ਪ੍ਰਚੱਲਿਤ ਹਨ ਅਤੇ ਹਰ ਧਰਮ ਦੇ ਕੁਝ ਖਾਸ ਤਿਉਹਾਰ ਅਤੇ ਜਸ਼ਨ ਦੇ ਦਿਨ ਨਿਸ਼ਚਿਤ ਹਨ । ਜਿਹਨਾਂ ਨੂੰ ਉਸ ਧਰਮ ਦੇ ਮੰਨਣ ਵਾਲੇ ਆਪਣੀ ਹੈਸੀਅਤ ਤੋਂ ਵੀ ਵੱਧ ਕੇ ਸ਼ਾਨਦਾਰ ਤਰੀਕੇ ਨਾਲ ਮਨਾਉਣ ਦੀ ਕੋਸ਼ਿਸ ਵਿੱਚ ਰਹਿੰਦੇ ਹਨ। ਇਹਨ੍ਹਾਂ ਤਿਉਹਾਰਾਂ ਪਿੱਛੇ ਹਰ ਧਰਮ ਦੇ ਧਾਰਮਿਕ ਅਸੂਲ, ਉਸ ਦੀ ਸੋਚ, ਉਸ ਦੇ ਇਤਿਹਾਸ ਅਤੇ ਉਸਦੀਆਂ ਰਸਮਾਂ ਨੂੰ ਦਰਸਾਉਂਦੇ ਹਨ ਅਤੇ ਇਹਨਾਂ ਤਿਉਹਾਰਾਂ ਤੋਂ ਹੀ ਕਿਸੇ ਧਰਮ ਦੇ ਲੋਕਾਂ ਦੇ ਸੁਭਾਅ ਦਾ ਪਤਾ ਬਾਖੂਬੀ ਚਲਦਾ ਹੈ। ਜਿਸ ਤਰ੍ਹਾਂ ਹਰ ਧਰਮ ਦੇ ਲੋਕ ਤਿਉਹਾਰ ਮਨਾਉਂਦੇ ਹਨ ਓਸੇ ਤਰ੍ਹਾਂ ਹੀ ਇਸਲਾਮ ਵਿੱਚ ਵੀ ਮੁਸਲਮਾਨਾਂ ਨੂੰ ਦੋ ਤਿਉਹਾਰ ਮਨਾਉਣੇ ਖਾਸ ਤੌਰ ‘ਤੇ ਉਹਨਾਂ ਦੇਹਿੱਸੇ ਆਏ ਹਨ। ਜੋ ਕਿ ਸੁਰੂ ਵਿੱਚ ਕੇਵਲ ਲੋਕਾਂ ਦੇ ਮਨੋਰੰਜਨ ਦੇ ਸਾਧਨ ਤੱਕ ਹੀ ਸੀਮਤ ਸਨ। ਇੱਕ ਈਦ-ਉਲ-ਫਿਤਰ ਤੇ ਦੂਜਾ ਈਦ-ਉਲ-ਅਜਹਾ । ਇਹਨਾਂ ਵਿੱਚੋਂ ਪਹਿਲਾ ਤਿਉਹਾਰ ਈਦ-ਉਲ-ਫਿਤਰ ਰਮਜਾਨ ਦੇ ਪਵਿੱਤਰ ਮਹੀਨੇ ਦੇ ਖਤਮ ਹੁੰਦੇ ਹੀ ਸ਼ਵਾਲ ਮਹੀਨੇ ਦੀ ਪਹਿਲੀ ਤਾਰੀਖ ਨੂੰ ਮਨਾਇਆ ਜਾਂਦਾ ਹੈ ਕਿਉਂਕਿ ਇੱਕ ਮੁਸਲਮਾਨ ਰਮਦਾਨ ਦੇ ਪਵਿੱਤਰ ਮਹੀਨੇ ਵਿੱਚ ਆਪਣੇ ਨਫ਼ਸ, ਜਰੂਰਤਾਂ ਆਦਿ ਦੀ ਕੁਰਬਾਨੀ ਦਿੰਦੇ ਹੋਏ ਰੱਬ ਦੇ ਹੁਕਮ ਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ ਕਰਦਾ ਹੋਇਆ ਵੱਧ ਤੋਂ ਵੱਧ ਆਪਣੇ ਰੱਬ ਦੀ ਭਗਤੀ ਕਰਨ ਵਿੱਚ ਸਮਾਂ ਗੁਜਾਰਦਾ ਹੈ।
ਈਦ ਉਲ-ਫ਼ਿਤਰ ਜਾਂ ਨਿੱਕੀ ਈਦ ʻਈਦ ਅਲ-ਫਿਤ੍ਰ’ ਮੁਸਲਮਾਨਾਂ ਦਾ ਇੱਕ ਤਿਉਹਾਰ ਹੈ। ਮੁਸਲਮਾਨ ਰਮਦਾਨ - ਅਲ-ਮੁਬਾਰਕ ਮਹੀਨੇ ਦੇ ਬਾਅਦ ਇੱਕ ਮਜ਼ਹਬੀ ਖੁਸ਼ੀ ਦਾ ਤਿਓਹਾਰ ਮਨਾਉਂਦੇ ਹਨ। ਮੁਸਲਮਾਨ ਸਵੇਰੇ ਮਸੀਤ ਵਿੱਚ ਜਾ ਕੇ ਈਦ – ਉਲ-ਫ਼ਿਤਰ ਦੀ ਨਮਾਜ਼ ਪੜ੍ਹਦੇ ਹਨ ਅਤੇ ਪਰਿਵਾਰ ਵਾਲਿਆਂ ਨੂੰ ਮਿਲਦੇ ਹਨ। ਰਮਜ਼ਾਨ ਦੇ ਰੋਜ਼ੇ ਰੱਖਣ ਤੋਂ ਬਾਅਦ ਈਦ-ਉਲ-ਫਿਤਰ ਦਾ ਤਿਉਹਾਰ ਆਉਂਦਾ ਹੈ ਜੋ ਕਿ ਰੱਬ ਵੱਲੋਂ ਰੋਜ਼ੇਦਾਰਾਂ ਵਿਚ ਇਨਾਮ ਦੇਣ ਦਾ ਦਿਨ ਹੈ। ਇਸ ਦਿਨ ਸਾਰੇ ਲੋਕ ਸਵੇਰ ਸਮੇਂ ਈਦਗਾਹ ਵਿਖੇ ਈਦ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਇਕ-ਦੂਜੇ ਨਾਲ ਖੁਸ਼ੀ-ਖੁਸ਼ੀ ਮਿਲਦੇ ਹਨ। ਮੁਸਲਿਮ ਅਤੇ ਗ਼ੈਰ-ਮੁਸਲਿਮ ਲੋਕ ਇਕ-ਦੂਜੇ ਨਾਲ ਗਲੇ ਮਿਲ ਕੇ ਸਾਂਝੇ ਰੂਪ ‘ਚ ਖੁਸ਼ੀਆਂ ਮਨਾਉਂਦੇ ਹਨ। ਰਮਜ਼ਾਨ ਦੇ ਪੂਰੇ ਮਹੀਨੇ ਦਾ ਉਦੇਸ਼ ਅਨੁਸ਼ਾਸਨ, ਆਗਿਆਕਾਰੀ ਵਰਗੀਆਂ ਭਾਵਨਾਵਾਂ ਨੂੰ ਜਾਗ੍ਰਿਤ ਕਰਕੇ ਮਨੁੱਖੀ ਮਾਨਸਿਕ ਅਤੇ ਸਮਾਜਕ ਖੇਤਰ ‘ਚ ਸੁਧਾਰ ਕਰਨਾ ਹੈ।
ਬੰਦੇ ਦੀ ਭਗਤੀ , ਲਗਨ ਅਤੇ ਪਰਹੇਜ਼ਗਾਰੀ ਤੋਂ ਖੁਸ਼ ਹੋ ਕਿ ਰੱਬ ਦੇ ਵੱਲੋਂ ਉਸ ਨੂੰ ਇਨਾਮ ਵਜੋਂ ਈਦ ਦੇ ਰੂਪ ਵਿੱਚ ਖੁਸ਼ੀ ਅਤੇ ਜਸ਼ਨ ਦਾ ਦਿਨ ਦਿੱਤਾ ਗਿਆ ਹੈ। ਇਸਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਖੁਸ਼ੀ ਮਨਾਉਂਦੇ ਹੋਏ ਬੇਸਹਾਰਾ ਲੋਕਾਂ ਦੇ ਨਾਲ ਹਮਦਰਦੀ ਭਰਿਆ ਵਰਤਾਊ ਕੀਤਾ ਜਾਵੇ ਤਾਂ ਕਿ ਉਹ ਵੀ ਈਦ ਦੀਆਂ ਖੁਸ਼ੀਆਂ ਵਿੱਚ ਤੁਹਾਡੇ ਨਾਲ ਸ਼ਾਮਿਲ ਹੋ ਸਕਣ ਇਉ ਇਹ ਕੇਵਲ ਮੁਸਲਮਾਨਾਂ ਦਾ ਹੀ ਤਿਉਹਾਰ ਨਾ ਰਹਿ ਇਨਸਾਨੀਅਤ ਦਾ ਤਿਉਹਾਰ ਬਣ ਗਿਆ ਹੈ। ਇਸੇ ਕਾਰਨ ਜਿੱਥੇ ਇੱਕ ਮੁਸਲਮਾਨ ਈਦ ਦੇ ਦਿਨ ਦੋ ਰਕਾਤ ਨਮਾਜ ਪੜਦਾ ਹੋਇਆ ਆਪਣੇ ਰੱਬ ਦਾ ਸ਼ੁਕਰ ਅਦਾ ਕਰਦਾ ਹੈ ਉੱਥੇ ਹੀ ਉਹ ਦੂਸਰੀ ਤਰਫ ਲੋੜਵੰਦਾਂ ਅਤੇ ਫਕੀਰਾਂ ੳੋੁੱਪਰ ਈਦ-ਉਲ-ਫਿਤਰ ਦਾ ਸਦਕਾ ਤਕਸੀਮ ਕਰਦੇ ਹੋਏ ਇਹ ਦੱਸਣਾ ਚਾਹੁੰਦਾ ਹੈ ਕਿ ਉਹ ਇੱਕ ਅਜਿਹੀ ਕੌਮ ਦਾ ਫਰਦ ਹੈ ਜੋ ਇੱਕ ਤਰਫ ਤਾਂ ਖੁਦਾ ਦਾ ਨਾਮ ਲੈਂਦੀ ਹੈ ਅਤੇ ਉਸਦੀਆਂ ਖਾਸੀਅਤਾਂ ਨੂੰ ਦੁਨੀਆਂ ਦੇ ਸਾਹਮਣੇ ਲੈ ਕਿ ਆਉਂਦੀ ਹੈ ਅਤੇ ਦੂਸਰੀ ਤਰਫ ਇੱਕ ਚੰਗੇ ਇਨਸਾਨ ਦੇ ਰੂਪ ਵਿੱਚ ਗਰੀਬਾਂ ਦੀ ਮੱਦਦ ਕਰਨ ਵਾਲੀ, ਨਰਮ ਦਿਲ ਰੱਖਣ ਵਾਲੀ ਇੱਕ ਦਿਆਲੂ ਕੌਮ ਹੈ। ਜਿਸ ਵਿੱਚ ਇੱਕ ਅਮੀਰ ਵਿਅਕਤੀ ਉਦੋਂ ਹੀ ਆਪਣੀ ਖੁਸ਼ੀ ਨੂੰ ਪੂਰੀ ਸਮਝਦਾ ਹੈ ਜਦੋਂ ਉਸਦਾ ਗਰੀਬ ਭਰਾ, ਪੜੋਸੀ ਆਦਿ ਵੀ ਉਸਦੀ ਖੁਸ਼ੀ ਵਿੱਚ ਸ਼ਰੀਕ ਹੁੰਦਾ ਹੈ। ਇਸ ਕਰਕੇ ਹੀ ਇਸਲਾਮ ਵਿੱਚ ਈਦ ਦਾ ਮਤਲਬ ਕੇਵਲ ਨਵੇਂ ਅਤੇ ਵਧੀਆ ਕੱਪੜੇ ਪਹਿਨਣਾ, ਖੁਸ਼ਬੂ ਲਗਾਉਣਾ ਅਤੇ ਮਿੱਠੀਆ ਚੀਜਾਂ ਖਾ ਲੈਣਾ ਹੀ ਨਹੀਂ ਸਗੋਂ ਈਦ ਦਾ ਅਸਲ ਮਤਲਬ ਸਮੂਹਿਕ ਰੂਪ ਵਿੱਚ ਖੁਦਾ ਨੂੰ ਯਾਦ ਕਰਨਾ ਅਤੇ ਉਸਦੀ ਤਰਫ ਧਿਆਨ ਦੇ ਕੇ ਉਸਦੀ ਨਜਦੀਕੀ ਹਾਸਿਲ ਕਰਨਾ ਅਤੇ ਉਸਦੇ ਨਾਮ ਤੇ ਗਰੀਬਾਂ ਦੀ ਮਦੱਦ ਕਰਨਾ ਹੈ। ਇਸ ਲਈ ਹੀ ਹਜਰਤ ਮੁਹੰਮਦ ਨੇ ਕਿ ਕਿਹਾ ਕਿ ਤੁਸੀਂ ਅਪਣਾ ਸਦਕਾ-ਏ-ਫਿਤਰ ਈਦ ਦੀ ਨਮਾਜ ਪੜਨ ਜਾਣ ਤੋਂ ਪਹਿਲਾਂ ਹੀ ਦੇ ਕਿ ਜਾਉ ਤਾਂ ਕਿ ਤੁਹਾਡੇ ਗਰੀਬ ਭਰਾ ਵੀ ਤੁਹਾਡੇ ਨਾਲ ਈਦ ਦੀ ਖੁਸ਼ੀ ਵਿੱਚ ਸ਼ਾਮਿਲ ਹੋ ਸਕਣ। ਈਦ ਦਾ ਤਿਉਹਾਰ ਆਪਸੀ ਮਿਲਵਰਤਨ ਅਤੇ ਸਾਂਝਾ ਨੂੰ ਵਧਾਉਣ ਦੀ ਉੱਤਮ ਮਿਸਾਲ ਹੈ। ਈਦ ਪੜ੍ਹਨ ਤੋਂ ਬਾਅਦ ਸਾਰੇ ਗਿਲੇ-ਸ਼ਿਕਵੇ ਭੁਲਾ ਕਿ ਇੱਕ ਦੂਜੇ ਦੇ ਗਲੇ ਮਿਲ ਕਿ ਰਿਸ਼ਤਿਆਂ ਦੀ ਇੱਕ ਨਵੀਂ ਸ਼ੁਰੂਆਤ ਕੀਤੀ ਜਾਂਦੀ ਹੈ।
ਇਸ ਤਰਾਂ ਦੀ ਸਦੀਵੀ ਖੁਸ਼ੀ ਤਾਂ ਨਿਆਸਰਿਆਂ ਦੀ ਸੇਵਾ ਅਤੇ ਸਹਾਇਤਾ ਕਰਕੇ ਹੀ ਮਿਲ ਸਕਦੀ ਹੈ ਤੇ ਜਿਥੇ ਤੱਕ ਅੱਜ ਦੇ ਭਾਰਤੀ ਸਮਾਜ ਦੇ ਲੋਕਾਂ ਦਾ ਸਬੰਧ ਹੈ ਇਹ ਭਾਵਨਾ ਤਾਂ ਕੋਹਾ ਦੂਰ ਹੁੰਦੀ ਜਾ ਰਹੀ ਜਾਪਦੀ ਹੈ । ਅਸਲ ਵਿੱਚ ਅੱਜ ਦਾ ਮਨੁੱਖ ਪਦਾਰਥਵਾਦ ਦੇ ਪ੍ਰਭਾਵ ਕਾਰਨ ਸਮੂਹਿਕ ਹਿੱਤਾਂ ਦੇ ਨਾਲੋਂ ਨਿੱਜੀ ਹਿੱਤਾਂ ਨੂੰ ਪ੍ਰਮੁੱਖਤਾ ਦੇਣ ਲੱਗਾ ਹੈ। ਇਸੀ ਨਿੱਜਤਾ ਦੇ ਕਾਰਨ ਹੀ ਚਿੰਤਾਵਾਂ ਵਿੱਚ ਗ੍ਰਹਿਸਤ ਹੋ ਕਿ ਅਨੇਕਾਂ ਬੀਮਾਰੀਆਂ ਨੂੰ ਲਗਾ ਬੈਠਾ ਹੈ। ਮਨੁੱਖ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਸਲ ਖੁਸ਼ੀ ਦਾ ਅਹਿਸਾਸ ਤਿਉਹਾਰਾਂ ਨੂੰ ਰਲ-ਮਿਲ ਕੇ ਮਨਾਉਣ ਵਿੱਚ ਹੀ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਤਿਉਹਾਰਾਂ ਨੂੰ ਮਨਾਉਂਦੇ ਸਮੇਂ ਫਜੂਲ ਖਰਚਿਆਂ ਨੂੰ ਛੱਡ ਕਿ ਉਹੀ ਪੈਸਾ ਦੀਨ-ਦੁਖੀਆਂ, ਬੇਸਹਾਰਾ ਲੋਕਾਂ ਤੇ ਲਗਾ ਕਿ ਸੱਚੀ ਖੁਸ਼ੀ ਨੂੰ ਮਹਿਸੂਸ ਕਰੀਏ। ਕਹਿੰਦੇ ਹਨ ਆਪਣੇ ਲਈ ਤਾਂ ਹਰ ਕੋਈ ਜੀਉਂਦਾ ਹੈ ਪਰ ਦੁਨੀਆ ਉਹਨਾਂ ਲੋਕਾਂ ਨੂੰ ਯਾਦ ਰੱਖਦੀ ਹੈ ਜਿਹੜੇ ਆਪਣਾ ਸਮੁੱਚਾ ਜੀਵਨ ਦੂਜਿਆਂ ਦੇ ਮਦੱਦ ਅਤੇ ਸੇਵਾ ਕਰਨ ਦੇ ਲੇਖੇ ਲਗਾ ਦਿੰਦੇ ਹਨ।
ਈਦ – ਉਲ – ਫ਼ਿਤਰ ਸਬੰਧੀ ਮਿੱਥ : ਮਨੁੱਖ ਦੀ ਹੋਰਨਾਂ ਸੰਸਾਰਿਕ ਪ੍ਰਾਣੀਆਂ ਨਾਲੋਂ ਵਿਲੱਖਣਤਾ ਮਿਲ ਜੁਲ ਕੇ ਰਹਿਣ ਦਾ ਆਦੀ ਹੋਣਾ ਹੈ । ਇਸੇ ਕਰਕੇ ਉਹ ਸਮੁਦਾਇ ਵਿਚ ਰਹਿੰਦਾ ਹੈ। ਖੁਸ਼ੀ ਤੇ ਗ਼ਮੀ ਮਨੁੱਖੀ ਜਿੰਦਗੀ ਦੇ ਦੋ ਅਟੁੱਟ ਭਾਗ ਹਨ ਜਿਨ੍ਹਾਂ ਵਿਚ ਸਾਂਝ ਪਾਉਣਾ ਇਨਸਾਨੀ ਫਿਤਰਤ ਰਹੀ ਹੈ। ਸਾਂਝੀ ਖੁਸ਼ੀ ਜਿਸ ਵਿਚ ਦੂਜੇ ਵੀ ਸ਼ਰੀਕ ਹੋਣ, ਅਜਿਹੇ ਉਤਸਵ ਤਿਉਹਾਰ, ਸੁਰੂ ਤੋਂ ਹੀ ਆਪਸੀ ਪਿਆਰ-ਮੁਹੱਬਤ, ਭਾਈਚਾਰਾ ਅਤੇ ਕੌਮੀ ਏਕਤਾ ਦਾ ਪ੍ਰਤੀਕ ਰਹੇ ਹਨ। ਹਜ਼ਰਤ ਰਸੂਲ ਅੱਲਾ ਜਦੋਂ ਮੱਕੇ ਤੋਂ ਹਿਜਰਤ ਕਰ ਮਦੀਨਾ ਪਹੁੰਚੇ ਤਾਂ ਮਦੀਨਾ ਵਾਸੀਆਂ ਨੇ ਉਸ ਸਮੇਂ ਆਪਣੇ ਤਿਉਹਾਰਾਂ ਵਜੋਂ ਦੋ ਦਿਨ ਨਿਸ਼ਚਿਤ ਕੀਤੇ ਹੋਏ ਸਨ, ਜਿਸ ਤਹਿਤ ਉਹ ਦੋ ਦਿਨ ਖੁਸ਼ੀਆਂ ਮਨਾਉਂਦੇ ਤੇ ਰਲ – ਮਿਲ ਖੇਲ ਤਮਾਸ਼ੇ ਕਰਿਆ ਕਰਦੇ ਸਨ।ਹਜ਼ੂਰ ਹਜ਼ਰਤ ਰਸੂਲ ਅੱਲ੍ਹਾ ਨੇ ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਇਹ ਦੋ ਦਿਨ ਜੋ ਤੁਸੀਂ ਮਨਾਉਂਦੇ ਹੋ ਇਨ੍ਹਾਂ ਦੀ ਹਕੀਕਤ ਕੀ ਹੈ? ਇਹਨਾਂ ਦਾ ਅਧਾਰ ਕੀ ਹੈ? ਉਨਾਂ ਜਵਾਬ ਦਿੱਤਾ ਕਿ ਅਸੀਂ ਪੁਰਾਣੇ ਸਮੇਂ ਤੋਂ ਆਪਣੇ ਬਾਪ-ਦਾਦਿਆਂ ਦੀ ਤਰਜ਼ – ਏ ਜ਼ਿੰਦਗੀ ‘ਤੇ ਇਹ ਤਿਉਹਾਰ ਮਨਾਉਂਦੇ ਆ ਰਹੇ ਹਾਂ। ਤਦ ਉਹਨਾਂ (ਹਜਰਤ ਸਾਹਿਬ) ਨੇ ਫਰਮਾਇਆ ਕਿ ਅੱਲਾ ਨੇ ਤੁਹਾਨੂੰ ਇਨ੍ਹਾਂ ਦੋ ਤਿਉਹਾਰਾਂ ਦੇ ਬਦਲੇ ਦੋ ਹੋਰ ਬਿਹਤਰੀਨ ਤਿਉਹਾਰ ਅਦਾ ਕੀਤੇ ਹਨ। ਹੁਣ ਉਹੀ ਤੁਹਾਡੇ ਕੌਮੀ ਤੇ ਧਾਰਮਿਕ ਤਿਉਹਾਰ ਹਨ। ‘ਈਦ-ਉਲ-ਫਿਤਰ’ ਅਤੇ ‘ਈਦ-ਉਲ-ਅਜ਼ਹਾ’। ਈਦ-ਉਲ-ਫਿਤਰ, ਨੂੰ ਸੇਵੀਆਂ ਵਾਲੀ ਮਿੱਠੀ ਈਦ ਵੀ ਕਰ ਕਿ ਵੀ ਜਾਣਿਆ ਜਾਂਦਾ ਹੈ, ਮੁਸਲਮਾਨਾਂ ਦਾ ਸਭ ਤੋਂ ਵੱਡਾ ਅਤੇ ਹਰਮਨ ਪਿਆਰਾ ਤਿਉਹਾਰ ਹੈ। ‘ਈਦ’ ਤੋਂ ਭਾਵ ਖੁਸ਼ੀ ਦਾ ਉਹ ਦਿਨ ਜੋ ਯਾਦਗ਼ਾਰ ਦੇ ਤੌਰ ‘ਤੇ ਮਨਾਇਆ ਜਾਵੇ। ‘ਫਿਤਰ’ ਦਾ ਅਰਥ ਰੋਜ਼ੇ ਖੋਲ੍ਹਣੇ ਜਾਂ ਮੁਕੰਮਲ ਹੋਣਾ ਦਾ ਦਿਨ ਸਵਿਕਾਰਿਆ ਗਿਆ ਹੈ। ਈਦ ਦਾ ਦਿਨ ਖੁਸ਼ੀ ਤੇ ਅੱਲ੍ਹਾ ਦੇ ਧੰਨਵਾਦ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਰਮਜ਼ਾਨ ਦੇ ਰੋਜ਼ੀਆਂ ਵਿਚ ਇਕ ਸੱਚਾ ਮੁਸਲਮਾਨ ਸਵੇਰ ਤੋਂ ਸ਼ਾਮ ਤੱਕ ਅੱਲਾ ਦੀ ਮਰਜ਼ੀ ਅਨੁਸਾਰ ਜਿ਼ੰਦਗੀ ਬਤੀਤ ਕਰਦਾ ਹੈ। ਖਾਣ-ਪੀਣ ਦੀਆਂ ਚੀਜ਼ਾਂ ਹੁੰਦੇ ਹੋਏ ਵੀ ਉਨ੍ਹਾਂ ਤੋਂ ਮੂੰਹ ਮੋੜੀ ਰੱਖਦਾ ਹੈ, ਸਰੀਰਕ ਇੱਛਾਵਾਂ ਤੋਂ ਦੂਰ ਰਹਿੰਦਾ ਹੋਇਆ ਆਪਣੇ ਨਫਸ ‘ਤੇ ਕੰਟਰੋਲ ਕਰਦਾ ਹੈ। ਇਸਲਾਮ ਦੇ ਆਖਰੀ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਨੇ ਫਰਮਾਇਆ ‘ਭਾਵ ਹਰ ਕੌਮ ਲਈ ਇਕ ਖੁਸ਼ੀ ਦਾ ਦਿਨ ਹੁੰਦਾ ਹੈ, ਸਾਡੇ ਲਈ ਈਦ ਖੁਸ਼ੀ ਦਾ ਦਿਨ ਹੈ। ਇਹ ਖੁਸ਼ੀ ਇਸ ਲਈ ਹੈ ਕਿ ਇਸ ਦਿਨ ਰੱਬ ਦੀ ਭਗਤੀ ਭਾਵ ਰੋਜ਼ਿਆਂ ਤੋਂ ਫਾਰਗ਼ ਹੋ ਜਾਂਦੇ ਹਾਂ ਅਤੇ ਦੂਸਰਾ ਇਸ ਲਈ ਕਿ ਰੱਬ ਵੱਲੋਂ ਮਾਫੀ ਦਾ ਕਸਦ ਮਿਲ ਜਾਂਦਾ ਹੈ। ਈਦ ਦੀ ਰਾਤ ਨੂੰ ‘ਲੈਲਾਤੁਲ ਜਾਇਜ਼ਾ’ ਭਾਵ ਬਦਲੇ ਦੀ ਰਾਤ ਕਿਹਾ ਜਾਂਦਾ ਹੈ। ਇਕ ਮਿੱਥ ਅਨੁਸਾਰ ਰੱਬ ਫਰਿਸ਼ਤਿਆਂ ਨੂੰ ਕਹਿੰਦਾ ਹੈ ਕਿ ਗਲੀ-ਮੁਹੱਲਿਆਂ ਵਿਚ ਖੜ੍ਹੇ ਹੋ ਕੇ ਈਦਗ਼ਾਹ ਜਾਣ ਵਾਲਿਆਂ ਦਾ ਸੁਆਗਤ ਕਰੋ ਅਤੇ ਫਰਿਸ਼ਤੇ ਲੋਕਾਂ ਨੂੰ ਕਹਿੰਦੇ ਹਨ ਕਿ ਚਲੋ ਉਸ ਰੱਬ – ਏ – ਕਰੀਮ ਦੇ ਦਰ ਵੱਲ ਨੂੰ ਚੱਲਿਆ ਜਾਵੇ ਵੱਲ ਬੇਹੱਦ ਦੇਣ ਵਾਲਾ ਹੈ ਤੇ ਵੱਡੇ-ਵੱਡੇ ਗੁਨਾਂਹਾਂ ਨੂੰ ਮੁਆਫ਼ ਕਰਨ ਵਾਲਾ ਹੈ। ਫਿਰ ਈਦ ਦੀ ਨਮਾਜ਼ ਪੜ੍ਹਨ ਉਪਰੰਤ ਜਦ ਲੋਕ ਆਪਣੇ ਘਰਾਂ ਨੂੰ ਵਾਪਸ ਪਰਤਣ ਲੱਗਦੇ ਹਨ ਤਾਂ ਅੱਲ੍ਹਾ ਫਰਿਸ਼ਤਿਆਂ ਨੂੰ ਫਿਰ ਪੁੱਛਦਾ ਹੈ ਕਿ ਦੱਸੋ ਉਸ ਮਜ਼ਦੂਰ / ਈਦੀ ਨੂੰ ਕੀ ਬਦਲਾ ਭਾਵ ਇਵਜ਼ ਵਜੋਂ ਕੀ ਦਿੱਤਾ ਜਾਵੇ ਜਿਸ ਨੇ ਆਪਣਾ ਕੰਮ ਪੂਰਾ ਕਰ ਦਿੱਤਾ ਹੈ। ਫਰਿਸ਼ਤੇ ਜਵਾਬ ਵਜੋਂ ਕਹਿੰਦੇ ਹਨ ਕਿ ਉਸ ਨੂੰ ਪੂਰੀ-ਪੂਰੀ ਮਜ਼ਦੂਰੀ ਦਿੱਤੀ ਜਾਵੇ ਤੇ ਉੱਤਰ ਵੱਜੋਂ ਅੱਲ੍ਹਾ ਵੱਲੋਂ ਐਲਾਨ ਹੁੰਦਾ ਹੈ ਕਿ ‘ਹੇ ਲੋਕੋ’ ਮੈਂ ਤੁਹਾਨੂੰ ਮੁਆਫ ਕਰਦਾ ਹਾਂ ਤੇ ਹੁਣ ਤੁਸੀਂ ਆਪਣੇ-ਆਪਣੇ ਘਰਾਂ ਨੂੰ ਵਾਪਸ ਜਾ ਸਕਦੇ ਹੋ।
ਈਦ – ਉਲ – ਫਿਤਰ ਦਾ ਮਹੱਤਵ : ਈਦ ਦਾ ਦਿਨ ਆਪਸੀ ਮੁਹੱਬਤ ਅਤੇ ਭਾਈਚਾਰਿਕ ਸਾਂਝੀਵਾਲਤਾ ਦਾ ਸਬਕ ਦਿੰਦਾ ਹੈ। ਇਸ ਤਿਉਹਾਰ ਦੀ ਅਸਲੀ ਖੁਸ਼ੀ ਇਸੇ ਵਿੱਚ ਹੀ ਹੈ ਕਿ ਇਸ ਵਿਚ ਸਭ ਨੂੰ ਸਾਮਿਲ ਕੀਤਾ ਜਾਵੇ ।ਸੋ ਸਾਡੀ ਖੁਸ਼ੀ ਅਸਲ ਵਿਚ ਤਾਂ ਹੀ ਹੈ ਜੇ ਅਸੀਂ ਗਰੀਬਾਂ, ਯਤੀਮਾਂ, ਬੇਬਸਾਂ, ਵਿਧਵਾਵਾਂ ਅਤੇ ਬੇਸਹਾਰਾ ਲੋਕਾਂ ਨੂੰ ਵੀ ਇਸ ਖੁਸ਼ੀ ਵਿਚ ਸ਼ਾਮਿਲ ਕਰਦੇ ਹਾਂ। ਇਸ ਦੇ ਲਈ ‘ਸਦਕਾ-ਏ-ਫਿਤਰ ਜ਼ਰੂਰੀ ਕੀਤਾ ਹੈ ਤਾਂ ਜੋ ਰਮਜ਼ਾਨ ਵਿਚ ਗ਼ਲਤੀ ਨਾਲ ਜਿਹੜੀਆਂ ਬੇਕਾਰ ਗੱਲਾਂ ਕਹੀਆਂ ਜਾਂ ਸੁਣੀਆਂ ਗਈਆਂ ਜਾਂ ਬੁਰੇ ਖਿਆਲ ਦਿਲ ਵਿਚ ਆਏ ਹੋਣ, ਉਸ ਨਾਲ ਰੋਜ਼ੇ ਵੀ ਪਾਕ ਹੋ ਜਾਂਦੇ ਹਨ ਅਤੇ ਗ਼ਰੀਬਾਂ ਲਈ ਖਾਣ-ਪੀਣ ਦਾ ਸਮਾਨ ਵੀ ਹੋ ਇੱਕਤਰਿਤ ਹੋ ਜਾਂਦਾ ਹੈ।
ਈਦ ਦੀ ਨਮਾਜ਼ ਅਬਾਦੀ ਤੋਂ ਬਾਹਰ ਖੁੱਲ੍ਹੀ ਥਾਂ ‘ਤੇ ਪੜ੍ਹੀ ਜਾਂਦੀ ਹੈ। ਨਮਾਜ਼ ਤੋਂ ਬਾਅਦ ਦੁਆ ਕੀਤੀ ਜਾਂਦੀ ਹੈ ਕਿ ਐ ਸਭਨਾ ਦੇ ਅੱਲ੍ਹਾ ਜਿਵੇਂ ਇਕ ਮਹੀਨਾ ਤੇਰੀ ਮਰਜ਼ੀ ਵਾਲੀ ਜਿ਼ੰਦਗੀ ਬਤੀਤ ਕੀਤੀ ਹੈ, ਭਵਿੱਖ ਵਿਚ ਵੀ ਸਾਨੂੰ ਆਪਣੀ ਮਰਜ਼ੀ ਵਾਲੀ ਜਿ਼ੰਦਗੀ ਬਤੀਤ ਕਰਨ ਦਾ ਬਲ ਬਖਸ਼ । ਵਾਪਸੀ ‘ਤੇ ਬੱਚਿਆਂ ਨੂੰ ਪੈਸੇ ਆਦਿ ਤੇ ਬਜ਼ੁਰਗਾਂ ਨੂੰ ਈਦ ਮੁਬਾਰਕ ਆਖਦੇ ਹਨ। ਈਦ ਮਿਲਣ ਦੇ ਜਸ਼ਨ ਹੁੰਦੇ ਹਨ। ਜਿਨ੍ਹਾਂ ਵਿਚ ਹਰ ਧਰਮ ਦੇ ਲੋਕ ਬਿਨਾਂ ਕਿਸੇ ਝਿਜਕ ਤੋਂ ਇਕ-ਦੂਜੇ ਨੂੰ ਗਲਵੱਕੜੀ ਪਾਉਂਦੇ ਹੋਏ ਆਪਸੀ ਭਾਈਚਾਰਾ, ਪਿਆਰ ਮੁਹੱਬਤ, ਹਮਦਰਦੀ, ਬਰਾਬਰਤਾ ਦਾ ਪੈਗ਼ਾਮ ਦਿੰਦੇ ਹੋਏ ਇੱਕ ਦੂਸਰੇ ਨੂੰ ਗਲ ਲੱਗ – ਲੱਗ ਮਿਲਦੇ ਹਨ;
ਤੂੰ ਆਇਓਂ ਤਾਂ
ਜੋਬਨ ਮਹਿਕੇ
ਤੈਨੂੰ ਭੱਜ ਗਲ ਨਾਲ ਲਾਵਾਂ
ਮੁਬਾਰਕ ਈਦ ਮੁਬਾਰਕ।।।
ਮੈਂ ਨੱਚਦੀ ਹੋਈ ਗਾਵਾਂ
ਮੁਬਾਰਕ ਈਦ ਮੁਬਾਰਕ।