ਵਾਸ਼ਿੰਗਟਨ – ਵਾਈਟ ਹਾਊਸ ਵਿੱਚ ਪਿੱਛਲੇ ਕਈ ਸਾਲਾਂ ਤੋਂ ਇਫਤਾਰ ਦੀ ਦਾਵਤ ਦੇਣ ਦੀ ਪਰੰਪਰਾ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਤੋੜ ਦਿੱਤਾ ਹੈ। ਇਸ ਵਾਰ ਇਫਤਾਰ ਦੀ ਦਾਵਤ ਦਾ ਵਾਈਟ ਹਾਊਸ ਵਿੱਚ ਆਯੋਜਨ ਨਹੀਂ ਕੀਤਾ ਗਿਆ। ਟਰੰਪ ਪ੍ਰਸ਼ਾਸਨ ਨੇ ਪੂਰੇ ਰਮਜਾਨ ਦੇ ਦੌਰਾਨ ਇੱਕ ਵੀ ਇਫਤਾਰ ਦੀ ਦਾਵਤ ਨਹੀਂ ਦਿੱਤੀ।
ਇਸ ਤੋਂ ਪਹਿਲਾਂ ਬਿਲ ਕਲਿੰਟਨ ਤੋਂ ਲੈ ਕੇ ਜਾਰਜ ਬੁਸ਼ ਅਤੇ ਓਬਾਮਾ ਦੇ ਕਾਰਜਕਾਲ ਦੌਰਾਨ ਹਰ ਸਾਲ ਇਹ ਪਰੰਪਰਾ ਨਿਭਾਈ ਜਾਂਦੀ ਰਹੀ ਹੈ। ਵਾਈਟ ਹਾਊਸ ਵਿੱਚ ਕਾਫੀ ਦਿਨ ਪਹਿਲਾਂ ਤੋਂ ਹੀ ਇਸ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਸਨ। ਰਾਸ਼ਟਰਪਤੀ ਜੈਫਰਸਨ ਦੇ ਕਾਰਜਕਾਲ ਦੌਰਾਨ 1805 ਵਿੱਚ ਪਹਿਲੀ ਵਾਰ ਰਮਜਾਨ ਵਿੱਚ ਇਫਤਾਰ ਦਾ ਆਯੋਜਨ ਕੀਤਾ ਗਿਆ ਸੀ। ਫਿਰ ਰਾਸ਼ਟਰਪਤੀ ਕਲਿੰਟਨ ਦੇ ਕਾਰਜਕਾਲ ਦੌਰਾਨ 1996 ਤੋਂ ਵਾਈਟ ਹਾਊਸ ਵਿੱਚ ਇਫਤਾਰ ਦੀ ਦਾਅਵਤ ਦੇਣ ਦੀ ਸਾਲਾਨਾ ਪਰੰਪਰਾ ਸ਼ੁਰੂ ਕੀਤੀ ਗਈ।
ਸੈਕਟਰੀ ਆਫ਼ ਸਟੇਟ ਰੇਕਸ ਟਿਲਰਸਨ ਸਬੰਧੀ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਇਸ ਵਾਰ ਵਾਈਟ ਹਾਊਸ ਵਿੱਚ ਇਫਤਾਰ ਦਾ ਆਯੋਜਨ ਨਹੀਂ ਕੀਤਾ ਜਾਵੇਗਾ। ਟਿਲਰਸਨ ਨੇ ਆਪਣੇ ਬਿਆਨ ਵਿੱਚ ਕਿਹਾ, ‘ ਈਦ ਰਮਜਾਨ ਦੇ ਸਮਾਪਤ ਹੋਣ ਤੇ ਹੀ ਮਨਾਇਆ ਜਾਂਦਾ ਹੈ। ਰਮਜਾਨ ਦੇ ਮਹੀਨੇ ਵਿੱਚ ਲੋਕ ਵਰਤ, ਪ੍ਰੇਅਰ, ਦਾਨ ਅਤੇ ਭਲਾਈ ਦੇ ਕੰਮ ਕਰਦੇ ਹਨ।’