ਨਵੀਂ ਦਿੱਲੀ – ਦੇਸ਼ ਦੀ ਮੰਨੀ-ਪ੍ਮੰਨੀ ਮਾਨਵਅਧਿਕਾਰ ਵਰਕਰ ਸ਼ਬਨਮ ਹਾਸ਼ਮੀ ਨੇ ਦੇਸ਼ ਵਿੱਚ ਹਾਲ ਹੀ ਵਿੱਚ ਭੀੜ ਦੁਆਰਾ ਹੋਈਆਂ ਹੱਤਿਆ ਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਆਪਣਾ ਰਾਸ਼ਟਰੀ ਘੱਟਗਿਣਤੀ ਅਧਿਕਾਰ ਅਵਾਰਡ ਵਾਪਿਸ ਕਰ ਦਿੱਤਾ ਹੈ। ਹਾਸ਼ਮੀ ਨੇ ਅਵਾਰਡ ਵਾਪਿਸ ਕਰਦੇ ਹੋਏ ਕਿਹਾ ਹੈ ਕਿ ਦੇਸ਼ ਵਿੱਚ ਡਰ ਅਤੇ ਆਤੰਕ ਦਾ ਮਾਹੌਲ ਵੱਧਦਾ ਜਾ ਰਿਹਾ ਹੈ।
ਰਾਸ਼ਟਰੀ ਘੱਟਗਿਣਤੀ ਕਮਿਸ਼ਨ ਨੇ 2008 ਵਿੱਚ ਹਾਸ਼ਮੀ ਨੂੰ ਇਸ ਅਵਾਰਡ ਨਾਲ ਸਨਮਾਨਿਤ ਕੀਤਾ ਸੀ। ਦੇਸ਼ ਵਿੱਚ ਮੌਜੂਦਾ ਹਾਲਾਤ ਅਤੇ ਹਿੰਸਾ ਦੀਆਂ ਘਟਨਾਵਾਂ ਦੇ ਲਈ ਕੇਂਦਰ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਸ਼ਬਨਮ ਹਾਸ਼ਮੀ ਨੇ ਕਿਹਾ ਕਿ ਵਰਤਮਾਨ ਕੇਂਦਰ ਸਰਕਾਰ ਦੇ ਅਧੀਨ ਘੱਟਗਿਣਤੀ ਵਰਗਾਂ ਨੂੰ ਹਾਸ਼ੀਏ ਤੇ ਧੱਕ ਦੇਣਾ ਆਮ ਜਿਹੀ ਗੱਲ ਹੁੰਦੀ ਜਾ ਰਹੀ ਹੈ। ਹਾਸ਼ਮੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਨੇ ਨਾ ਕੇਵਲ ਚੁੱਪੀ ਸਾਧੀ ਹੋਈ ਹੈ ਬਲਿਕ ਭੀੜ ਦੁਆਰਾ ਕੀਤੀਆਂ ਜਾ ਰਹੀਆਂ ਹੱਤਿਆਵਾਂ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ। ਸ਼ਬਨਮ ਨੇ ਘੱਟਗਿਣਤੀ ਕਮਿਊਨਿਟੀ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਅਤੇ ਉਹਨਾਂ ਦੇ ਸੰਵਿਧਾਨਿਕ ਅਧਿਕਾਰਾਂ ਦੀ ਰੱਖਿਆ ਦੀ ਦਿਸ਼ਾ ਵਿੱਚ ਉਤਸੁਕਤਾ ਨਾ ਵਿਖਾਉਣ ਕਰਕੇ ਰਾਸ਼ਟਰੀ ਘੱਟਗਿਣਤੀ ਕਮਿਸ਼ਨ ਤੇ ਵੀ ਤਿੱਖੇ ਵਾਰ ਕੀਤੇ।
ਹਾਸ਼ਮੀ ਨੇ ਕਮਿਸ਼ਨ ਦੇ ਪ੍ਰਧਾਨ ਦੇ ਉਸ ਵਿਵਾਦਤ ਬਿਆਨ ਦੀ ਵੀ ਸਖਤ ਆਲੋਚਨਾ ਕੀਤੀ, ਜਿਸ ਵਿੱਚ ਆਯੋਗ ਦੇ ਪ੍ਰਧਾਨ ਨੇ ਕਿਹਾ ਸੀ ਕਿ ਚੈਂਪੀਅਨ ਟਰਾਫੀ ਦੇ ਮਾਮਲੇ ਵਿੱਚ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਵਾਲੇ ਭਾਰਤੀਆਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ ਜਾਂ ਉਨ੍ਹਾਂ ਨੂੰ ਪਾਕਿਸਤਾਨ ਭੇਜ ਦੇਣਾ ਚਾਹੀਦਾ ਹੈ। ਹਾਸ਼ਮੀ ਨੇ ਇਹ ਵੀ ਕਿਹਾ ਕਿ ਕਮਿਸ਼ਨ ਅਤੇ ਵਰਤਮਾਨ ਸਰਕਾਰ ਘੱਟਗਿਣਤੀ ਕਮਿਉਨਿਟੀ ਨੂੰ ਸਨਮਾਨ ਅਤੇ ਸੁਰੱਖਿਆ ਦੇਣ ਵਿੱਚ ਅਸਫਲ ਰਹੀ ਹੈ।