ਨਵੀਂ ਦਿੱਲੀ – ਦੇਸ਼ ਵਿੱਚ ਜੀਐਸਟੀ ਲਾਗੂ ਕਰਨ ਸਬੰਧੀ ਜਿੱਥੇ ਕੇਂਦਰ ਸਰਕਾਰ ਵੱਲੋਂ ਡੀਂਗਾਂ ਮਾਰ ਕੇ ਇਸ ਨੂੰ ਇੱਕ ਵੱਡੀ ਉਪਲੱਭਦੀ ਦੱਸਿਆ ਜਾ ਰਿਹਾ ਹੈ, ਉਥੇ ਵਿਰੋਧੀ ਦਲਾਂ ਵੱਲੋਂ ਇਸ ਦਾ ਜਬਰਦਸਤ ਵਿਰੋਧ ਕਰਦੇ ਹੋਏ ਸੰਸਦ ਵਿੱਚ ਕੀਤੇ ਜਾ ਰਹੇ ਵੱਡੇ ਸਮਾਗਮ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਜੀਐਸਟੀ ਕਾਰਣ ਵਪਾਰੀ ਵਰਗ ਬਹੁਤ ਸ਼ਸ਼ੋਪੰਜ ਵਿੱਚ ਹੈ ਅਤੇ ਇਸ ਦੇ ਲਾਗੂ ਹੋਣ ਤੋਂ ਬਾਅਦ ਆਉਣ ਵਾਲੀਆਂ ਸਮਸਿਆਵਾਂ ਕਰਕੇ ਬਹੁਤ ਬੇਚੈਨੀ ਵਿੱਚ ਹੈ।
ਕਾਂਗਰਸ ਕਿਹਾ ਹੈ ਕਿ ਉਹ ਜੀਐਸਟੀ ਸਮਾਗਮ ਦਾ ਬਾਈਕਾਟ ਕਰਨਗੇ। ਸੰਸਦ ਭਵਨ ਦੇ ਸੈਂਟਰਲ ਹਾਲ ਵਿੱਚ ਅੱਜ ਤੱਕ ਸਿਰਫ਼ ਆਜ਼ਾਦੀ ਨਾਲ ਜੁੜੇ ਹੋਏ ਪ੍ਰੋਗਰਾਮ ਹੀ ਹੁੰਦੇ ਆਏ ਹਨ। ਭਾਜਪਾ ਨੇ ਆਜ਼ਾਦੀ ਦੇ ਅੰਦੋਲਨ ਵਿੱਚ ਭਾਗ ਨਹੀਂ ਲਿਆ ਇਸ ਲਈ ਉਸ ਨੂੰ ਇਸ ਦੀ ਕੋਈ ਕਦਰ ਨਹੀਂ ਹੈ। ਕਾਂਗਰਸ ਨੇ ਕਿਹਾ ਕਿ ਹੁਣ ਤੱਕ 1947 ਵਿੱਚ ਮਿਲੀ ਆਜ਼ਾਦੀ, 1972 ਵਿੱਚ ਆਜ਼ਾਦੀ ਦੀ ਸਿਲਵਰ ਜੁਬਲੀ ਅਤੇ 1997 ਵਿੱਚ ਆਜ਼ਾਦੀ ਦੀ ਗੋਲਡਨ ਜੁਬਲੀ ਦੇ ਸਮਾਗਮ ਹੀ ਅੱਧੀ ਰਾਤ ਨੂੰ ਸੰਸਦ ਦੇ ਸੈਂਟਰਲ ਹਾਲ ਵਿੱਚ ਹੋਏ ਸਨ। ਕਾਂਗਰਸ ਨੇ ਬੀਜੇਪੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬੀਜੇਪੀ ਨੇ ਆਜ਼ਾਦੀ ਦੇ ਅੰਦੋਲਨਾਂ ਵਿੱਚ ਹਿੱਸਾ ਨਹੀਂ ਲਿਆ, ਇਸ ਕਰਕੇ ਹੀ ਉਸ ਨੂੰ ਆਜ਼ਾਦੀ ਦੀ ਕੀਮਤ ਦਾ ਕੁਝ ਵੀ ਪਤਾ ਨਹੀਂ ਹੈ, ਪਰ ਕਾਂਗਰਸ ਅਤੇ ਹੋਰ ਵਿਰੋਧੀ ਦਲਾਂ ਨੂੰ ਇਸ ਦੀ ਅਹਿਮੀਅਤ ਦਾ ਪਤਾ ਹੈ।
ਜੀਐਸਟੀ ਦੇ ਵਿਰੋਧ ਵਿੱਚ ਸ਼ੁਕਰਵਾਰ ਨੂੰ ਦੇਸ਼ਭਰ ਵਿੱਚ ਵੱਖ-ਵੱਖ ਸੰਗਠਨਾਂ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਭਾਰਤੀ ਉਦਯੋਗ ਮੰਡਲ ਦਾ ਦਾਅਵਾ ਹੈ ਕਿ 17 ਹਜ਼ਾਰ ਸੰਗਠਨ ਇਸ ਦਿਨ ਕੰਮ ਬੰਦ ਰੱਖਣਗੇ।