ਲੁਧਿਆਣਾ – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ ਵਿਚ 29 ਜੂਨ ਦਿਨ ਵੀਰਵਾਰ ਨੂੰ ਹਫ਼ਤਾਵਾਰੀ ਸਟੱਡੀ ਸਰਕਲ ਆਯੋਜਤ ਕੀਤਾ ਗਿਆ। ਅੱਜ ਦਾ ਵਿਸ਼ਾ “ਗੁਰੂ ਨਾਨਕ ਦੇਵ ਜੀ ਦੀ ਫ਼ਿਲਾਸਫ਼ੀ” ਸੀ। ਸਿੱਖ ਪੰਥ ਦੇ ਮਹਾਨ ਚਿੰਤਕ ਪ੍ਰੋ: ਅਵਤਾਰ ਸਿੰਘ ਜੀ ਜੋ ਰਾਮਗੜ੍ਹੀਆ ਕਾਲਜ, ਫਗਵਾੜਾ ਵਿਚ ਸੇਵਾ ਨਿਭਾ ਰਹੇ ਹਨ, ਹੁਰਾਂ ਆਪਣੇ ਵਡਮੁੱਲੇ ਵਿਚਾਰ, ਵਿਦਵਾਨ ਸਰੋਤਿਆਂ ਨਾਲ ਸਾਂਝੇ ਕੀਤੇ। ਉਹਨਾਂ ਕਿਹਾ ਕਿ ਨਿਊਟਨ, ਆਪਣੀ ਗੌਰਵਮਈ ਖੋਜ ਕਰਕੇ ਹੀ, ਲੋਕਾਂ ਦੀ ਨਜ਼ਰ ਵਿਚ ਆਇਆ। ਉਸ ਦੇ ਨਿੱਜੀ ਜੀਵਨ ਬਾਰੇ ਕਿਸੇ ਨੂੰ ਕੋਈ ਸਰੋਕਾਰ ਨਹੀਂ ਹੈ। ਉਹਨਾਂ ਦੇ ਕਹਿਣ ਮੁਤਾਬਿਕ ਸ੍ਰ: ਕਪੂਰ ਸਿੰਘ ਆਈ.ਸੀ.ਐਸ. ਹੁਰਾਂ ਕਿਹਾ ਸੀ ਕਿ ਅਸਾਂ ਮੁਗਲਾਂ ਤੇ ਗੋਰਿਆਂ ਦਾ ਮੁਕਾਬਲਾ ਤਾਂ ਡੱਟ ਕੇ ਕੀਤਾ ਪਰ ਆਧੁਨਿਕਤਾ ਅੱਗੇ ਅਸਾਂ ਗੋਡੇ ਟੇਕ ਦਿੱਤੇ। ਜੀਵਨਸ਼ੈਲੀ, ਪਹਿਰਾਵਾ ਤੇ ਪੜ੍ਹਾਈ ਅਪਣਾ ਲਈ। ਉਹਨਾਂ ਨਿਰੰਕਾਰ ਅਤੇ ਨਿਰਾਕਾਰ ਬਾਰੇ ਦੱਸਦਿਆਂ ਕਿਹਾ ਕਿ ਸੰਸਾਰ ਅਕਾਰ ਹੈ ਪ੍ਰਭੂ ਨਿਰੰਕਾਰ ਹੈ। ਨਿਰਅਕਾਰ ਤੇ ਅਕਾਰ ਦਾ ਰਿਸ਼ਤਾ ਕੀ ਹੈ? ਅਕਾਰ ਵਿਚ ਰੂਪ ਅੱਡੋ ਅੱਡ ਹਨ ਇਹ ਜੋੜਿਆਂ ਦੇ ਰੂਪ ਵਿਚ ਹਨ ਜਿਵੇਂ ਦਿਨ-ਰਾਤ ਮੀਆਂ-ਬੀਵੀ ਦੁੱਖ-ਸੁੱਖ। ਇਹਨਾਂ ਨੂੰ ਆਪਸੀ ਵਿਰੋਧੀ ਨਾ ਸਮਝਿਆ ਜਾਵੇ ਸਗੋਂ ਇਹ ਆਪਸੀ ਸਹਿਯੋਗੀ ਹਨ। ਉਹਨਾਂ ਸਾਮੀ ਤੇ ਆਰੀਆ ਖਿੱਤੇ ਦੇ ਵੱਖਰੇ ਵੱਖਰੇ ਵਿਚਾਰਾਂ ਤੋਂ ਜਾਣੂੰ ਕਰਵਾਇਆ। ਉਹਨਾਂ ਕਿਹਾ ਸਾਮੀ ਪੈਗ਼ੰਬਰ ਨੂੰ ਰੱਬ ਨਹੀਂ ਕਹਿੰਦੇ। ਹਜ਼ਰਤ ਮੁਹੰਮਦ ਸਾਹਿਬ ਨੂੰ ਅੱਲ੍ਹਾ ਨਹੀਂ ਕਿਹਾ ਜਾ ਸਕਦਾ। ਰੱਬ ਦਾ ਪੁੱਤਰ ਕਿਹਾ ਜਾ ਸਕਦਾ ਹੈ। ਪਰ ਆਰੀਆ ਵਿਚ ਬੰਦਾ ਨਹੀਂ, ਅਵਤਾਰ ਕਹਿੰਦੇ ਹਨ। ਪੱਛਮ ਵਿਚ ਦੋ ਹੀ ਜਮਾਤਾਂ ਹਨ ਅਮੀਰ ਤੇ ਗਰੀਬ। ਪਰ ਪੂਰਬ ਵਿਚ ਮਨੂੰ ਸਿਮਰਤੀ ਸਦਕਾ ਏਥੇ ਜਾਤਾਂ ਵਿਚ ਵੰਡਿਆ ਹੋਇਆ ਹੈ, ਚਾਰ ਵਰਣ ਹਨ। ਗੁਰੂ ਜੀ ਨੇ ਚਹੁੰ ਵਰਨਾਂ ਨੂੰ ਸਾਂਝਾ ਉਪਦੇਸ਼ ਦਿੱਤਾ ਹੈ। ਬਾਣੀ ਵਿਚ ਵੀ ਸਾਰੀਆਂ ਭਾਸ਼ਾਵਾਂ ਵਰਤੀਆਂ ਹਨ।
ਇਸ ਵਿਦਵਤਾ ਅਤੇ ਖੋਜ ਭਰਪੂਰ ਵਿਚਾਰਾਂ ਨੂੰ ਆਏ ਵਿਦਵਾਨਾਂ ਨੇ ਨਿੱਠ ਕੇ ਸੁਣਿਆ। ਸਮੇਂ ਦੀਆਂ ਹੱਦਾਂ ਮੁੱਕਣ ਕਰਕੇ, ਪੰਦਰਾਂ ਦਿਨ ਬਾਅਦ ਇਸ ਨੂੰ ਅੱਗੇ ਤੋਰਨ ਲਈ ਪ੍ਰੋ: ਅਵਤਾਰ ਸਿੰਘ ਹੁਰਾਂ ਨੂੰ ਬੇਨਤੀ ਕੀਤੀ ਗਈ, ਜੋ ਉਹਨਾਂ ਪ੍ਰਵਾਨ ਕਰ ਲਈ। ਹਾਜ਼ਰ ਵਿਦਵਾਨਾਂ ਵਿਚ ਸ੍ਰ: ਜੁਗਿੰਦਰ ਸਿੰਘ, ਸ੍ਰ: ਪ੍ਰਤਾਪ ਸਿੰਘ, ਸ੍ਰ: ਗੁਰਮੀਤ ਸਿੰਘ, ਸ੍ਰ: ਜਤਿੰਦਰਪਾਲ ਸਿੰਘ, ਡਾ: ਬਲਵਿੰਦਰਪਾਲ ਸਿੰਘ, ਡਾ: ਸਰਬਜੋਤ ਕੌਰ, ਡਾ: ਪ੍ਰਮਜੀਤ ਸਿੰਘ, ਡਾ: ਗੁਰਸੰਗਤਪਾਲ ਸਿੰਘ, ਡਾ: ਜਸਵੰਤ ਸਿੰਘ, ਕਵੀ ਹਰਦੇਵ ਸਿੰਘ, ਕਵੀ ਗੁਰਨਾਮ ਸਿੰਘ ਕੋਮਲ, ਸ੍ਰੀ ਰਵਿੰਦਰ ਦੀਵਾਨਾ, ਕੁਲਵਿੰਦਰ ਮਹਿਕ, ਕੁਲਵਿੰਦਰ ਕਿਰਨ, ਸ੍ਰ: ਇਕਬਾਲ ਸਿੰਘ ਆਦਿ ਹਾਜ਼ਰ ਸਨ। ਪ੍ਰਿੰ: ਸਤਿਨਾਮ ਸਿੰਘ ਕੋਮਲ ਹੁਰਾਂ ਮੁਖ ਬੁਲਾਰੇ ਦੀ ਜਾਣ ਪਛਾਣ ਕਰਵਾਈ। ਕੋਆਰਡੀਨੇਟਰ ਪ੍ਰਿੰ: ਹਰੀ ਸਿੰਘ ਹੁਰਾਂ ਆਏ ਵਿਦਵਾਨਾਂ ਦਾ ਧੰਨਵਾਦ ਕੀਤਾ।