ਲਾਸ ਏਂਜ਼ਲਸ – ਅਮਰੀਕਾ ਦੇ ਸ਼ਹਿਰ ਲਾਸ ਏਂਜ਼ਲਸ ਵਿੱਚ ਪ੍ਰਦਰਸ਼ਨਕਾਰੀਆਂ ਨੇ ‘ਟਰੰਪ ਹਟਾਓ’ ਦੇ ਨਾਅਰੇ ਲਗਾਏ। ਅਮਰੀਕੀ ਰਾਸ਼ਟਰਪਤੀ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਵਿਖਾਵਾਕਾਰੀਆਂ ਨੇ ਕਾਂਗਰਸ ਤੋਂ ਇਹ ਮੰਗ ਕੀਤੀ ਕਿ ਰਾਸ਼ਟਰਪਤੀ ਨੂੰ ਇਮਪੀਚ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ।
ਰਾਸ਼ਟਰਪਤੀ ਟਰੰਪ ਦੇ ਖਿਲਾਫ਼ ਅਮਰੀਕਾ ਦੇ 46 ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਗਏ, ਪਰ ਸੱਭ ਤੋਂ ਵੱਧ ਭੀੜ ਲਾਸ ਏਂਜ਼ਲਸ ਸ਼ਹਿਰ ਵਿੱਚ ਇੱਕਠੀ ਹੋਈ। ਇੱਥੇ ਦਸ ਹਜ਼ਾਰ ਲੋਕਾਂ ਨੇ ‘ਟਰੰਪ ਹਟਾਓ’ ਦੇ ਨਾਅਰੇ ਲਗਾਏ। ਐਲਏ ਵਿੱਚ ਇਸ ਤੋਂ ਪਹਿਲਾਂ ਕਦੇ ਵੀ ਏਨੀ ਭੀੜ ਇੱਕਠੀ ਨਹੀਂ ਹੋਈ। ਭੀੜ ਵਿੱਚ ਸ਼ਾਮਿਲ ਲੋਕਾਂ ਦਾ ਕਹਿਣਾ ਸੀ ਕਿ ਟਰੰਪ ਨੇ ਨਾ ਕੇਵਲ ਨਿਆਂ ਪ੍ਰਕਿਰਿਆ ਵਿੱਚ ਰੁਕਾਵਟ ਪਾਉਣ ਦਾ ਕੰਮ ਕੀਤਾ, ਸਗੋਂ ਦੇਸ਼ ਦੀ ਸੰਪਰਭੁਤਾ ਨੂੰ ਲੈ ਕੇ ਵੀ ਸਮਝੌਤਾ ਕੀਤਾ ਹੈ।
ਰਾਸ਼ਟਰਪਤੀ ਚੋਣਾਂ ਦੌਰਾਨ ਰੂਸ ਦੀ ਮੱਦਦ ਲੈਣ ਸਬੰਧੀ ਟਰੰਪ ਅਤੇ ਉਨ੍ਹਾਂ ਦੇ ਸਮੱਰਥਕਾਂ ਬਾਰੇ ਪਹਿਲਾਂ ਤੋਂ ਹੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਟਰੰਪ ਨੇ ਹੁਣ ਤੱਕ ਜੋ ਵੀ ਫ਼ੈਂਸਲੇ ਲਏ ਹਨ ਉਹ ਨਾ ਕੇਵਲ ਆਪਣੇ ਆਪ ਨੂੰ ਬਲਿਕ ਆਪਣੇ ਪੂੰਜੀਪਤੀ ਸਾਥੀਆਂ ਨੂੰ ਵੀ ਲਾਭ ਪਹੁੰਚਾਉਣ ਵਾਲੇ ਹਨ।