ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਗੁਰੂ ਰਾਮਦਾਸ ਵਿਖੇ ਲੰਗਰ ਤਿਆਰ ਕਰਦਿਆਂ ਕੜਾਹੇ ਵਿਚ ਡਿੱਗਣ ਕਾਰਨ ਝੁਲਸੇ ਸੇਵਾਦਾਰ ਦੇ ਇਲਾਜ ਵਿਚ ਕਿਸੇ ਕਿਸਮ ਦੀ ਵੀ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਉਸਦਾ ਸਾਰਾ ਇਲਾਜ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ ਜਾਵੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਜ਼ੇਰੇ ਇਲਾਜ ਸੇਵਾਦਾਰ ਸ। ਚਰਨਜੀਤ ਸਿੰਘ ਦਾ ਹਾਲਚਾਲ ਜਾਨਣ ਸਮੇਂ ਕੀਤਾ। ਉਨ੍ਹਾਂ ਇਸ ਮੌਕੇ ਸ. ਚਰਨਜੀਤ ਸਿੰਘ ਦੇ ਪਰਿਵਾਰ ਨੂੰ ੨੫ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਅਤੇ ਉਸਦੇ ਪੁੱਤਰ ਨੂੰ ਨੌਕਰੀ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਸ. ਚਰਨਜੀਤ ਸਿੰਘ ਦੇ ਇਲਾਜ ‘ਤੇ ਜਿਨਾਂ ਵੀ ਖਰਚ ਆਵੇਗਾ ਉਹ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਵੇਗਾ। ਪ੍ਰੋ: ਬਡੂੰਗਰ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਇਸ ਔਖੇ ਸਮੇਂ ਵਿਚ ਪ੍ਰਭਾਵਿਤ ਪਰਿਵਾਰ ਦੇ ਨਾਲ ਹੈ ਅਤੇ ਉਨ੍ਹਾਂ ਦੀ ਮਦਦ ਲਈ ਹਰ ਸਹਾਇਤਾ ਲਈ ਵਚਨਬੱਧ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਹਸਪਤਾਲ ਦੇ ਸੁਪ੍ਰਿੰਟੈਂਡੈਂਟ ਡਾ. ਬਲਜੀਤ ਸਿੰਘ ਸੁਪ੍ਰਿੰਟੈਂਡੈਂਟ ਤੇ ਡਾਕਟਰਾਂ ਪਾਸੋਂ ਉਸਦੀ ਮੌਜੂਦਾ ਹਾਲਤ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਸਬੰਧਤ ਸੇਵਾਦਾਰ ਦੇ ਵਧੀਆ ਇਲਾਜ ਸਬੰਧੀ ਹਦਾਇਤ ਵੀ ਕੀਤੀ। ਇਸ ਮੌਕੇ ਡਾ. ਬਲਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਦੱਸਿਆ ਕਿ ਅਜਿਹੇ ਕੇਸ ਵਿਚ ਪਹਿਲੇ ੪੮ ਘੰਟੇ ਦਾ ਸਮਾਂ ਬਹੁਤ ਨਾਜ਼ੁਕ ਹੁੰਦਾ ਹੈ ਜਦਕਿ ਇਹ ਸਮਾਂ ਬੀਤ ਚੁੱਕਣ ਕਾਰਨ ਸ. ਚਰਨਜੀਤ ਸਿੰਘ ਦੀ ਸਿਹਤ ਵਿਚ ਸੁਧਾਰ ਹੋਣ ਦੀ ਦਰ ਵਧ ਗਈ ਹੈ।