ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਿੱਕਮ ਦੇ ਰਾਜਪਾਲ ਸ਼੍ਰੀਨਿਵਾਸ ਪਾਟਿਲ ਅਤੇ ਮੁੱਖ ਮੰਤਰੀ ਸ਼੍ਰੀ ਪਵਨ ਕੁਮਾਰ ਚਾਮਲਿੰਗ ਨੂੰ ਪੱਤਰ ਲਿਖ ਕੇ ਸਿੱਕਮ ਵਿਖੇ ਗੁਰੂ ਡੋਂਗਮਰ ਅਤੇ ਚੁੰਗ ਥਾਂਗ ਸਥਿਤ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਦੋ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਵਿਚ ਗੁਰ ਮਰਯਾਦਾ ਦੀ ਹੋ ਰਹੀ ਉਲੰਘਣਾ ਵੱਲ ਉਨ੍ਹਾਂ ਧਿਆਨ ਦਿਵਾਉਂਦਿਆਂ ਗੁਰੂਘਰਾਂ ਦਾ ਪ੍ਰਬੰਧ ਸਥਾਨਕ ਸਿੱਖਾਂ ਨੂੰ ਦੇਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜਾਣਕਾਰੀ ਅਨੁਸਾਰ ਗੁਰੂ ਡੋਂਗਮਰ ਸਥਿਤ ਗੁਰਦੁਆਰਾ ਸਾਹਿਬ ਦੀ ਇਮਾਰਤ ਪੂਰੀ ਤਰ੍ਹਾਂ ਬਦਲ ਦਿੱਤੀ ਗਈ ਹੈ ਅਤੇ ਇਸ ਨੂੰ ਬੁੱਧ ਅਸਥਾਨ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਨਜਦੀਕ ਮੂਰਤੀਆਂ ਦੀ ਸਥਾਪਨਾ ਕਰ ਦਿੱਤੀ ਗਈ ਹੈ ਅਤੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਤੋਂ ਰੋਕਿਆ ਜਾਂਦਾ ਹੈ। ਇਥੇ ਸੁਸ਼ੋਭਿਤ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਵੀ ਸਿੱਖਾਂ ਨੂੰ ਦਰਸ਼ਨ ਨਹੀਂ ਕਰਨ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜ ਰਹੀ ਹੈ। ਉਨ੍ਹਾਂ ਲਿਖਿਆ ਕਿ ਆਪਣੇ ਗੁਰੂ ਸਾਹਿਬ ਦੀ ਯਾਦ ਨਾਲ ਜੁੜੇ ਅਸਥਾਨ ਸਿੱਖਾਂ ਲਈ ਬੇਹੱਦ ਸਤਿਕਾਰਤ ਹਨ, ਜਿਨ੍ਹਾਂ ਦੀ ਸੇਵਾ ਸੰਭਾਲ ਸਿੱਖ ਪੂਰਨ ਗੁਰ ਮਾਯਾਦਾ ਤੇ ਸ਼ਰਧਾ-ਸਤਿਕਾਰ ਨਾਲ ਕਰਨਾ ਲੋਚਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਵਿਚ ਇੱਕ ਦੂਸਰੇ ਪ੍ਰਤੀ ਸਤਿਕਾਰ ਦੀ ਭਾਵਨਾ ਹੋਣੀ ਚਾਹੀਦੀ ਹੈ। ਇਸ ਲਈ ਗੁਰਦੁਆਰਾ ਸਾਹਿਬਾਨ ਅੰਦਰ ਸਿੱਖ ਮਰਯਾਦਾ ਦੀ ਬਹਾਲੀ ਲਈ ਇਨ੍ਹਾਂ ਦਾ ਪ੍ਰਬੰਧ ਸਥਾਨਕ ਸਿੱਖਾਂ ਨੂੰ ਸੌਂਪਿਆ ਜਾਵੇ। ਉਨ੍ਹਾਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕਰਦਿਆਂ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਤਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਸਿੱਕਮ ‘ਚ ਸਥਿਤ ਇਤਿਹਾਸਿਕ ਗੁਰ ਅਸਥਾਨਾਂ ਦਾ ਪ੍ਰਬੰਧ ਸਥਾਨਕ ਸਿੱਖਾਂ ਨੂੰ ਦੇਣ ਦੀ ਮੰਗ
This entry was posted in ਪੰਜਾਬ.