ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸਾਈ ਧਰਮ ਦੇ ਪ੍ਰਚਾਰਕਾਂ ਨੂੰ ਆਪਣੇ ਦਾਇਰੇ ’ਚ ਰਹਿਣ ਦੀ ਚੇਤਾਵਨੀ ਦਿੱਤੀ ਹੈ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਪੰਜਾਬ ਵਿਖੇ ਇਸਾਈ ਪ੍ਰਚਾਰਕਾਂ ਦੀਆਂ ਵੱਧ ਰਹੀਆਂ ਆਪਹੁਦਰੀਆਂ ਹਰਕਤਾਂ ’ਤੇ ਲਗਾਮ ਲਗਾਉਣ ਦੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ।
ਦਰਅਸਲ ਬੀਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਇਸਾਈ ਪ੍ਰਚਾਰਕਾਂ ਅਤੇ ਸਿੱਖ ਸੰਗਤ ’ਚ ਚਲ ਰਹੀ ਜੁਬਾਨੀ ਜੰਗ ਤੋਂ ਬਾਅਦ ਕੱਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਕੁਝ ਕੋਰਿਆ ਤੋਂ ਆਈਆਂ ਮਹਿਲਾ ਸੈਲਾਨੀਆ ਵੱਲੋਂ ਇਸਾਈ ਮਤ ਦੇ ਪ੍ਰਚਾਰ ਦੇ ਪਰਚੇ ਵੰਡਣ ਉਪਰੰਤ ਅੱਜ ਜਾਰੀ ਹੋਇਆ ਕੁਲਮੋਹਨ ਸਿੰਘ ਦਾ ਬਿਆਨ ਅਹਿਮ ਹੋ ਜਾਂਦਾ ਹੈ।
ਕੁਲਮੋਹਨ ਸਿੰਘ ਨੇ ਇਸਾਈ ਪ੍ਰਚਾਰਕਾਂ ਵੱਲੋਂ ਕਈ ਦਿਨਾਂ ਤੋਂ ਗੁਰਬਾਣੀ ਦੀ ਆਪਣੀ ਬੁੱਧ ਅਨੁਸਾਰ ਕੀਤੀ ਜਾ ਰਹੀ ਵਿਆਖਿਆ ਨੂੰ ਨਾ ਬਰਦਾਸ਼ਤਯੋਗ ਦੱਸਦੇ ਹੋਏ ਸਾਫ਼ ਕਿਹਾ ਕਿ ਗੁਰਬਾਣੀ ਦੀ ਗਲਤ ਅਰਥਾਂ ਨਾਲ ਦੁਰਵਰਤੋ ਅਤੇ ਗੁਰੂ ਸਾਹਿਬ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋ ਰਾਹੀਂ, ਸਿੱਖ ਸਿਧਾਂਤਾ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਛੋਟ ਨਹੀਂ ਦਿੱਤੀ ਜਾ ਸਕਦੀ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ‘‘ਸਚਿਆਰ’’ ਬਣਨ ਦਾ ਉਪਦੇਸ਼ ਦਿੱਤਾ ਹੈ। ਗੁਰੂ ਸਾਹਿਬ ਨੇ ਦੂਜੇ ਧਰਮਾਂ ਦੇ ਲੋਕਾਂ ਨੂੰ ਸਿੱਖ ਧਰਮ ਦਾ ਅੰਗ ਬਣਨ ਲਈ ਕਦੇ ਵੀ ਨਹੀਂ ਪ੍ਰੇਰਿਆ ਸੀ ਸਗੋਂ ਆਪਣੇ ਧਰਮ ’ਚ ਰਹਿੰਦੇ ਹੋਏ ਆਪਣੇ ਧਾਰਮਿਕ ਮਤ ਅਨੁਸਾਰ ‘‘ਸੱਚ ਅਤੇ ਹੱਕ’’ ਦਾ ਜਨੇਊ ਧਾਰਣ ਕਰਨ ਤੇ ਚੰਗਾ ਨਮਾਜ਼ੀ ਬਣਨ ਦੀ ਸਮਾਜ ਨੂੰ ਸੇਧ ਦਿੱਤੀ ਸੀ। ਗੁਰੂ ਸਾਹਿਬ ਦਾ ਨਿਸ਼ਾਨਾ ਧਰਮ ਪਰਿਵਰਤਨ ਨਹੀਂ ਸਗੋਂ ਸਮਾਜ ਪਰਿਵਰਤਨ ਸੀ।
ਉਨ੍ਹਾਂ ਕਿਹਾ ਕਿ ਇਸਾਈ ਪ੍ਰਚਾਰਕਾਂ ਦੀ ਕਾਰਜਸ਼ੈਲੀ ਨੂੰ ਲੈ ਕੇ ਹੈਰਾਨੀ ਹੁੰਦੀ ਹੈ ਕਿ ਉਹ ਸਿੱਖਾਂ ਨੂੰ ਗੁਰੂਆਂ ਦੀ ਧਰਤੀ ਪੰਜਾਬ ’ਤੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋਏ ਗਰੀਬ ਅਤੇ ਲਾਚਾਰ ਲੋਕਾਂ ਨੂੰ ਗੁਮਰਾਹ ਕਰਕੇ ਧਰਮ ਪਰਿਵਰਤਨ ਵਰਗਾ ਗੁਨਾਹ ਕਰਨ ਦੀ ਗੁਸ਼ਤਾਖੀ ਕਰ ਰਹੇ ਹਨ।
ਕੁਲਮੋਹਨ ਸਿੰਘ ਨੇ ਕਿਹਾ ਕਿ ਇੱਕ ਪਾਸੇ ਸਾਡੇ ਕੋਲ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਤਿਲਕ ਅਤੇ ਜਨੇਊ ਦੀ ਰੱਖਿਆ ਲਈ ਆਪਣਾ ਸੀਸ ਕੁਰਬਾਨ ਕਰਨ ਜਿਹਾ ਮਾਣਮੱਤਾ ਇਤਿਹਾਸ ਹੈ ਅਤੇ ਦੂਜੇ ਪਾਸੇ ਇਸਾਈ ਪ੍ਰਚਾਰਕ ਸਾਡੇ ਹੀ ਲੋਕਾਂ ਨੂੰ ਧਰਮ ਦੀ ਲੀਹੋ ਲਾਹੁਣ ਨੂੰ ਤਰਲੋਮੱਛੀ ਹੋਏ ਲੱਗਦੇ ਹਨ।