ਨਵੀਂ ਦਿੱਲੀ : ਜੰਮੂ ਕਸ਼ਮੀਰ ਦੀ ਮੁਖਮੰਤਰੀ ਬੀਬੀ ਮਹਿਬੂਬਾ ਮੁਫ਼ਤੀ ਵੱਲੋਂ ਸੂਬੇ ਦੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਨੂੰ ਮੁੜ ਤੋਂ ਲਾਗੂ ਕਰਨ ਦੇ ਕੀਤੇ ਗਏ ਐਲਾਨ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੁਸ਼ੀ ਜਾਹਿਰ ਕੀਤੀ ਹੈ। ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਨੇ ਸੂਬਾ ਸਰਕਾਰ ਦੇ ਫੈਸਲੇ ਨੂੰ ਪੰਜਾਬੀਆਂ ਦੀ ਜਿੱਤ ਦੱਸਿਆ ਹੈ। ਬੀਤੇ ਦਿਨੀਂ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਹਟਾ ਕੇ ਕਸ਼ਮੀਰੀ, ਡੋਗਰੀ ਅਤੇ ਬੋਧੀ ਭਾਸ਼ਾਵਾਂ ਨੂੰ ਸਕੂਲਾਂ ’ਚ ਜਰੂਰੀ ਵਿਸ਼ੇ ਵੱਜੋਂ ਪੜਾਉਣ ਦਾ ਤੁਗਲਕੀ ਫੁਰਮਾਨ ਜਾਰੀ ਕੀਤਾ ਸੀ। ਜਿਸ ’ਤੇ ਵਿਰੋਧ ਦਰਜ਼ ਕਰਵਾਉਂਦੇ ਹੋਏ ਕਾਲਕਾ ਵੱਲੋਂ 23 ਜੂਨ 2017 ਨੂੰ ਮੁਖਮੰਤਰੀ ਕੋਲ ਇਤਰਾਜ਼ ਪੱਤਰ ਭੇਜਿਆ ਗਿਆ ਸੀ।
ਕਾਲਕਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਮੁੜ ਸਕੂਲਾਂ ਵਿਚ ਲਾਗੂ ਕਰਨਾ ਸੂਬੇ ਵਿਚ ਵਸਦੇ 2.5 ਲੱਖ ਸਿੱਖਾਂ ਦੀ ਭਾਵਨਾਵਾਂ ਦੀ ਜਿੱਤ ਹੈ। ਕਿਉਂਕਿ 2011 ਦੀ ਮਰਦਮਸ਼ੁਮਾਰੀ ਅਨੁਸਾਰੀ ਜੰਮੂ, ਕਠੂਆ, ਸਾਂਬਾ, ਰਾਜੌਰੀ, ਬਾਰਾਮੂਲਾ, ਪੁੰਛ ਅਤੇ ਪੁਲਵਾਮਾ ਜਿਲ੍ਹਿਆਂ ਵਿਚ ਸਿੱਖ ਵੱਡੀ ਤਦਾਦ ’ਚ ਰਹਿੰਦੇ ਹਨ। ਇਸਤੋਂ ਪਹਿਲਾ ਭੇਜੇ ਪੱਤਰ ’ਚ ਕਾਲਕਾ ਨੇ ਸੂਬਾ ਸਰਕਾਰ ਦੇ ਫੈਸਲੇ ਨੂੰ ਸਿਆਸੀ ਫਾਇਦੇ ਲਈ ਭਾਸ਼ਾ ਦੇ ਆਧਾਰ ’ਤੇ ਸੂਬੇ ਦੀ ਵੰਡ ਕਰਾਰ ਦਿੰਦੇ ਹੋਏ ਸਰਕਾਰੀ ਫੁਰਮਾਨ ਵਾਪਿਸ ਨਾ ਲੈਣ ਦੇ ਹਾਲਾਤ ’ਚ ਕਮੇਟੀ ਵੱਲੋਂ ਮੋਰਚਾ ਲਾਉਣ ਦੀ ਵੀ ਚੇਤਾਵਨੀ ਦਿੱਤੀ ਸੀ। ਕਿਉਕਿ ਮਰਦਮਸ਼ੁਮਾਰੀ ਅਨੁਸਾਰ ਸਿੱਖਾਂ ਦੀ ਗਿਣਤੀ 1.87 ਫੀਸਦੀ ਹੋਣ ਦੇ ਬਾਵਜੂਦ ਸਰਕਾਰ ਨੇ ਜੰਮੂ, ਕਸ਼ਮੀਰ ਅਤੇ ਲੱਦਾਖ ਖੇਤਰ ਦੀਆਂ ਸਥਾਨਕ ਭਾਸ਼ਾਵਾਂ ਨੂੰ ਤਵੱਜੋਂ ਦੇ ਕੇ ਸੂਬੇ ਭਰ ਵਿਚ ਫੈਲੇ ਸਿੱਖਾਂ ਨੂੰ ਨਜ਼ਰਅੰਦਾਜ ਕੀਤਾ ਸੀ।