ਨਵੀਂ ਦਿੱਲੀ : ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਬਣਨ ਵਾਲੀ ਯੂਨੀਵਰਸਿਟੀ ਦੇ ਕਾਰਜਾਂ ’ਚ ਪਾਕਿਸਤਾਨ ਉਕਾਫ ਬੋਰਡ ਵੱਲੋਂ ਵਰਤੀ ਜਾ ਰਹੀ ਢਿੱਲਾਈ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬੀਤੇ ਦੱਸ ਸਾਲਾਂ ਵਿਚ ਯੂਨੀਵਰਸਿਟੀ ਬਣਨ ਦੀ ਥਾਂ ’ਚ ਤਿੰਨ ਵਾਰ ਹੋਈ ਤਬਦੀਲੀ ਨੂੰ ਬੋਰਡ ਦੀ ਕਾਰਗੁਜਾਰੀ ਨਾਲ ਜੋੜਿਆ ਹੈ।
ਜੀ.ਕੇ. ਨੇ ਜੋਰ ਦੇ ਕੇ ਕਿਹਾ ਕਿ 2019 ’ਚ ਗੁਰੂ ਸਾਹਿਬ ਦੇ ਆ ਰਹੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਉਕਤ ਯੂਨੀਵਰਸਿਟੀ ਦਾ ਸ਼ੁਰੂ ਹੋਣਾ ਸਿੱਖ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਵਰਗਾ ਹੈ ਪਰ ਦੇਖਣ ਵਿਚ ਆਇਆ ਹੈ ਕਿ 2007 ਤੋਂ ਯੂਨੀਵਰਸਿਟੀ ਬਣਾਉਣ ਦੇ ਹੋਏ ਐਲਾਨ ਦੇ ਬਾਵਜੂਦ 2017 ਤਕ ਯੌਗ ਥਾਂ ਦੀ ਭਾਲ ਕਰਨ ਵਿਚ ਪਾਕਿਸਤਾਨ ਸਰਕਾਰ ਨੂੰ ਕਾਮਯਾਬੀ ਨਹੀਂ ਮਿਲੀ। ਹਾਲਾਂਕਿ ਪਹਿਲੇ ਯੂਨੀਵਰਸਿਟੀ ਲਈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਵੱਲੋਂ 2008 ’ਚ ਬੋਰਡ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਥਾਂ ਦੀ ਪ੍ਰਾਪਤੀ ਲਈ ਆਦੇਸ਼ ਦਿੱਤੇ ਗਏ ਸਨ।
ਜੀ.ਕੇ. ਨੇ ਦੱਸਿਆ ਕਿ ਯੂਨੀਵਰਸਿਟੀ ਦਾ ਨੀਂਹ ਪੱਥਰ 2016 ਵਿਚ ਮੌਜੂਦਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵੱਲੋਂ ਰੱਖੇ ਜਾਣ ਦਾ ਪ੍ਰੋਗਰਾਮ ਤੈਅ ਹੋਣ ਦੇ ਬਾਵਜੂਦ ਸਥਾਨਿਕ ਵਕੀਲਾਂ ਦੇ ਵਿਰੋਧ ਕਰਕੇ ਬੋਰਡ ਨੇ ਉਦਘਾਟਨੀ ਪ੍ਰੋਗਰਾਮ ਨੂੰ ਜਨਵਰੀ 2017 ਤਕ ਮੁਲਤਵੀ ਕਰ ਦਿੱਤਾ ਸੀ। ਪਰ ਹੁਣ ਸੁਣਨ ਵਿਚ ਆ ਰਿਹਾ ਹੈ ਕਿ ਯੂਨੀਵਰਸਿਟੀ ਨੂੰ ਸ਼ੇਖੁਪੁਰਾ ਜਾਂ ਮੁਰੀਦ ਕੇ ’ਚ ਖੋਲਣ ਬਾਰੇ ਵਿਚਾਰ ਚਰਚਾ ਚਲ ਰਹੀ ਹੈ।
ਦਿੱਲੀ ਕਮੇਟੀ ਵੱਲੋਂ ਯੂਨੀਵਰਸਿਟੀ ਦੇ ਕਾਰਜਾਂ ਵਿਚ ਪਾਕਿਸਤਾਨ ਕਮੇਟੀ ਨੂੰ ਪੂਰਣ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਹੋਏ ਜੀ.ਕੇ. ਨੇ ਪਾਕਿਸਤਾਨ ਸਰਕਾਰ ਨੂੰ ਸੁਹਿਰਦਤਾ ਵਿਖਾਉਂਦੇ ਹੋਏ ਯੂਨੀਵਰਸਿਟੀ ਦੇ ਕਾਰਜ ਨੂੰ ਛੇਤੀ ਨੇਪਰੇ ਚੜਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ 1947 ਦੀ ਵੰਡ ਤੋਂ ਬਾਅਦ ਭਾਰਤ ਆਏ ਸਿੱਖ ਇਸ ਗੱਲ ਦੀ ਦਿਲੀ ਇੱਛਾ ਰਖਦੇ ਹਨ ਕਿ ਪਾਕਿਸਤਾਨ ਵਿੱਚਲੇ ਗੁਰੂਧਾਮਾਂ ਦੀ ਸੰਭਾਲ ਸੁੱਚਜੀ ਹੋਣ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ’ਤੇ ਸਥਾਪਿਤ ਹੋਣ ਵਾਲੀ ਯੂਨੀਵਰਸਿਟੀ ਗੁਰੂ ਸਾਹਿਬ ਵੱਲੋਂ ਦਿੱਤੇ ਗਏ ਸਰਬ ਸਾਂਝੀਵਾਲਤਾ ਦੇ ਸੁਨੇਹੇ ਦਾ ਕੌਮਾਂਤਰੀ ਪੱਧਰ ’ਤੇ ਪ੍ਰਚਾਰ ਕਰੇ।
ਪਾਕਿਸਤਾਨ ਦੇ ਬਹੁਗਿਣਤੀ ਭਾਈਚਾਰੇ ਵੱਲੋਂ ਯੂਨੀਵਰਸਿਟੀ ਦੇ ਵਿਰੋਧ ’ਚ ਦਿੱਤੇ ਜਾ ਰਹੇ ਤਰਕਾਂ ਨੂੰ ਜੀ.ਕੇ. ਨੇ ਬੇਲੋੜਾ ਦੱਸਿਆ। ਜਿਸ ਵਿਚ ਯੂਨੀਵਰਸਿਟੀ ਦੀ ਉਸਾਰੀ ਨਾਲ ਇਸਲਾਮ ਧਰਮ ਨੂੰ ਢਾਹ ਲੱਗਣ ਅਤੇ ਮੁਸਲਿਮ ਤੇ ਘੱਟਗਿਣਤੀ ਭਾਈਚਾਰਿਆਂ ’ਚ ਵੱਖਵਾਦ ਵੱਧਣ ਜਿਹੇ ਖਦਸੇ ਜਤਾਏ ਜਾ ਰਹੇ ਹਨ। ਜੀ.ਕੇ. ਨੇ ਕਿਹਾ ਕਿ ਸਿੱਖਾਂ ਅਤੇ ਮੁਸਲਮਾਨਾਂ ’ਚ ਸ਼ੁਰੂ ਤੋਂ ਹੀ ਭਾਈਚਾਰਕ ਸਾਂਝ ਰਹੀ ਹੈ। ਗੁਰੂ ਨਾਨਕ ਸਾਹਿਬ ਦੇ ਨਾਲ ਰਬਾਬ ਵਜਾਉਣ ਵਾਲੇ ਭਾਈ ਮਰਦਾਨਾ ਅਤੇ ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਣ ਵਾਲੇ ਸਾਂਈ ਮੀਆਂ ਮੀਰ ਇਸਦੇ ਵੱਡੇ ਉਦਾਹਰਣ ਹਨ। ਜੀ.ਕੇ. ਨੇ ਕਿਹਾ ਕਿ ਸਿੱਖ ਧਰਮ ਦਾ ਬੁਨਿਆਦੀ ਸਿਧਾਂਤ ਇੱਕ ਅਕਾਲ ਪੁਰਖ ਦੀ ਉਸਤਤਿ ਕਰਨ ਦੀ ਸਲਾਹ ਦਿੰਦਾ ਹੈ ਨਾ ਕਿ ਕਿਸੇ ਧਰਮ ਦਾ ਵਿਰੋਧ ਕਰਨ ਦੀ। ਇਸ ਲਈ ਪਾਕਿਸਤਾਨੀਆਂ ਨੂੰ ਗੁਰੂ ਸਾਹਿਬ ਦੇ ਨਾਂ ’ਤੇ ਬਣਨ ਵਾਲੀ ਯੂਨੀਵਰਸਿਟੀ ਦੇ ਕਾਰਜ ਵਿਚ ਖੁਲ੍ਹ ਕੇ ਸਹਿਯੋਗ ਦੇਣਾ ਚਾਹੀਦਾ ਹੈ।