ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿਚ ਆਉਣ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਵਲੋਂ ਅਨੇਕਾਂ ਹੀ ਲੋਕਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਅਤੇ ਹੁਕਮਨਾਮੇ ਸੁਣਾਏ ਗਏ। ਜਿਸਨੂੰ ਸਿੱਖ ਪੰਥ ਵਲੋਂ ਹਮੇਸ਼ਾਂ ਹੀ ਬੜੇ ਸਨਮਾਨ ਨਾਲ ਪ੍ਰਵਾਨ ਕੀਤਾ ਜਾਂਦਾ ਰਿਹਾ ਹੈ। ਇਨ੍ਹਾਂ ਵਿਚੋਂ ਕਈ ਅਜਿਹੇ ਫ਼ੈਸਲੇ ਸਨ ਜੋ ਪੰਥ ਦਰਦੀਆਂ ਵਲੋਂ ਪ੍ਰਵਾਨ ਕੀਤੇ ਗਏ ਅਤੇ ਕੁਝ ਅਜਿਹੇ ਸਨ ਜਿਹੜੇ ਰਾਜਨੀਤਕ ਆਗੂਆਂ ਦੀਆਂ ਨਿਜੀ ਰੰਜਿ਼ਸ਼ਾਂ ਤੋਂ ਪੂਰਨ ਤੌਰ ‘ਤੇ ਪ੍ਰੇਰਿਤ ਸਨ। ਅੱਜ ਮੇਰਾ ਇਹ ਵਿਸ਼ਾ ਇਹ ਨਹੀਂ ਹੈ ਕਿ ਇਨ੍ਹਾਂ ‘ਚੋਂ ਕਿਹੜੇ ਠੀਕ ਸਨ ਅਤੇ ਕਿਹੜੇ ਰਾਜਨੀਤਕ ਖ਼ਾਸ ਕਰਕੇ ਅਕਾਲੀ ਲੀਡਰਾਂ ਦੀ ਜ਼ਾਤੀ ਰੰਜਿ਼ਸ਼ ਕਰਕੇ ਲਏ ਗਏ। ਨਾ ਹੀ ਮੈਂ ਇਥੇ ਕਿਸੇ ਸ਼ਖ਼ਸ ਦਾ ਨਾਮ ਲੈਣਾ ਚਾਹਾਂਗਾ ਜਿਨ੍ਹਾਂ ਨੂੰ ਸਿੱਖ ਧਰਮ ਖਿ਼ਲਾਫ਼ ਪ੍ਰਚਾਰ ਕਰਨ, ਗਲਤ ਬਿਆਨਬਾਜ਼ੀ ਕਰਨ ਜਾਂ ਸਿੱਖ ਧਰਮ ਦੀਆਂ ਰਵਾਇਤਾਂ ਨੂੰ ਢਾਹ ਲਾਉਣ ਕਰਕੇ ਤਨਖਾਹੀਆ ਕਰਾਰ ਦਿੱਤਾ ਗਿਆ ਅਤੇ ਸਜ਼ਾ ਲਾਈ ਗਈ।
ਇਥੇ ਕੁਝ ਰਾਜਨੀਤਕ ਲੀਡਰ ਅਜਿਹੇ ਵੀ ਹੋਏ ਹਨ ਜਿਨ੍ਹਾਂ ਨੂੰ ਪੰਥ ‘ਚੋਂ ਛੇਕੇ ਜਾਣ ਦੀ ਸਜ਼ਾ ਵੀ ਸੁਣਾਈ ਗਈ ਅਤੇ ਸਾਡੇ ਧਾਰਮਕ ਅਤੇ ਰਾਜਨੀਤਕ ਆਗੂ ਰਾਤ ਦੇ ਹਨੇਰਿਆਂ ਵਿਚ ਉਨ੍ਹਾਂ ਦੀਆਂ ਕੋਠੀਆਂ ‘ਤੇ ਜਾਂਦੇ ਆਮ ਵੇਖੇ ਗਏ। ਇਨ੍ਹਾਂ ਵਿਚ ਕੁਝ ਅਜਿਹੇ ਰਾਜਨੀਤਕ ਅਤੇ ਧਾਰਮਕ ਆਗੂ ਅਜਿਹੇ ਸਨ ਜਿਨ੍ਹਾਂ ਨੂੰ ਪੰਜਾਬ ਦੀ ਪ੍ਰਮੁੱਖ ਸਿਆਸੀ ਪਾਰਟੀ ਸ੍ਰੋ਼ਮਣੀ ਅਕਾਲੀ ਦਲ ਦੀ ਹਿਮਾਇਤ ਹਾਸਲ ਸੀ। ਭਾਵ ਉਹ ਲੋਕ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕਰਤਾ ਧਰਤਾ ਸਨ।
ਮੇਰਾ ਇਹ ਲੇਖ ਇਸ ਵਿਸ਼ੇ ਤੋਂ ਥੋੜ੍ਹਾ ਜਿਹਾ ਹਟਕੇ ਹੈ। ਇਸ ਲੇਖ ਦਾ ਅਸਲ ਵਿਸ਼ਾ ਇਹ ਹੈ ਕਿ ਜਿਸਨੂੰ ਸਾਡੇ ਪੰਥਕ ਆਗੂ ਖ਼ਾਸ ਕਰਕੇ ਪੰਜ ਸਿੰਘ ਸਾਹਿਬਾਨ ਹੁਕਮਨਾਮਾ ਸੁਣਾਉਣ ਤੋਂ ਉਪਰੰਤ ਤਨਖਾਹ ਜਾਂ ਸਜ਼ਾ ਦਾ ਨਾਮ ਦਿੰਦੇ ਹਨ ਕੀ ਉਹ ਅਸਲ ਵਿਚ ਸਜ਼ਾ ਹੈ ਜਾਂ ਸੇਵਾ? ਸਿੱਖ ਧਰਮ ਜਾਂ ਸਿੱਖ ਗੁਰੂ ਸਾਹਿਬਾਨ ਦੇ ਵਿਰੁੱਧ ਬਿਆਨਬਾਜ਼ੀਆਂ ਕਰਕੇ ਜ਼ਹਿਰ ਉਗਲਣ ਵਾਲੇ ਇਨ੍ਹਾਂ ਲੋਕਾਂ ਨੂੰ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਤਲਬ ਕੀਤਾ ਜਾਂਦਾ ਹੈ ਤਾਂ ਸਿੰਘ ਸਾਹਿਬਾਨ ਦਾ ਰਵਈਆ ਕਾਫ਼ੀ ਸਖ਼ਤ ਹੁੰਦਾ ਹੈ। ਸਿੰਘ ਸਾਹਿਬਾਨ ਵਲੋਂ ਸਿੱਖ ਧਰਮ ਦੀਆਂ ਰਵਾਇਤਾਂ ਨੂੰ ਢਾਹ ਲਾਉਣ ਵਾਲੇ ਸ਼ਖ਼ਸ ਪਾਸੋਂ ਸਪਸ਼ਟੀਕਰਣ ਮੰਗਿਆ ਜਾਂਦਾ ਹੈ ਅਤੇ ਉਸਤੋਂ ਸੰਤੁਸ਼ਟ ਨਾ ਹੋਣ ਦੀ ਸੂਰਤ ਵਿਚ ਦੋਸ਼ੀ ਕਰਾਰ ਦਿੱਤੇ ਗਏ ਸ਼ਖ਼ਸ ਨੂੰ ਤਨਖਾਹ ਲਾਈ ਜਾਂਦੀ ਹੈ ਅਤੇ ਸਜ਼ਾ ਸੁਣਾਈ ਜਾਂਦੀ ਹੈ।
ਇਸਤੋਂ ਪਹਿਲਾਂ ਮੈਂ ਇਹ ਜਿ਼ਕਰ ਕਰ ਦਿਆਂ ਕਿ ਇਹ ਸਜ਼ਾ ਜਾਂ ਤਨਖਾਹ ਸਿੱਖ ਰਾਜ ਸਮੇਂ ਪੰਜਾਬ ਦੇ ਹਾਕਮ ਮਹਾਰਾਜਾ ਰਣਜੀਤ ਸਿੰਘ ਨੂੰ ਲਾਈ ਗਈ ਕੋੜਿਆਂ ਦੀ ਸਜ਼ਾ ਤੋਂ ਬਿਲਕੁਲ ਉਲਟ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਜੇਕਰ ਉਨ੍ਹਾਂ ਦੀ ਗਲਤੀ ਕਰਕੇ ਸਜ਼ਾ ਸੁਣਾਈ ਗਈ ਤਾਂ ਉਨ੍ਹਾਂ ਨੇ ਇਸ ਸਜ਼ਾ ਨੂੰ ਸਿਰ ਝੁਕਾਕੇ ਕਬੂਲ ਵੀ ਕਰ ਲਿਆ। ਮੌਜੂਦਾ ਹਾਲਾਤ ਵਿਚ ਲਾਈ ਜਾਂਦੀ ਸਜ਼ਾ ਨੂੰ ਵੇਖਕੇ ਇੰਜ ਲਗਦਾ ਹੈ ਕਿ ਸਾਡੇ ਸਿੰਘ ਸਾਹਿਬਾਨ ਦੋਸ਼ੀ ਨੂੰ ਸਜ਼ਾ ਜਾਂ ਤਨਖਾਹ ਨਹੀਂ ਲਾ ਰਹੇ ਸਗੋਂ ਸਿੱਖਾਂ ਨਾਲ ਇਕ ਕਿਸਮ ਦਾ ਮਜ਼ਾਕ ਕਰ ਰਹੇ ਹਨ।
ਅਕਾਲ ਤਖ਼ਤ ਦੇ ਪੰਜ ਸਿੰਘ ਸਾਹਿਬਾਨ ਵਲੋਂ ਲਾਈ ਜਾਂਦੀ ਇਹ ਤਨਖਾਹ ਜਾਂ ਸਜ਼ਾ ਇਹ ਹੁੰਦੀ ਹੈ ਕਿ ਦੋਸ਼ੀ 501 ਰੁਪਏ ਦਾ ਪ੍ਰਸਾਦਿ ਗੁਰੂ ਘਰ ਵਿਖੇ ਚੜ੍ਹਾਵੇਗਾ, ਕੁਝ ਦਿਨ ਜੋੜੇ ਝਾੜੇਗਾ ਅਤੇ ਗੁਰੂ ਕੇ ਲੰਗਰ ਵਿਖੇ ਭਾਡੇ ਮਾਂਜੇਗਾ। ਇਸ ਫ਼ੈਸਲੇ ਬਾਰੇ ਮੇਰੇ ਮਨ ਵਿਚ ਜਦੋਂ ਵੀ ਖਿ਼ਆਲ ਆਉਂਦਾ ਹੈ ਤਾਂ ਮਨ ਵਲੂੰਧਰਿਆ ਜਾਂਦਾ ਹੈ। ਇਕ ਕਰੋੜਪਤੀ ਲੀਡਰ ਦੇ ਲਈ 501 ਰੁਪਏ ਦਾ ਪ੍ਰਸ਼ਾਦਿ ਚੜ੍ਹਾਉਣਾ ਕਿਵੇਂ ਸਜ਼ਾ ਹੋ ਗਿਆ ਇਸਤੋਂ ਵੱਧ ਰੁਪਏ ਤਾਂ ਟ੍ਰੈਫਿਕ ਦੇ ਨਿਅਮਾਂ ਨੂੰ ਤੋੜਣ ਵਾਲਾ ਸ਼ਖ਼ਸ ਜ਼ੁਰਮਾਨੇ ਵਜੋਂ ਭਰ ਦਿੰਦਾ ਹੈ। ਕੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣ ਵਾਲੇ ਜਾਂ ਸੱਟ ਮਾਰਨ ਵਾਲੇ ਵਿਅਕਤੀ ਵਲੋਂ 501 ਰੁਪਏ ਦਾ ਪ੍ਰਸ਼ਾਦਿ ਚੜ੍ਹਾਕੇ ਛੁੱਟ ਜਾਣਾ ਸਜ਼ਾ ਹੈ?
ਉਸਤੋਂ ਅਗਲਾ ਹੁਕਮ ਤਾਂ ਇਸਤੋਂ ਵੀ ਵੱਧ ਹਾਸੋ ਹੀਣਾ ਲਗਦਾ ਹੈ। ਪੰਜਾਂ ਸਿੰਘ ਸਾਹਿਬਾਨ ਵਲੋਂ ਫੁਰਮਾਨ ਜਾਰੀ ਕੀਤਾ ਜਾਂਦਾ ਹੈ ਕਿ ਦੋਸ਼ੀ ਗੁਰੂ ਘਰ ਵਿਖੇ ਜੋੜੇ ਝਾੜੇਗਾ ਅਤੇ ਗੁਰੂ ਕੇ ਲੰਗਰ ਵਿਖੇ ਭਾਂਡੇ ਮਾਂਜੇਗਾ। ਗੁਰੂਘਰ ਵਿਖੇ ਸੈਂਕੜਿਆਂ ਦੀ ਗਿਣਤੀ ਵਿਚ ਸ਼ਰਧਾਲੂ ਜੋੜਿਆਂ ਦੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰ ਰਹੇ ਹੁੰਦੇ ਹਨ। ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਉਹ ਸੇਵਾ ਕਰ ਰਹੇ ਹਨ ਜਾਂ ਕਿਸੇ ਕਿਸਮ ਦੀ ਸਜ਼ਾ ਭੁਗਤ ਰਹੇ ਹਨ? ਇਹ ਤਾਂ ਸਿੱਧੇ ਤੌਰ ‘ਤੇ ਇਨ੍ਹਾਂ ਸ਼ਰਧਾਲੂਆਂ ਦੀਆਂ ਸ਼ਰਧਾ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਗੱਲ ਹੋਈ। ਇਥੇ ਇਸ ਗੱਲ ਤੋਂ ਵੀ ਮੈਨੂੰ ਕੋਈ ਸੰਕੋਚ ਨਹੀਂ ਹੈ ਕਿ ਦੋਸ਼ੀਆਂ ਨੂੰ ਸਜ਼ਾ ਦੇ ਤੌਰ ‘ਤੇ ਹੁਕਮ ਦੇਣ ਵਾਲੇ ਇਨ੍ਹਾਂ ਸਿੰਘ ਸਾਹਿਬਾਨ ਨੇ ਕਦੇ ਆਪ ਵੀ ਜੋੜਿਆਂ ਦੀ ਸੇਵਾ ਨਹੀਂ ਕੀਤੀ ਹੋਣੀ ਇਸ ਕਰਕੇ ਇਨ੍ਹਾਂ ਸੇਵਾ ਅਤੇ ਸਜ਼ਾ ਵਿੱਚ ਫ਼ਕਰ ਪਤਾ ਨਹੀਂ ਲੱਗਿਆ। ਦੂਜੀ ਗੱਲ ਸੀ ਗੁਰੂ ਕੇ ਲੰਗਰ ਵਿਖੇ ਭਾਂਡੇ ਮਾਂਜਣ ਦੀ ਸੋ ਇਥੇ ਵੀ ਉਹੀ ਗੱਲ ਸਾਹਮਣੇ ਆਉਂਦੀ ਹੈ ਕਿ ਗੁਰੂ ਕੇ ਲੰਗਰ ਵਿਖੇ ਜਿਹੜੀਆਂ ਸੰਗਤਾਂ ਸੇਵਾ ਕਰ ਰਹੀਆਂ ਹਨ ਉਨ੍ਹਾਂ ਨੂੰ ਕੋਈ ਸਜ਼ਾ ਲੱਗੀ ਹੋਈ ਹੈ ਜਾਂ ਉਹ ਸੇਵਾ ਕਰ ਰਹੇ ਹਨ?
ਇਸ ਤਨਖਾਹ ਜਾਂ ਸਜ਼ਾ ਦੀ ਗੱਲ ਇਥੇ ਹੀ ਖ਼ਤਮ ਨਹੀਂ ਹੁੰਦੀ ਜਦੋਂ ਦੋਸ਼ੀ ਸ਼ਖ਼ਸ ਜੋੜੇ ਝਾੜਣ ਦੀ ਸਜ਼ਾ (ਸਾਡੇ ਧਾਰਮਕ ਆਗੂਆਂ ਅਨੁਸਾਰ) ਭੁਗਣਤ ਲਈ ਆਉਂਦਾ ਹੈ ਤਾਂ ਉਸਦੇ ਚਾਰੇ ਪਾਸੇ ਉਸਦੇ ਸਿਆਸੀ ਚਮਚਿਆਂ ਅਤੇ ਪ੍ਰੈਸ ਜਾਂ ਮੀਡੀਆ ਦਾ ਮਜ੍ਹਮਾ ਲੱਗਿਆ ਹੁੰਦਾ ਹੈ। ਉਸ ਤਨਖਾਹੀਏ ਦੇ ਆਉਂਦਿਆਂ ਹੀ ਸ਼ਰਧਾ ਵਜੋਂ ਸੇਵਾ ਕਰਨ ਵਾਲਿਆਂ ਨੂੰ ਗੁਰਦੁਆਰਾ ਸਾਹਿਬ ਦੇ ਮੁਲਾਜ਼ਮਾਂ ਅਤੇ ਸੇਵਾਦਾਰਾਂ ਵਲੋਂ ਉਥੋਂ ਪਾਸੇ ਕਰ ਦਿੱਤਾ। ਫਿਰ ਉਥੇ ਤਨਖਾਹੀਏ, ਉਸਦੇ ਝੋਲੀ ਚੁਕਾਂ, ਚਮਚਿਆਂ ਅਤੇ ਮੀਡੀਆ ਵਲੋਂ ਇਕ ਡਰਾਮਾ ਖੇਡਿਆ ਜਾਂਦਾ ਹੈ। ਦੋਸ਼ੀ ਨੂੰ ਇਕ ਹੀਰੋ ਬਣਾਕੇ ਉਸਦੀਆਂ ਤਸਵੀਰਾਂ ਖਿੱਚਣ ਅਤੇ ਵੀਡੀਓ ਬਨਾਉਣ ਦਾ ਦੌਰ ਦੌਰਾ ਸ਼ੁਰੂ ਹੁੰਦਾ ਹੈ। ਦੋਸ਼ੀ ਸ਼ਖ਼ਸ ਵੀ ਚੇਹਰੇ ‘ਤੇ ਵੱਡੀ ਸਾਰੀ ਮੁਸਕਾਨ ਖਿਲਾਰਕੇ ਅਤੇ ਆਪਣੀ ਫੋਟੋ ਅਖ਼ਬਾਰ ਵਾਲਿਆਂ ਲਈ ਖਿਚਵਾ ਰਿਹਾ ਹੁੰਦਾ ਹੈ। ਇਹੀ ਹਾਲ ਉਦੋਂ ਹੁੰਦਾ ਹੈ ਜਦੋਂ ਦੋਸ਼ੀ ਤਨਖਾਹੀਆ ਲੰਗਰ ਹਾਲ ਵਿਚ ਦਾਖ਼ਲ ਹੁੰਦਾ ਹੈ। ਪਿਛਲੇ ਅਨੇਕਾਂ ਸਾਲਾਂ ਤੋਂ ਸ਼ਰਧਾ ਭਾਵਨਾ ਨਾਲ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਪਾਸੇ ਕਰਕੇ ਇਕ ਦੋਸ਼ੀ ਨੂੰ ਭਾਂਡੇ ਮਾਂਜਦਿਆਂ ਫੋਟੋ ਖਿੱਚਣ ਵਾਲਿਆਂ ਦਾ ਕਾਫ਼ਲਾ ਹਰਕਤ ਵਿਚ ਆ ਜਾਂਦਾ ਹੈ।
ਇਥੇ ਮੈਂ ਇੰਨਾ ਹੀ ਕਹਾਂਗਾ ਇਸ ਅਮੁੱਲੀ ਸੇਵਾ ਨੂੰ ਸਜ਼ਾ ਜਾਂ ਤਨਖਾਹ ਦਾ ਨਾਮ ਦੇਕੇ ਸਿੱਖ ਭਾਵਨਾ ਨਾਲ ਖੇਡਣ ਵਾਲੇ ਸਿੰਘ ਸਾਹਿਬਾਨ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਭਾਵੇਂ ਇਸ ਪਿਛਲੇ ਕੋਈ ਧਾਰਮਕ ਮੰਤਵ ਹੋਵੇ ਜਾਂ ਸਿਆਸੀ ਖੇਡ। ਇਥੇ ਮੈਂ ਸਿਆਸੀ ਖੇਡ ਦਾ ਸ਼ਬਦ ਵਰਤਿਆ ਹੈ ਕਿਉਂਕਿ ਕਈ ਵਾਰ ਸਿੰਘ ਸਾਹਿਬਾਨ ਵਲੋਂ ਕਿਸੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਨ ਪਿਛੇ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਲੀਡਰਾਂ ਵਲੋਂ ਦਬਾਅ ਪਾਏ ਜਾਣ ਦੇ ਇਲਜ਼ਾਮ ਲਗਦੇ ਰਹੇ ਹਨ। ਮੇਰੀ ਜਾਚੇ ਜੇਕਰ ਸਿੰਘ ਸਾਹਿਬਾਨ ਦੋਸ਼ੀਆਂ ਨੂੰ ਕੋੜੇ ਮਾਰਨ ਦੀ ਸਜ਼ਾ ਨਹੀਂ ਦੇ ਸਕਦੇ ਤਾਂ ਇਨ੍ਹਾਂ ਨੂੰ ਚਾਹੀਦਾ ਹੈ ਕਿ ਗੁਰਦੁਆਰਾ ਸਾਹਿਬ ਦੇ ਘੰਟਾ ਘਰ ਵਾਲੇ ਪਾਸੇ ਇਕ ਕੱਚ ਦਾ ਕੈਬਨ ਬਣਾ ਦੇਣ ਜਿਸ ਵਿਚ ਤਨਖਾਹੀਏ ਨੂੰ ਭਾਵੇਂ ਗਰਮੀਆਂ ਵਿਚ ਏਅਰ ਕੰਡੀਸ਼ਨ ਅਤੇ ਸਰਦੀਆਂ ਵਿਚ ਹੀਟਰ ਤੱਕ ਦੀ ਸੁਵਿਧਾ ਦੇ ਦੇਣ। ਸਜ਼ਾ ਇਹ ਹੋਵੇ ਦੋਸ਼ੀ ਪੁਰਖ ਨੂੰ ਸਾਰਾ ਦਿਨ ਗਲ ਵਿਚ ਇਕ ਤਖਤੀ ਲਟਕਾ ਉਸ ਕੱਚ ਦੇ ਕੈਬਿਨ ਵਿਚ ਬੈਠਣਾ ਪਵੇਗਾ ਜਿਸ ‘ਤੇ ਇਹ ਲਿਖਿਆ ਹੋਏ ਕਿ ਉਸ ਨੇ ਆਹ ਗਲਤੀ ਕੀਤੀ ਹੈ ਅਤੇ ਉਸਦੀ ਸਜ਼ਾ ਵਜੋਂ ਉਹ ਅੱਜ ਇਥੇ ਬੈਠਾ ਹੈ। ਪਰੰਤੂ ਸਿੰਘ ਸਾਹਿਬਾਨ ਨੂੰ ਤਨਖਾਹ ਜਾਂ ਸਜ਼ਾ ਦਾ ਨਾਮ ਦੇਕੇ ਗੁਰੂ ਘਰ ਵਿਖੇ ਆਪਣਾ ਜਨਮ ਸਫ਼ਲਾ ਕਰਨ ਲਈ ਸੇਵਾ ਕਰ ਰਹੀਆਂ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਜੇਕਰ ਉਹ ਇੰਜ ਨਹੀਂ ਕਰ ਸਕਦੇ ਤਾਂ ਫਿਰ ਲੋਕ ਵਿਖਾਵੇ ਲਈ ਤਨਖਾਹੀਆ ਕਰਾਰ ਦੇਣ ਜਾਂ ਸਜ਼ਾ ਦੇਣ ਦੇ ਹੁਕਮਨਾਮਿਆਂ ਨੂੰ ਜਾਰੀ ਕਰਨ ਵਿਚ ਸੰਜਮ ਵਰਤਣਾ ਚਾਹੀਦਾ ਹੈ।
ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਦੋਸ਼ੀ ਨੂੰ ਕਿਸੇ ਬਿਲਡਿੰਗ ਵਿਖੇ ਮਜਦੂਰੀ ਕਰਕੇ ਆਪਣੀ ਉਸ ਦਿਨ ਦੀ ਮਜਦੂਰੀ ਦੀ ਕਮਾਈ ਗੁਰੂ ਕੀ ਗੋਲਕ ਵਿਚ ਪਾਉਣ ਦੀ ਸਜ਼ਾ ਲਾ ਦੇਣ। ਘਟੋ ਘਟ ਇਕ ਦਿਨ ਮਜਦੂਰੀ ਕਰਕੇ ਆਪਣੀ ਦੇਹ ਨੂੰ ਸਜ਼ਾ ਦੇਣ ਦਾ ਦਰਦ ਤਾਂ ਉਹ ਭੁਗਤ ਸਕਣ। ਜੇਕਰ ਘੰਟਾ ਘਰ ਦੇ ਨਜ਼ਦੀਕ ਕੱਚ ਦਾ ਕੈਬਨ ਬਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਫੰਡ ਨਹੀਂ ਹਨ ਤਾਂ ਉਹ ਦੋਸ਼ੀ ਨੂੰ ਸ੍ਰੀ ਅਕਾਲ ਤਖ਼ਤ ਸਾਹਮਣੇ ਹੱਥ ਵਿਚ ਤਖ਼ਤੀ ਫੜ੍ਹਕੇ ਸਾਰਾ ਦਿਨ ਸਵੇਰੇ 9 ਵਜੇ ਤੋਂ ਸ਼ਾਮੀਂ 5 ਵਜੇ ਤੱਕ ਬੈਠਣ ਦਾ ਹੁਕਮ ਦੇ ਦੇਣ। ਇਥੇ ਮੈਂ ਕੱਚ ਦੇ ਕੈਬਨ ਦਾ ਜਿ਼ਕਰ ਇਸ ਲਈ ਕੀਤਾ ਹੈ ਕਿ ਆਉਂਦੀਆਂ ਜਾਂਦੀਆਂ ਸੰਗਤਾਂ ਉਸ ਦੋਸ਼ੀ ਨੂੰ ਵੇਖ ਸਕਣ ਅਤੇ ਆਪਣੇ ਫੋਨ ਦੇ ਕੈਮਰਿਆਂ ਵਿਚ ਉਸਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਵਿਚ ਸ਼ੇਅਰ ਕਰ ਸਕਣ। ਮੈਂ ਤਾਂ ਇਕ ਨਿਮਾਣਾ ਜਿਹਾ ਸ਼ਖ਼ਸ ਹਾਂ ਜੋ ਮਨ ਵਿਚ ਆਇਆ ਲਿਖ ਦਿੱਤਾ ਬਾਕੀ ਅੱਗੇ ਸਿੰਘ ਸਾਹਿਬਾਨ ਦੀ ਸੋਚ ਉਪਰ ਨਿਰਭਰ ਕਰਦਾ ਹੈ ਕਿ ਉਹ ਭਾਂਡੇ ਮਾਂਜਣ ਜਾਂ ਜੋੜੇ ਝਾੜਣ ਨੂੰ ਸੇਵਾ ਸਮਝਦੇ ਹਨ ਜਾਂ ਸਜ਼ਾ?