ਲੁਧਿਆਣਾ – ਅਮਰੀਕਾ ਦੇ ਕਲੋਰਾਡੋ ਸਟੇਟ ਯੂਨਵਿਰਸਿਟੀ ਦੇ ਵਿਗਿਆਨੀ ਪ੍ਰੋਫੈਸਰ ਰਾਜ ਖੋਸਲਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਆਪਣੇ ਦੌਰੇ ਦੌਰਾਨ ਉਹਨਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ । ਪ੍ਰੋਫੈਸਰ ਖੋਸਲਾ ਨੇ ਇਸ ਮੌਕੇ ਆਪਣੇ ਵਿਚਾਰ-ਵਟਾਂਦਰੇ ਦੌਰਾਨ ਕਿਹਾ ਕਿ ਇਸ ਅਚੂਕ (Precision) ਖੇਤੀ ਲਈ ਇੰਜਨੀਅਰਿੰਗ ਦੇ ਸੋਮੇ, ਵਿਗਿਆਨੀ ਅਤੇ ਤਕਨਾਲੋਜੀ ਦਾ ਤਿਆਰ ਕਰਨਾ ਬਹੁਤ ਜ਼ਰੂਰੀ ਹੈ । ਇਸ ਸੰਬੰਧੀ ਸਾਂਝੇ ਖੋਜ ਪ੍ਰੋਜੈਕਟਾਂ ਤੇ ਕੰਮ ਕੀਤਾ ਜਾ ਸਕਦਾ ਹੈ। ਹੁਨਰਮੰਦ ਕਾਮਿਆਂ ਤੋਂ ਬਗੈਰ ਚੰਗੇਰਾ ਖੋਜ ਅਤੇ ਵਿਕਾਸ ਕਾਰਜ ਇਸ ਪਾਸੇ ਸੰਭਵ ਨਹੀਂ ਹੈ। ਇਸ ਮੌਕੇ ਡਾ. ਢਿੱਲੋਂ ਨੇ ਸੰਬੋਧਨ ਕਰਿਦਆਂ ਕਿਹਾ ਕਿ ਇਸ ਖੇਤਰ ਦੇ ਵਿੱਚ ਨਵੇਂ ਕੋਰਸ ਆਰੰਭ ਕਰਨਾ ਬਹੁਤ ਜ਼ਰੂਰੀ ਹੈ, ਜਿੱਥੇ ਵਿਗਿਆਨੀ ਅਤੇ ਵਿਦਿਆਰਥੀ ਵਿਚਾਰ-ਵਟਾਂਦਰਾ ਕਰ ਸਕਣ ਅਤੇ ਇਸ ਲਈ ਸਮਾਰਟ ਸਿਸਟਮ ਲਈ ਸਾਂਝਾ ਉਦਮ ਕਰ ਸਕਣ ।
ਫਾਰਮ ਪਾਵਰ ਮਸ਼ੀਨਰੀ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਭਵਿੱਖ ਦੀ ਖੇਤੀ ਦੇ ਸੰਦਰਭ ਵਿੱਚ ਅਚੂਕ (Precision) ਖੇਤੀ ਸੰਬੰਧੀ ਪ੍ਰੋਫੈਸਰ ਖੋਸਲਾ ਦਾ ਭਾਸ਼ਣ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ। ਇਸ ਭਾਸ਼ਣ ਦੌਰਾਨ ਉਹਨਾਂ ਨੇ ਫ਼ਸਲਾਂ ਦੇ ਝਾੜ ਸੰਬੰਧੀ ਅਨੁਮਾਨ, ਉਹਨਾਂ ਬਾਰੇ ਜਾਣਕਾਰੀ ਇਕ¤ਠੀ ਕਰਨ ਸੰਬੰਧੀ ਅਤੇ ਸਰਵੇਖਣ ਸੰਬੰਧੀ ਸੈਂਸਰਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਜਪਾਨ ਅਤੇ ਅਮਰੀਕਾ ਵਰਗੇ ਮੁਲਕਾਂ ਵਿੱਚ ਡ੍ਰੋਨ ਦੇ ਨਾਲ ਛਿੜਕਾਅ ਕਰਨ ਦੇ ਉਪਰਾਲੇ ਵਿੱਢੇ ਗਏ ਹਨ। ਭਰਵੀਂ ਚਰਚਾ ਵਾਲੇ ਇਸ ਸੈਮੀਨਾਰ ਵਿੱਚ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਨੀਲਮ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਆਦਿ ਸ਼ਾਮਲ ਸਨ।