ਨਵੀਂ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ.ਐਸ.ਟੀ ਨੰਬਰ ਲੈਣ ਨੂੰ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਗੁਰਦੁਆਰਾ ਸਾਹਿਬਾਨ ਤੇ ਜੀ.ਐਸ .ਟੀ ਲਗਾਇਆ ਜਾਣਾ ਕਿਸੇ ਵੀ ਤਰ੍ਹਾ ਉਚਿਤ ਨਹੀ ਹੈ ਅਤੇ ਕੇਂਦਰ ਸਰਕਾਰ ਦਾਨ ਦੇ ਨਾਲ ਚੱਲਣ ਵਾਲੀ ਸੰਸਥਾ ਨੂੰ ਟੈਕਸ ਦੇ ਘੇਰੇ ਵਿੱਚ ਨਹੀਂ ਲਿਆ ਸਕਦੀ।
ਸ੍ਰ. ਸਰਨਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਤੇ ਹੋਰ ਸਿੱਖ ਗੁਰਧਾਮ ਕੋਈ ਲਾਭ ਵਾਲੇ ਅਦਾਰੇ ਨਹੀਂ ਹਨ ਸਗੋਂ ਦਾਨ ਦੇ ਸਹਾਰੇ ਚੱਲਣ ਵਾਲੀਆਂ ਧਾਰਮਿਕ ਸੰਸਥਾਵਾਂ ਹਨ ਜਿਥੇ ਦਾਨ ਸਿਰਫ ਲੋਕ ਭਲਾਈ ਦੇ ਕੰਮਾਂ ਤੇ ਹੀ ਖਰਚ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜੀ.ਐਸ.ਟੀ ਦਾ ਨੰਬਰ ਲੈਣਾ ‘‘ਆ ਬੈਲ ਮੁਝੇ ਮਾਰ ’’ਵਾਲੀ ਕਹਾਵਤ ਦੀ ਤਰ੍ਹਾਂ ਹੋਵੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੂੰ ਬਾਣੀਆ ਨਹੀਂ ਬਣਨਾ ਚਾਹੀਦਾ ਸਗੋਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਦਿਆਂ ਗੁਰੂ ਘਰ ਦੇ ਸੇਵਕ ਬਣ ਕੇ ਇੱਕ ਵੱਡਾ ਸੰਘਰਸ਼ ਸ਼ੁਰੂ ਕਰਨਾ ਚਾਹੀਦਾ ਹੈ ਕਿਉਕਿ ਜੀ.ਐਸ ਟੀ ਸਿਰਫ ਵਪਾਰਿਕ ਅਦਾਰਿਆਂ ਤੇ ਹੀ ਲਗਾਇਆ ਜਾ ਸਕਦਾ ਹੈ, ਦਾਨ ਦੇ ਸਹਾਰੇ ਚੱਲਣ ਵਾਲੀਆਂ ਸੰਸਥਾਵਾਂ ਨੂੰ ਇਸ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੀ ਐਸ.ਟੀ ਨੰਬਰ ਲੈਣ ਦਾ ਮਤਲਬ ਹੈ ਕਿ ਸਰਕਾਰ ਅੱਗੇ ਗੋਡੇ ਟੇਕ ਸੰਗਤਾਂ ਦੀ ਸ਼ਰਧਾ ਦੇ ਦਾਨ ਨਾਲ ਸਰਾਕਰੀ ਖਜ਼ਾਨੇ ਨੂੰ ਭਰਨਾ ਹੈ। ਉਹਨਾਂ ਕਿਹਾ ਕਿ ਕੇਂਦਰ ਵਿੱਚ ਅਕਾਲੀ ਦਲ ਦੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਚਾਹੀਦਾ ਹੈ ਕਿ ਉਹ ਐਲਾਨ ਕਰੇ ਕਿ ਜੇਕਰ ਦਾਨ ਦੇ ਸਹਾਰੇ ਲੋਕ ਭਲਾਈ ਦੇ ਕਾਰਜ ਕਰਨ ਵਾਲੇ ਗੁਰਦੁਆਰਿਆਂ ਨੂੰ ਜੀ.ਐਸ.ਟੀ ਦੇ ਘੇਰੇ ਵਿੱਚੋਂ ਬਾਹਰ ਨਹੀਂ ਕੱਢਿਆ ਜਾਂਦਾ ਤਾਂ ਉਹ ਅਸਤੀਫਾ ਦੇ ਕੇ ਸਰਕਾਰ ਤੋਂ ਬਾਹਰ ਹੋ ਜਾਣਗੇ।
ਉਹਨਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਕਿਰਪਾਲ ਸਿੰਘ ਨੂੰ ਸੁਝਾ ਦਿੰਦਿਆ ਕਿਹਾ ਕਿ ਕਿਸੇ ਕਿਸਮ ਦਾ ਕੋਈ ਜੀ.ਐਸ.ਟੀ ਨੰਬਰ ਲੈਣ ਦੀ ਲੋੜ ਨਹੀ ਹੈ ਅਤੇ ਲੋੜ ਪੈਣ ਤੇ ਸਰਕਾਰ ਦੇ ਖਿਲਾਫ ਜੇਕਰ ਸੰਘਰਸ਼ ਵਿੱਢਿਆ ਜਾਂਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਮੋਹਰਲੀ ਕਤਾਰ ਵਿੱਚ ਖੜੇ ਹੋ ਕੇ ਸਾਥ ਦੇਵੇਗਾ। । ਉਹਨਾਂ ਕਿਹਾ ਕਿ ਲੰਗਰ ਨੂੰ ਵੀ ਜੀ ਐਸ ਟੀ ਦੇ ਘੇਰੇ ਵਿੱਚ ਲਿਆਉਣ ਦਾ ਮਤਲਬ ਹੈ ਗੁਰੂ ਘਰ ਦਾ ਵਪਾਰੀਕਰਨ ਕਰਨਾ ਹੈ ਜੋ ਸਿੱਖ ਸਿਧਾਂਤਾਂ ਦੇ ਅਨੂਕੂਲ ਨਹੀ ਹੈ। ਉਹਨਾਂ ਕਿਹਾ ਕਿ ਗੁਰਦੁਆਰੇ ਕੋਈ ਵਪਾਰਿਕ ਅਦਾਰੇ ਨਹੀ ਸਗੋ ਸੇਵਾ ਦੇ ਕੇਂਦਰ ਹਨ ਤੇ ਕੋਈ ਵੀ ਗੁਰਦੁਆਰਾ ਜੀ.ਐਸ.ਟੀ ਅਦਾ ਨਹੀ ਕਰੇਗਾ।