ਨਵੀਂ ਦਿੱਲੀ – ਸੰਸਦ ਦੇ ਮੌਨਸੂਨ ਸੈਸ਼ਨ ਦੇ ਸ਼ੁਰੂ ਹੋਣ ਦੇ ਦੂਸਰੇ ਦਿਨ ਲੋਕਸਭਾ ਵਿੱਚ ਜਮ ਕੇ ਹੰਗਾਮਾ ਹੋਇਆ। ਜਿਸ ਦੇ ਚੱਲਦੇ ਲੋਕਸਭਾ 12 ਵਜੇ ਤੱਕ ਸਥਗਿਤ ਕਰ ਦਿੱਤੀ ਗਈ। ਰਾਜਸਭਾ ਵਿੱਚ ਵੀ ਵਿਰੋਧੀ ਧਿਰ ਵੱਲੋਂ ਸ਼ੋਰ ਸ਼ਰਾਬਾ ਕੀਤਾ ਗਿਆ। ਬਸਪਾ ਮੁੱਖੀ ਮਾਇਆਵਤੀ ਨੇ ਰਾਜਸਭਾ ਵਿੱਚ ਸਹਾਰਨਪੁਰ ਹਿੰਸਾ ਦਾ ਮੁੱਦਾ ਉਠਾਇਆ ਅਤੇ ਯੋਗੀ ਸਰਕਾਰ ਤੇ ਤਿੱਖੇ ਵਾਰ ਕੀਤੇ।
ਉਨ੍ਹਾਂ ਅਨੁਸਾਰ ਸਹਾਰਨਪੁਰ ਹਿੰਸਾ ਸਾਜਿਸ਼ ਦੇ ਤਹਿਤ ਹੋਈ ਹੈ। ਮਾਇਆਵਤੀ ਨੇ ਇਹ ਵੀ ਆਰੋਪ ਲਗਾਇਆ ਕਿ ਉਸ ਨੂੰ ਬੋਲਣ ਦਾ ਅਵਸਰ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਗੁੱਸੇ ਵਿੱਚ ਤਿਲਮਿਲਾਈ ਮਾਇਆਵਤੀ ਨੇ ਕਿਹਾ ਕਿ ਜੇ ਉਸ ਨੂੰ ਸਦਨ ਵਿੱਚ ਬੋਲਣ ਨਾ ਦਿੱਤਾ ਗਿਆ ਤਾਂ ਉਹ ਰਾਜਸਭਾ ਤੋਂ ਅਸਤੀਫ਼ਾ ਦੇ ਦੇਵੇਗੀ। ਬਸਪਾ ਮੁੱਖੀ ਅਸਤੀਫ਼ੇ ਦੀ ਧਮਕੀ ਤੋਂ ਬਾਅਦ ਸਦਨ ਛੱਡ ਕੇ ਬਾਹਰ ਆ ਗਈ।
ਮਾਇਆਵਤੀ ਨੇ ਰਾਜਸਭਾਂ ਤੋਂ ਬਾਹਰ ਆ ਕੇ ਕਿਹਾ ਕਿ ਉਤਰਪ੍ਰਦੇਸ਼ ਵਿੱਚ ਦਲਿਤਾਂ ਨਾਲ ਅਤਿਆਚਾਰ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਯੂਪੀ ਵਿੱਚ ਮਹਾਂ ਜੰਗਲ ਰਾਜ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਤੇ ਲਾਹਨਤ ਹੈ ਜੇ ਮੈਂ ਆਪਣੇ ਸਮਾਜ ਦੀ ਗੱਲ ਸੰਸਦ ਵਿੱਚ ਨਹੀਂ ਰੱਖ ਸਕਦੀ।