ਬੀਜਿੰਗ – ਚੀਨ ਦੇ ਇੱਕ ਨਿਊਜ਼ ਪੇਪਰ ਨੇ ਕਿਹਾ ਹੈ ਕਿ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ ਵਿੱਚ ਝੂਠ ਬੋਲਿਆ ਹੈ ਕਿ ਸਾਰੇ ਦੇਸ਼ ਸੀਮਾ ਵਿਵਾਦ ਦੇ ਮੁੱਦੇ ਤੇ ਭਾਰਤ ਦਾ ਸਮੱਰਥਨ ਕਰ ਰਹੇ ਹਨ। ਅਖ਼ਬਾਰ ਨੇ ਭਾਰਤ ਨੂੰ ਯੁੱਧ ਦੇ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇ ਉਸ ਨੇ ਆਪਣੇ ਜਵਾਨਾਂ ਨੂੰ ਪਿੱਛੇ ਨਾਂ ਹਟਾਇਆ ਤਾਂ ਉਸ ਨੂੰ ਆਪਣਾ ਇਲਾਕਾ ਗਵਾਉਣਾ ਪੈ ਸਕਦਾ ਹੈ।
ਗਲੋਬਲ ਟਾਈਮਜ਼ ਵਿੱਚ ਛੱਪੇ ਇੱਕ ਲੇਖ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਾਡੇ ਦੇਸ਼ ਚੀਨ ਦੇ ਧੀਰਜ ਦੀ ਪ੍ਰੀਖਿਆ ਲੈ ਰਿਹਾ ਹੈ। ਅਗਰ ਭਾਰਤ ਆਪਣੇ ਸੈਨਿਕਾਂ ਨੂੰ ਭਾਰਤ-ਚੀਨ ਸੀਮਾ ਦੇ ਸਿਕਿਮ ਖੇਤਰ ਦੇ ਡੋਕਲਾਮ ਤੋਂ ਨਾ ਹਟਾਇਆ ਤਾਂ ਚੀਨ ਦਾ ਅਗਲਾ ਕਦਮ ਯੁੱਧ ਹੋਵੇਗਾ। ਅਖ਼ਬਾਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਚੀਨ ਦੇ ਨਾਲ ਭਾਰਤ ਦੀ ਸੈਨਾ ਦੀ ਤੁਲਣਾ ਕਰਨਾ ਹਾਸੋਹੀਣੀ ਗੱਲ ਹੈ। ਜੇ ਯੁੱਧ ਹੁੰਦਾ ਹੈ ਤਾਂ ਭਾਰਤ ਤਬਾਹ ਹੋ ਜਾਵੇਗਾ। ਇਹ ਵੀ ਕਿਹਾ ਗਿਆ ਹੈ ਕਿ ਤਿੱਬਤ ਵਿੱਚ ਯੁੱਧ ਅਭਿਆਸ ਅਤੇ ਭਾਰੀ ਸੈਨਾ ਦੀ ਮੌਜੂਦਗੀ ਕੇਵਲ ਵਿਖਾਵੇ ਲਈ ਨਹੀਂ ਹੈ।
ਇਸ ਲੇਖ ਵਿੱਚ ਭਾਰਤ ਨੂੰ ਅਮਰੀਕਾ ਅਤੇ ਜਾਪਾਨ ਦੇ ਸਮੱਰਥਨ ਤੇ ਭਰੋਸਾ ਨਾ ਕਰਨ ਦੀ ਗੱਲ ਕੀਤੀ ਹੈ। ਅਖ਼ਬਾਰ ਅਨੁਸਾਰ ਇਹ ਸਮੱਰਥਨ ਸ਼ੱਕ ਦੇ ਘੇਰੇ ਵਿੱਚ ਹੈ। ਜੇ ਭਾਰਤ ਇਹ ਸੋਚ ਰਿਹਾ ਹੈ ਕਿ ਉਸ ਕੋਲ ਹਿੰਦ ਮਹਾਂਸਾਗਰ ਵਿੱਚ ਚੱਲਣ ਦੇ ਲਈ ਇੱਕ ਰਣਨੀਤਕ ਪੱਤਾ ਹੈ ਤਾਂ ਇਹ ਉਸ ਦੀ ਬਹੁਤ ਵੱਡੀ ਭੁੱਲ ਹੋ ਸਕਦੀ ਹੈ। ਚੀਨ ਵੀ ਕਈ ਪੱਤੇ ਖੇਡ ਸਕਦਾ ਹੈ ਅਤੇ ਭਾਰਤ ਦੀ ਦੁੱਖਦੀ ਰੱਗ ਤੇ ਵਾਰ ਕਰ ਸਕਦਾ ਹੈ।
ਅਖ਼ਬਾਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜੇ ਭਾਰਤ ਨੇ ਸੈਨਿਕਾਂ ਨੂੰ ਹਟਾਉਣ ਵਿੱਚ ਦੇਰ ਕੀਤੀ ਤਾਂ ਯੁੱਧ ਦਾ ਖ਼ਤਰਾ ਵੱਧ ਜਾਵੇਗਾ ਅਤੇ ਇਸ ਨਾਲ ਉਸ ਨੂੰ ਰਾਜਨੀਤਕ ਤੌਰ ਤੇ ਵੱਧ ਨੁਕਸਾਨ ਹੋਵੇਗਾ। ਚੀਨੀ ਸੈਨਾ ਦਾ ਦਬਾਅ ਭਾਰਤ ਤੇ ਹਰਰੋਜ਼ ਵੱਧੇਗਾ ਅਤੇ ਭਾਰਤ ਇਸ ਦਾ ਸਾਹਮਣਾ ਨਾ ਕਰਦੇ ਹੋਏ ਪੂਰੀ ਤਰ੍ਹਾਂ ਨਾਲ ਬੇਆਬਰੂ ਹੋ ਜਾਵੇਗਾ।