ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾਂ ਵੱਲੋਂ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪੰਜਾਬ ਪੁਲਿਸ ਦੇ 30 ਜਵਾਨਾਂ ਲਈ ਇਕ ਮਹੀਨੇ ਦਾ ਕੰਪਿਊਟਰ ਕੋਰਸ ਕਰਵਾਇਆ ਜਾ ਰਿਹਾ ਹੈ।
ਐਲ. ਸੀ. ਈ. ਟੀ. ਦੇ ਚੇਅਰਮੈਨ ਵਿਜੇ ਗੁਪਤਾ ਅਨੁਸਾਰ ਲੁਧਿਆਣਾ ਪੁਲਿਸ ਦੇ ਕਮਿਸ਼ਨਰ ਦਫ਼ਤਰ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਕੰਪਿਊਟਰ ਹਾਈ ਟੈਕ ਕਰਨ ਦੇ ਮੰਤਵ ਨਾਲ ਉਨ੍ਹਾਂ ਦੇ ਗਰੁੱਪ ਨੂੰ ਬੇਨਤੀ ਕੀਤੀ ਗਈ ਸੀ। ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਸ ਇਕ ਮਹੀਨੇ ਦੇ ਕੋਰਸ ਵਿਚ ਇਨ੍ਹਾਂ ਮੁਲਾਜ਼ਮਾਂ ਨੂੰ ਕੰਪਿਊਟਰ ਅਤੇ ਵਿੰਡੋ ਸਬੰਧੀ ਵਿਸਥਾਰ ਸਹਿਤ ਜਾਣਕਾਰੀ, ਮਾਈਕਰੋਸਾਫ਼ਟ ਆਫ਼ਿਸ, ਐਕਸਲ, ਪਾਵਰ ਪੁਆਇੰਟ ਸਮੇਤ ਕਈ ਅਹਿਮ ਸਾਫ਼ਟਵੇਅਰਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਨ੍ਹਾਂ ਮੁਲਾਜ਼ਮਾਂ ਨੂੰ ਕਿਸੇ ਵੀ ਤਰਾਂ ਦੀ ਆਨ ਲਾਈਨ ਜਾਣਕਾਰੀ ਹਾਸਿਲ ਕਰਨ ਦੇ ਤਰੀਕੇ ਵੀ ਵਿਸਥਾਰ ਸਹਿਤ ਸਮਝਾਏ ਜਾਣਗੇ।