ਨਵੀਂ ਦਿੱਲੀ – ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਦੇਸ਼ ਵਿੱਚ ਐਮਰਜੈਂਸੀ ਤੋਂ ਵੀ ਬੁਰੇ ਹਾਲਾਤ ਹਨ। ਉਨ੍ਹਾਂ ਅਨੁਸਾਰ ਅੱਜ ਦੇਸ਼ ਵਿੱਚ ਬੁੱਧੀਜੀਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ਭਰ ਵਿੱਚ ਫੈਲੇ ਡਰ ਦੇ ਮਾਹੌਲ ਨੂੰ ਸਮਾਪਤ ਕਰਨ ਦੇ ਲਈ ‘ਬੀਜੇਪੀ ਭਾਰਤ ਛੱਡੋ ਅੰਦੋਲਨ’ ਅਗੱਸਤ 9 ਤੋਂ ਸ਼ਰੂ ਕੀਤਾ ਜਾਵੇਗਾ ਅਤੇ ਇਹ 30 ਅਗੱਸਤ ਤੱਕ ਚਲੇਗਾ। ਇਸ ਅੰਦੋਲਨ ਦੇ ਤਹਿਤ ਵਰਕਰਾਂ ਵੱਲੋਂ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਸਰਵਜਨਿਕ ਸਭਾਵਾਂ ਕਰਕੇ ਬੀਜੇਪੀ ਦੇ ਅੱਤਿਆਚਾਰਾਂ ਦੀ ਪੋਲ ਖੋਲ੍ਹੀ ਜਾਵੇਗੀ।
ਮੁੱਖਮੰਤਰੀ ਮਮਤਾ ਨੇ ਸ਼ਹੀਦੀ ਦਿਵਸ ਤੇ ਕੋਲਕਾਤਾ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਰਾਜ ਸਰਕਾਰਾਂ ਨੂੰ ਕੰਮ ਨਹੀਂ ਕਰਨ ਦੇ ਰਹੀ। ਉਨ੍ਹਾਂ ਨੇ ਕਿਹਾ ਕਿ ਅਸਲੀ ਹਿੰਦੂ ਨਕਲੀ ਹਿੰਦੂਆਂ ਕਾਰਣ ਪਰੇਸ਼ਾਨ ਹੋ ਰਹੇ ਹਨ। ਬੀਜੇਪੀ ਸੱਭ ਤੋਂ ਭ੍ਰਿਸ਼ਟ ਪਾਰਟੀ ਹੈ। ਈਡੀ ਅਤੇ ਸੀਬੀਆਈ ਦੀ ਵਰਤੋਂ ਵਿਰੋਧੀਆਂ ਨੂੰ ਦਬਾਉਣ ਲਈ ਕਰ ਰਹੀ ਹੈ। ਭੀੜ ਦੇ ਹੱਥੋਂ ਹੋ ਰਹੀਆਂ ਹੱਤਿਆਵਾਂ ਦੇ ਸਬੰਧ ਵਿੱਚ ਉਨ੍ਹਾਂ ਨੇ ਕਿਹਾ, ‘ਉਹ ਨਹੀਂ ਜਾਣਦੀ ਕਿ ਕੀ ਦੇਸ਼ਭਰ ਵਿੱਚ ਫੈਲੀ ਅਰਾਜਕਤਾ ਦੇ ਮੌਜੂਦਾ ਮਾਹੌਲ ਵਿੱਚ ਦਲਿਤ ਅਤੇ ਮੁਸਲਮਾਨ ਇਜ਼ਤ ਨਾਲ ਰਹਿ ਸਕਦੇ ਹਨ?’
ਮਮਤਾ ਨੇ ਮੋਦੀ ਅਤੇ ਸ਼ਾਹ ਨੂੰ ਗੁੰਡੇ ਤੱਕ ਕਹਿ ਦਿੱਤਾ। ਉਨ੍ਹਾਂ ਨੇ ਕਿਹਾ, ‘ਕੁਝ ਗੁੰਡੇ ਮਿਲ ਕੇ ਦੇਸ਼ ਚਲਾ ਰਹੇ ਹਨ। ਅਸੀਂ ਊਨ੍ਹਾਂ ਦੇ ਨੌਕਰ ਨਹੀਂ ਹਾਂ। ਕੋਈ ਕੀ ਖਾਵੇਗਾ ਅਤੇ ਕੀ ਪਹਿਨੇਗਾ,ਇਹੋ ਲੋਕ ਤੈਅ ਕਰ ਰਹੇ ਹਨ, ਜਦੋਂ ਕਿ ਬੀਜੇਪੀ ਨੇਤਾ ਹਜ਼ਾਰਾਂ ਦੀ ਸੰਖਿਆ ਵਿੱਚ ਭ੍ਰਿਸ਼ਟਾਚਾਰ ਕਰ ਰਹੇ ਹਨ। ਉਨ੍ਹਾਂ ਦੇ ਖਿਲਾਫ਼ ਸੀਬੀਆਈ ਅਤੇ ਈਡੀ ਕੋਈ ਕਾਰਵਾਈ ਨਹੀਂ ਕਰਦੀ। ਜੋ ਇਹ ਸੋਚ ਰਹੇ ਹਨ ਕਿ 2019 ਦੀ ਲੋਕਸਭਾ ਚੋਣ ਉਨ੍ਹਾਂ ਦੀ ਜੇਬ ਵਿੱਚ ਹੈ ਤਾਂ ਇਹ ਗੱਲਤ ਹੈ। ਉਨ੍ਹਾਂ ਦੀ ਜੇਬ ਵਿੱਚ ਬਹੁਤ ਵੱਡੀ ਮੋਰੀ ਹੋ ਚੁੱਕੀ ਹੈ। ਬੀਜੇਪੀ ਨੂੰ ਅਗਲੀਆਂ ਚੋਣਾਂ ਵਿੱਚ ਸਿਰਫ਼ 30% ਹੀ ਵੋਟ ਮਿਲਣਗੇ। ਬੀਜੇਪੀ ਨੂੰ ਸਤਾ ਤੋਂ ਹਟਾਉਣ ਦੀ ਚੁਣੌਤੀ ਉਨ੍ਹਾਂ ਨੂੰ ਸਵੀਕਾਰ ਹੈ।’
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਨੋਟਬੰਦੀ ਅਤੇ ਜੀਐਸਟੀ ਨੇ ਦੇਸ਼ ਦੀ ਅਰਥਵਿਵਸਥਾ ਨੂੰ ਅਪਾਹਜ ਬਣਾ ਦਿੱਤਾ ਹੈ। ਦੇਸ਼ ਵਿੱਚ ਜੀਡੀਪੀ ਵੀ ਹੇਠਲੇ ਪੱਧਰ ਤੇ ਪਹੁੰਚ ਗਈ ਹੈ। ਦੇਸ਼ ਵਿੱਚ ਬੇਰੁਜ਼ਗਾਰੀ ਵੱਧ ਰਹੀ ਹੈ। ਬੀਜੇਪੀ ਦੇ ਰਾਜ ਵਿੱਚ ਵਿਆਪਮ ਵਰਗੇ ਹਜ਼ਾਰਾਂ ਕਰੋੜ ਦੇ ਘੋਟਾਲੇ ਹੋਏ ਹਨ। ਇਨ੍ਹਾਂ ਘੋਟਾਲਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਬੀਜੇਪੀ ਗਾਂ ਦੇ ਨਾਮ ਤੇ ਲੋਕਾਂ ਤੇ ਅੱਤਿਆਚਾਰ ਕਰ ਰਹੀ ਹੈ।