ਨਵੀਂ ਦਿੱਲੀ – ਪਾਕਿਸਤਾਨ ਅਤੇ ਚੀਨ ਦੇ ਨਾਲ ਸੀਮਾ ਤੇ ਚੱਲ ਰਹੇ ਤਣਾਅ ਦਰਮਿਆਨ ਕੈਗ ਦੁਆਰਾ ਦਿੱਤੀ ਗਈ ਰਿਪੋਰਟ ਨੇ ਸੱਭ ਨੂੰ ਹੈਰਾਨ ਕਰ ਦਿੱਤਾ ਹੈ। ਕੈਗ ਦੀ ਰਿਪੋਰਟ ਅਨੁਸਾਰ ਭਾਰਤੀ ਸੈਨਾ ਦੇ ਕੋਲ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਦਸ ਦਿਨਾਂ ਦਾ ਵੀ ਗੋਲਾ-ਬਾਰੂਦ ਨਹੀਂ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੈਨਾ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਹੋਣ ਲਈ ਅਜੇ ਵੀ ਦੋ ਸਾਲ ਦਾ ਸਮਾਂ ਲਗ ਸਕਦਾ ਹੈ।
ਕੈਗ ਅਨੁਸਾਰ ਸੰਸਦ ਵਿੱਚ ਪੇਸ਼ ਕੀਤੀ ਗਈ ਰਿਪੋਰਟ ਵਿੱਚ ਸਪੱਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਮਾਰਚ 2013 ਵਿੱਚ ਸੈਨਾ ਕੋਲ ਹੱਥਿਆਰਾਂ ਦੀ ਗੁਣਵਤਾ ਅਤੇ ਉਪਲੱਭਤਾ ਨੂੰ ਵਧਾਉਣ ਦੇ ਲਈ ਕੋਈ ਠੋਸ ਬਦਲਾਅ ਨਹੀਂ ਆਇਆ ਹੈ। 2013 ਵਿੱਚ ਹੀ ਆਰਡੀਨੈਂਸ ਫੈਕਟਰੀ ਬੋਰਡ ਨੇ ਸਪਲਾਈ ਕੀਤੇ ਜਾਣ ਵਾਲੇ ਗੋਲਾ ਬਾਰੂਦ ਦੀ ਗੁਣਵਤਾ ਅਤੇ ਘਾਟ ਵੱਲ ਧਿਆਨ ਦਿਵਾਇਆ ਸੀ ਪਰ ਇਸ ਤਰਫ਼ ਕੋਈ ਯੋਗ ਕਦਮ ਨਹੀਂ ਉਠਾਇਆ ਗਿਆ। ਹੱਥਿਆਰਾਂ ਸਬੰਧੀ ਜੋ ਸੌਦੇ ਹੋਏ ਸਨ, ਉਨ੍ਹਾਂ ਵਿੱਚੋਂ ਵੀ ਜਿਆਦਾਤਰ 2017 ਤੱਕ ਪੂਰੇ ਨਹੀਂ ਹੋ ਸਕੇ।
ਕੈਗ ਨੇ ਸਤੰਬਰ 2016 ਵਿੱਚ ਵੀ ਦੱਸਿਆ ਸੀ ਕਿ 40 ਦਿਨਾਂ ਦੇ ਮਾਪਦੰਡ ਤੇ ਸਿਰਫ਼ 20% ਗੋਲਾ ਬਾਰੂਦ ਹੀ ਖਰਾ ਉਤਰਿਆ ਸੀ। 55% ਗੋਲਾ ਬਾਰੂਦ ਅਜਿਹਾ ਸੀ ਜੋ ਕਿ 20 ਦਿਨ ਦੇ ਹੇਠਲੇ ਲੈਵਲ ਤੋਂ ਵੀ ਘੱਟ ਸੀ। ਦਸ ਦਿਨਾਂ ਤੋਂ ਵੀ ਘੱਟ ਸਮੇਂ ਦੇ ਲਈ ਗੋਲਾ ਬਾਰੂਦ ਦੀ ਉਪਲੱਭਤਾ ਨੂੰ ਬਹੁਤ ਹੀ ਚਿੰਤਾਜਨਕ ਮੰਨਿਆ ਗਿਆ ਹੈ।